ਮੰਡੀ ਗੋਬਿੰਦਗੜ੍ਹ (ਸੁਰੇਸ਼) - ਪੰਜਾਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ’ਚ ਜੀ. ਐੱਸ. ਟੀ. ਵਿਭਾਗ ਦੇ ਇਕ ਅਧਿਕਾਰੀ ਨੂੰ ਲੈ ਕੇ ਵਪਾਰੀਆਂ ’ਚ ਰੋਸ ਹੈ। ਲੋਹਾ ਕਾਰੋਬਾਰੀਆਂ ਦਾ ਦੋਸ਼ ਹੈ ਕਿ ਇਸ ਅਧਿਕਾਰੀ ਦੇ ਕਹਿਣ ’ਤੇ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਬਾਹਰੀ ਸੂਬਿਆਂ ਤੋਂ ਆਉਣ ਵਾਲੀ ਆਇਰਨ ਸਕ੍ਰੈਪ ਨਾਲ ਲੱਦੀਆਂ ਗੱਡੀਆਂ ਨੂੰ ਰਸਤੇ ’ਚ ਹੀ ਨਹੀਂ, ਸਗੋਂ ਕਈ ਵਾਰ ਅੱਧੀ ਰਾਤ ਨੂੰ ਫਰਨੈਸ ਇਕਾਈਆਂ ਦੇ ਅੰਦਰ ਪਹੁੰਚ ਕੇ ਰੋਕ ਕੇ ਭਾਰੀ ਜੁਰਮਾਨੇ ਲਾ ਰਹੇ ਹਨ। ਇਸ ਨਾਲ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀਆਂ ’ਚ ਡਰ ਦਾ ਮਾਹੌਲ ਬਣ ਗਿਆ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਇਹ ਕਹਿ ਕੇ ਕਾਰਵਾਈ ਕਰ ਰਹੇ ਹਨ ਕਿ ਸੰਬੰਧਤ ਮਾਲ ਦੇ ਪਹਿਲੇ ਸਪਲਾਇਰ ਨੇ ਜੀ. ਐੱਸ. ਟੀ. ਜਮ੍ਹਾ ਨਹੀਂ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸਪਲਾਇਰ ਨੇ ਟੈਕਸ ਜਮ੍ਹਾ ਕੀਤਾ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਖਰੀਦਦਾਰ ਕੋਲ ਉਪਲਬਧ ਨਹੀਂ ਹੁੰਦੀ ਜਿਸ ਨਾਲ ਇਸ ਦੀ ਪੁਸ਼ਟੀ ਕੀਤੀ ਜਾ ਸਕੇ। ਅਜਿਹੇ ’ਚ ਖਰੀਦਦਾਰ ਨੂੰ ਸਪਲਾਇਰ ਦੀ ਗਲਤੀ ਲਈ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ। ਅਧਿਕਾਰੀ ਵਪਾਰੀਆਂ ਦੀ ਕੋਈ ਦਲੀਲ ਸੁਣਨ ਨੂੰ ਤਿਆਰ ਨਹੀਂ ਹਨ।
ਲੋਹਾ ਵਪਾਰੀਆਂ ਨੇ ਕਿਹਾ ਕਿ ਜੇਕਰ ਇਹੋ ਸਥਿਤੀ ਬਣੀ ਰਹੀ ਤਾਂ ਲੋਹਾ ਬਣਾਉਣ ਵਾਲੀਆਂ ਫੈਕਟਰੀਆਂ ਪੰਜਾਬ ਛੱਡ ਕੇ ਹੋਰ ਰਾਜਾਂ ’ਚ ਸ਼ਿਫਟ ਹੋ ਸਕਦੀਆਂ ਹਨ। ਇਸ ਨਾਲ ਲੱਖਾਂ ਲੋਕਾਂ ਦੇ ਰੋਜ਼ਗਾਰ ’ਤੇ ਅਸਰ ਪਵੇਗਾ ਅਤੇ ਰਾਜ ਦੇ ਮਾਲੀਏ ’ਚ ਕਮੀ ਆਵੇਗੀ।
ਵਪਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੀ. ਐੱਸ. ਟੀ. ਅਧਿਕਾਰੀਆਂ ਨੂੰ ਸਪੱਸ਼ਟ ਗਾਈਡਲਾਈਨ ਜਾਰੀ ਕੀਤੀ ਜਾਵੇ। ਜੇਕਰ ਵਪਾਰੀ ਕੋਲ ਨਿਰਧਾਰਿਤ ਦਸਤਾਵੇਜ਼ ਮੌਜੂਦ ਹਨ ਤਾਂ ਉਸ ਦੀ ਗੱਡੀ ਨੂੰ ਨਾ ਰੋਕਿਆ ਜਾਵੇ। ਉਨ੍ਹਾਂ ਸਰਕਾਰ ਤੋਂ ਵਪਾਰੀਆਂ ਅਤੇ ਪ੍ਰਸ਼ਾਸਨ ਵਿਚਾਲੇ ਬਿਹਤਰ ਤਾਲਮੇਲ ਸਥਾਪਤ ਕਰ ਕੇ ਉਦਯੋਗ ਹਿਤ ’ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਦਾ ਬਦਲੇਗਾ ਚਿਹਰਾ! ਸਲਮਾਨ ਖਾਨ ਤੇ GB ਰਿਐਲਟੀ ਨੇ ਕੀਤਾ ਵੱਡਾ ਐਲਾਨ
NEXT STORY