ਬਾਘਾ ਪੁਰਾਣਾ, (ਗੋਪੀ, ਕਸ਼ਿਸ਼)- ਬਾਘਾ ਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਦੌਰਾਨ ਹੋਈ ਕਥਿਤ ਧਾਂਦਲੀ ਦੇ ਮਾਮਲੇ ਵਿੱਚ ਮਾਣਯੋਗ ਹਾਈਕੋਰਟ ਵੱਲੋਂ ਅਹਿਮ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ 17 ਮਾਰਚ ਨੂੰ ਹੋਈ ਚੋਣ ਨੂੰ ਰੱਦ ਕਰਦਿਆਂ 28 ਮਾਰਚ ਨੂੰ ਮੁੜ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੋਣ ਦੀ ਪੂਰੀ ਵੀਡੀਓਗ੍ਰਾਫੀ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ, ਤਾਂ ਜੋ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਈ ਜਾ ਸਕੇ।
ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਸੱਤਾਧਾਰੀ ਪਾਰਟੀ ’ਤੇ ਚੋਣ ਦੌਰਾਨ ਧੱਕੇਸ਼ਾਹੀ ਅਤੇ ਗਲਤ ਤਰੀਕਿਆਂ ਨਾਲ ਚੋਣ ਕਰਵਾਉਣ ਦੇ ਦੋਸ਼ ਲਗਾਏ ਗਏ ਸਨ। ਇਸ ਦੇ ਮੱਦੇਨਜ਼ਰ ਜਥੇਦਾਰ ਮਾਹਲਾ ਨੇ ਮਾਣਯੋਗ ਹਾਈਕੋਰਟ ਦਾ ਰੁਖ ਕੀਤਾ ਸੀ, ਜਿਸ ’ਤੇ ਹੁਣ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਦੂਜੇ ਪਾਸੇ, ਇਸ ਮਾਮਲੇ ਨੇ ਉਸ ਵੇਲੇ ਹੋਰ ਤੀਬਰ ਰੂਪ ਧਾਰ ਲਿਆ ਸੀ ਜਦੋਂ ਐਸ.ਡੀ.ਐਮ ਬਾਘਾ ਪੁਰਾਣਾ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਉੱਤੇ ਦਬਾਅ ਬਣਾ ਕੇ ਚੋਣ ਕਰਵਾਉਣ ਦੇ ਦੋਸ਼ ਲਗਾਉਂਦਿਆਂ ਚੀਫ ਸੈਕਟਰੀ ਨੂੰ ਸ਼ਿਕਾਇਤ ਭੇਜੀ ਗਈ ਸੀ। ਹਾਲਾਂਕਿ, ਇਸ ਸ਼ਿਕਾਇਤ ਦੀ ਕਾਪੀ ਲੀਕ ਹੋਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਐਸ.ਡੀ.ਐਮ ਨੂੰ ਫਟਕਾਰ ਵੀ ਲਗਾਈ ਗਈ ਹੈ।
ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਚੋਣ ਦੇ ਦਿਨ ਹਲਕਾ ਵਿਧਾਇਕ ਵੱਲੋਂ ਆਪਣੇ ਤੌਰ ’ਤੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰਕੇ ਉਨ੍ਹਾਂ ਨੂੰ ਹਾਰ ਤੱਕ ਪਾ ਦਿੱਤੇ ਗਏ ਸਨ ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਚੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ। ਇਸ ਕਾਰਨ ਪੂਰਾ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਨਾਲ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ 28 ਮਾਰਚ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣ ਹੋਵੇਗੀ ਅਤੇ ਲੋਕਤੰਤਰ ਦੀ ਮਰਿਆਦਾ ਕਾਇਮ ਰਹੇਗੀ। ਇਸ ਫੈਸਲੇ ਤੋਂ ਬਾਅਦ ਇਲਾਕੇ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ ਅਤੇ ਸਾਰੇ ਧਿਰਾਂ ਦੀ ਨਿਗਾਹ ਹੁਣ 28 ਮਾਰਚ ਨੂੰ ਹੋਣ ਵਾਲੀ ਚੋਣ ’ਤੇ ਟਿਕ ਗਈ ਹੈ।
ਰਾਜਗੜ੍ਹ 'ਚ ਖ਼ੁਦਕੁਸ਼ੀ ਮਾਮਲਾ: ਕਾਂਗਰਸ ਨੇ ਬਰਨਾਲਾ ਪ੍ਰਸ਼ਾਸਨ ਨੂੰ ਦਿੱਤਾ 2 ਦਿਨਾਂ ਦਾ ਅਲਟੀਮੇਟਮ
NEXT STORY