ਬਾਘਾ ਪੁਰਾਣਾ (ਵੈੱਬ ਡੈਸਕ) : ਬਾਘਾ ਪੁਰਾਣਾ ਯਾਨੀ ਚੋਣ ਕਮਿਸ਼ਨ ਦੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਲਿਸਟ ਵਿਚ ਹਲਕਾ ਨੰਬਰ-72। ਰਵਾਇਤੀ ਤੌਰ 'ਤੇ ਇਹ ਹਲਕਾ ਅਕਾਲੀ ਦਲ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਅਕਾਲੀ ਦਲ ਦਾ ਪ੍ਰਭਾਵ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ ਹੈ। ਇਸ ਸੀਟ 'ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ 3 ਵਾਰ ਅਕਾਲੀ ਦਲ ਜੇਤੂ ਰਹਿ ਚੁੱਕਾ ਹੈ। ਅਕਾਲੀ ਦਲ ਨੇ ਇਸ ਸੀਟ 'ਤੇ 1997, 2002 ਅਤੇ 2012 ਵਿਚ ਜਿੱਤ ਦਰਜ ਕੀਤੀ ਹੈ। ਜਦਕਿ ਇਕ ਵਾਰ ਇਸ ਸੀਟ 'ਤੇ ਕਾਂਗਰਸ ਅਤੇ ਇਕ ਵਾਰ ਜਨਤਾ ਦਲ ਜੇਤੂ ਰਹਿ ਚੁੱਕਾ ਹੈ।
ਹਲਕਾ ਬਾਘਾ ਪੁਰਾਣਾ ਦਾ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦਾ ਇਤਿਹਾਸ
1997 ਅਤੇ 2002 ਵਿਚ ਲਗਾਤਾਰ ਦੋ ਵਾਰ ਅਕਾਲੀ ਦਲ ਦੇ ਸਾਧੂ ਸਿੰਘ ਰਾਜੇਆਣਾ ਇਥੇ ਜੇਤੂ ਰਹਿ ਚੁੱਕੇ ਹਨ। 2007 ਵਿਚ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਜਦਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਕਾਂਗਰਸ ਦੇ ਦਰਸ਼ਨ ਬਰਾੜ ਨੂੰ ਹਰਾ ਕੇ 10574 ਵੋਟਾਂ ਦੇ ਫਰਕ ਨਾਲ ਜੇਤੂ ਰਹੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁਕਾਬਲਾ ਤਿਕੋਣਾ ਹੋ ਗਿਆ। ਭਾਵੇਂ ਇਥੇ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ ਜੇਤੂ ਰਹੇ ਪਰ ਇਥੇ ਅਕਾਲੀ ਦਲ ਦੂਜੇ ਤੋਂ ਖਿਸਕ ਕੇ ਤੀਜੇ ਨੰਬਰ 'ਤੇ ਜਾ ਪਹੁੰਚਿਆ। ਇਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ ਨੂੰ 48668, ਆਮ ਆਦਮੀ ਪਾਰਟੀ ਦੇ ਗੁਰਬਿੰਦਰ ਸਿੰਘ ਕੰਗ ਨੂੰ 41418 ਜਦਕਿ ਅਕਾਲੀ ਦਲ ਤੀਰਥ ਸਿੰਘ ਮਾਹਲਾ ਨੂੰ 41283 ਹਾਸਲ ਹੋਈਆ ਜਦਕਿ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ 7250 ਵੋਟਾਂ ਦੇ ਫਰਕ ਨਾਲ ਇਥੇ ਜੇਤੂ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਹਲਕਾ ਬਾਘਾਪੁਰਾਣਾ ਤੋਂ ਕਾਂਗਰਸ ਵਲੋਂ ਮੁੜ ਦਰਸ਼ਨ ਸਿੰਘ ਬਰਾੜ, ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਕਾਲੀ ਦਲ ਵਲੋਂ ਤੀਰਥ ਸਿੰਘ ਮੱਲ੍ਹਾ, ਸੰਯੁਕਤ ਸਮਾਜ ਮੋਰਚੇ ਵਲੋਂ ਭੋਲਾ ਸਿੰਘ ਬਰਾੜ ਅਤੇ ਅਕਾਲੀ ਦਲ ਸੰਯੁਕਤ ਵਲੋਂ ਜਗਤਾਰ ਸਿੰਘ ਰਾਜੇਆਣਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 172120 ਵੋਟਰ ਹਨ, ਜਿਨ੍ਹਾਂ 'ਚੋਂ 80038 ਪੁਰਸ਼ ਅਤੇ 92077 ਮਹਿਲਾ ਵੋਟਰ ਅਤੇ 5 ਥਰਡ ਜੈਂਡਰ ਹਨ।
ਵਿਧਾਨ ਸਭਾ ਚੋਣਾਂ : ਜਾਣੋ ਕੀ ਹੈ ਹਲਕਾ ਨਿਹਾਲ ਸਿੰਘ ਵਾਲਾ ਦਾ ਪਿਛਲੇ 25 ਸਾਲ ਦਾ ਇਤਿਹਾਸ
NEXT STORY