ਲੁਧਿਆਣਾ (ਰਾਜ)-ਚੌਂਕੀ ਰਾਮਗੜ੍ਹ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਕਾਨੂੰਨ ਅਤੇ ਅਦਾਲਤੀ ਹੁਕਮਾਂ ਨੂੰ ਟਿੱਚ ਜਾਣ ਕੇ ਮਾਈਨਿੰਗ ਮਾਫ਼ੀਆ ਤਾਂਡਵ ਮਚਾ ਰਿਹਾ ਹੈ। ਪਿੰਡ ਬੁੱਢੇਵਾਲ ਵਿੱਚ ਸਥਿਤ ਵਿਵਾਦਤ ਪਰਲ ਗਰੁੱਪ ਦੀ ਕਈ ਏਕੜ ਬੇਸ਼ਕੀਮਤੀ ਜ਼ਮੀਨ, ਜਿਸ 'ਤੇ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦਾ ਸਟੇਅ ਲੱਗਿਆ ਹੋਇਆ ਹੈ, ਉੱਥੇ ਰਾਤ ਦੇ ਸੰਨਾਟੇ ਵਿੱਚ ਮਾਫ਼ੀਆ ਸ਼ਰੇਆਮ ਖੁਦਾਈ ਕਰਕੇ ਜ਼ਮੀਨਾਂ ਦੀ ਹਿੱਕ ਛਲਣੀ ਕਰ ਰਿਹਾ ਹੈ ਤੇ ਨਾਜਾਇਜ਼ ਮਾਈਨਿੰਗ ਕਰਕੇ ਮਿੱਟੀ ਕੱਢੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਖੇਡ ਪੁਲਸ ਚੌਂਕੀ ਦੇ ਬਿਲਕੁਲ ਕੋਲ ਹੋ ਰਿਹਾ ਹੈ ਪਰ ਖਾਕੀ ਅਤੇ ਮਾਈਨਿੰਗ ਵਿਭਾਗ ਨੇ ਆਪਣੀਆਂ ਅੱਖਾਂ ’ਤੇ ਪੱਟੀ ਬੰਨ੍ਹ ਲਈ ਹੈ। ਦਰਅਸਲ ਪਰਲ ਗਰੁੱਪ ਨੇ ਪੰਜਾਬ ਦੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ। ਗਰੁੱਪ ਵੱਲੋਂ ਲੋਕਾਂ ਨਾਲ ਕੀਤੀ ਠੱਗੀ ਦੇ ਪੈਸਿਆਂ ਨਾਲ ਪੂਰੇ ਪੰਜਾਬ ਵਿੱਚ ਕਈ ਜ਼ਮੀਨਾਂ ਖਰੀਦੀਆਂ ਗਈਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਅਜਿਹੀ ਹੀ ਲੁਧਿਆਣਾ ਦੇ ਪਿੰਡ ਬੁੱਢੇਵਾਲ ਵਿੱਚ ਵੀ ਪਰਲ ਗਰੁੱਪ ਦੀ ਕਈ ਏਕੜ ਜ਼ਮੀਨ ਪਈ ਹੋਈ ਹੈ ਪਰ ਪਰਲ ਗਰੁੱਪ ਦੀਆਂ ਜ਼ਮੀਨਾਂ ਨੂੰ ਲੈ ਕੇ ਅਦਾਲਤਾਂ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਠੱਗੀ ਦਾ ਸ਼ਿਕਾਰ ਹੋਏ ਲੱਖਾਂ ਲੋਕਾਂ ਦੇ ਪੈਸਿਆਂ ਦੀ ਭਰਪਾਈ ਕੀਤੀ ਜਾ ਸਕੇ ਪਰ ਪੁਲਸ ਪ੍ਰਸ਼ਾਸਨ ਦੀ ਸੁਸਤੀ ਤੇ ਮਾਈਨਿੰਗ ਵਿਭਾਗ ਦੀ ਕਥਿਤ ਮਿਲੀਭੁਗਤ ਕਾਰਨ ਮਾਫ਼ੀਆ ਨੇ ਇੱਥੇ ਕਈ ਏਕੜ ਜ਼ਮੀਨ ਵਿੱਚ ਡੂੰਘੇ ਟੋਏ ਪੁੱਟ ਦਿੱਤੇ ਹਨ।

ਸੂਤਰਾਂ ਦੀ ਮੰਨੀਏ ਤਾਂ ਰਾਤ ਹੁੰਦੇ ਹੀ ਇੱਥੇ ਮਸ਼ੀਨਾਂ ਦਾ ਸ਼ੋਰ ਗੂੰਜਣ ਲੱਗਦਾ ਹੈ ਅਤੇ ਰੋਜ਼ਾਨਾ 100 ਤੋਂ 150 ਟਿੱਪਰ ਮਿੱਟੀ ਚੋਰੀ ਕਰਕੇ ਕੱਢੀ ਜਾ ਰਹੀ ਹੈ ਤੇ ਫਿਰ ਉੱਥੋਂ ਉੱਚੇ ਭਾਅ ’ਤੇ ਵੇਚ ਕੇ ਹਰ ਰੋਜ਼ ਲੱਖਾਂ ਦੀ ਕਮਾਈ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਚਰਚਾ ਹੈ ਕਿ ਇਹ ਸਾਰਾ ਨਾਜਾਇਜ਼ ਕਾਰੋਬਾਰ ਕਿਸੇ ਸਫ਼ੈਦਪੋਸ਼ ਸਿਆਸਤਦਾਨ ਜਾਂ ਵੱਡੇ ਅਧਿਕਾਰੀਆਂ ਦੀ ਸ਼ਹਿ ਤੋਂ ਬਿਨਾਂ ਮੁਮਕਿਨ ਨਹੀਂ। ਇਹ ਸਿੱਧੇ ਤੌਰ ’ਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਖੇਡ ਪਿੱਛੇ ਉਹੀ ਪੁਰਾਣਾ ਰੇਤ ਮਾਫ਼ੀਆ ਸਰਗਰਮ ਹੈ, ਜਿਨ੍ਹਾਂ ’ਤੇ ਪਹਿਲਾਂ ਵੀ ਰੇਤ ਚੋਰੀ ਦੇ ਮਾਮਲੇ ਦਰਜ ਹਨ। ਇਸ ਦੇ ਬਾਵਜੂਦ, ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਸਰਕਾਰੀ ਅਤੇ ਅਦਾਲਤੀ ਜਾਇਦਾਦ ਨੂੰ ਲੁੱਟਣ ਵਿੱਚ ਜ਼ਰਾ ਵੀ ਗੁਰੇਜ਼ ਨਹੀਂ ਕਰ ਰਹੇ।
ਇਹ ਵੀ ਪੜ੍ਹੋ: ਅਕਾਲੀ ਦਲ ਨੇ ਖਿੱਚੀ 2027 ਦੀ ਤਿਆਰੀ, ਚੋਣਾਂ ਲਈ ਇਕ ਹੋਰ ਉਮੀਦਵਾਰ ਦਾ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
NEXT STORY