ਫ਼ਰੀਦਕੋਟ(ਰਾਜਨ)- ਸੀ.ਆਈ.ਸਟਾਫ਼ ਦੀ ਬੈਰਕ ਦੀ ਕੰਧ 'ਤੇ ਜਸਪਾਲ ਸਿੰਘ ਵੱਲੋਂ ਆਪਣੀ ਮੌਤ ਲਈ ਜਿੰਮੇਵਾਰ ਦੇ ਨਾਮ ਲਿਖਣ ਉਪ੍ਰੰਤ ਫ਼ਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੇ ਮਾਮਲੇ ਵਿਚ ਜ਼ਿਲਾ ਪੁਲਸ ਵੱਲੋਂ ਪਰਵਿੰਦਰ ਕੌਰ ਵਾਸੀ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨ ਦਾ ਪੁਲਸ ਰੀਮਾਂਡ ਲੈ ਕੇ ਪੁੱਛ ਗਿੱਛ ਜਾਰੀ ਹੈ। ਪੁਲਸ ਸੂਤਰਾਂ ਅਨੁਸਾਰ ਪੁਲਸ ਰਿਮਾਂਡ ਖਤਮ ਹੋਂਣ ਦੀ ਸੂਰਤ ਵਿਚ ਇਸ ਨੂੰ 27 ਮਈ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਪੁਲਸ ਵੱਲੋਂ ਜਸਪਾਲ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸਨੂੰ ਹੁਣ ਮਰਨ ਲਈ ਮਜ਼ਬੂਰ ਕਰਨ ਵਾਲੀ ਧਾਰਾ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋ ਪੁਲਸ ਮੁਲਾਜ਼ਮਾਂ ਦਰਸ਼ਨ ਸਿੰਘ ਅਤੇ ਸੁਖਮੰਦਰ ਸਿੰਘ ਜਿੰਨ੍ਹਾਂ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਮ੍ਰਿਤਕ ਸੀ. ਆਈ. ਏ. ਸਟਾਫ ਮੁਖੀ ਨਰਿੰਦਰ ਸਿੰਘ ਦਾ ਸਾਥ ਦਿੱਤਾ ਨੂੰ ਵੀ ਉਕਤ ਕਥਿਤ ਦੋਸ਼ਣ ਸਮੇਤ ਮਾਨਯੋਗ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਹ ਦੋਨੋਂ ਵੀ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਚੱਲ ਰਹੇ ਹਨ।
ਜੱਥੇਬੰਦੀਆਂ ਦੇ ਸਹਿਯੋਗ ਨਾਲ ਵਾਰਿਸਾਂ ਵੱਲੋਂ ਧਰਨਾ ਜਾਰੀ
ਮ੍ਰਿਤਕ ਜਸਪਾਲ ਸਿੰਘ ਦੇ ਵਾਰਸਾਂ ਦਾ ਇਹ ਕਹਿਣਾ ਹੈ ਕਿ ਜਸਪਾਲ ਸਿੰਘ ਦੀ ਲਾਸ਼ ਜਲਦ ਤੋਂ ਜਲਦ ਉਹਨਾ ਹਵਾਲੇ ਕੀਤੀ ਜਾਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇੰਨਸਾਫ਼ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਅਤੇ ਹੋਰਨਾ ਜੱਥੇਬਦੀਆਂ ਦਾ ਦਬਾਅ ਦਿਨ ਪ੍ਰਤੀ ਦਿਨ ਪੁਲਸ ਪ੍ਰਸਾਸ਼ਨ ਲਈ ਚੁਨੌਤੀ ਬਣਦਾ ਜਾ ਰਿਹਾ ਹੈ ਜਦਕਿ ਪੁਲਸ ਪ੍ਰਸਾਸ਼ਨ ਦੀ ਕਈ ਦਿਨਾਂ ਦੀ ਜੱਦੋ ਜ਼ਹਿਦ ਉਪ੍ਰੰਤ ਵੀ ਲਾਸ਼ ਦੀ ਬਰਾਮਦਗੀ ਨਹੀਂ ਹੋ ਸਕੀ ਹੈ। ਇਸਦਾ ਦੂਸਰਾ ਪਹਿਲੂ ਇਹ ਹੈ ਕਿ ਜਸਪਾਲ ਸਿੰਘ ਦੇ ਵਾਰਸਾਂ ਵੱਲੋਂ ਇੰਨਸਾਫ਼ ਦੀ ਮੰਗ ਨੂੰ ਲੈ ਕੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਸਥਿੱਤ ਜ਼ਿਲ੍ਹਾ ਪੁਲਸ ਮੁਖੀ ਦੇ ਦਫਤਰ ਮੁਹਰੇ ਧਰਨਾ ਲਗਾਤਾਰ ਜਾਰੀ ਹੈ ਅਤੇ ਐਕਸ਼ਨ ਕਮੇਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਕਿਸੇ ਸੀਟਿੰਗ ਜੱਜ ਕੋਲੋਂ ਜਾਂਚ ਕਰਵਾਈ ਜਾਵੇ ਅਤੇ ਫ਼ੈਸਲਾ ਵੀ ਜਲਦ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਆਤਮ ਹੱਤਿਆ ਕਰਨ ਵਾਲੇ ਸੀ.ਆਈ.ਏ ਸਟਾਫ਼ ਮੁਖੀ ਨਰਿੰਦਰ ਸਿੰਘ ਦੀਆ ਫ਼ੋਨ ਕਾਲਾਂ ਵੀ ਜਨਤਕ ਕੀਤੀਆਂ ਜਾਣ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸਨੇ ਜਸਪਾਲ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈਣ ਤੋਂ ਲੈ ਕੇ ਆਤਮ ਹੱਤਿਆ ਕਰਨ ਤੱਕ ਕਿਸ ਕਿਸ ਨਾਲ ਗੱਲ ਕੀਤੀ।
ਪੁਲਸ ਪ੍ਰਸਾਸ਼ਨ ਵੱਲੋਂ ਲਾਸ਼ ਦੀ ਭਾਲ ਜਾਰੀ
ਜਿੱਥੋਂ ਤੱਕ ਪੁਲਸ ਪ੍ਰਸਾਸ਼ਨ ਦਾ ਸਵਾਲ ਹੈ ਸੀ.ਆਈ. ਏ. ਸਟਾਫ ਮੁਖੀ ਨਰਿੰਦਰ ਸਿੰਘ ਨੇ ਆਪਣੇ ਦੋ ਸਾਥੀ ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਜਸਪਾਲ ਸਿੰਘ ਦੀ ਲਾਸ਼ ਨੂੰ ਨਹਿਰ ਵਿਚ ਸੁੱਟੇ ਜਾਣ ਦੇ ਅੰਦੇਸ਼ੇ ਨੂੰ ਲੈ ਕੇ ਵੱਡੀ ਪੱਧਰ 'ਤੇ ਨਹਿਰਾਂ ਵਿਚੋਂ ਲਾਸ਼ ਲੱਭਣ ਲਈ ਸਰਚ ਅਭਿਆਨ ਚਲਾਇਆ ਗਿਆ ਹੈ ਤਾ ਜੋ ਅਮਨ ਅਤੇ ਕਾਨੂੰਨ ਦੀ ਬਰਕਾਰ ਰੱਖਿਆ ਜਾ ਸਕੇ ਪਰ ਜਿੱਥੋਂ ਤੱਕ ਇਸ ਮਾਮਲੇ ਵਿਚ ਵਧ ਰਹੇ ਜੱਥੇਬੰਦੀਆਂ ਦੇ ਦਬਾਅ ਦੀ ਗੱਲ ਹੈ ਪੁਲਸ ਪ੍ਰਸਾਸ਼ਨ ਨੂੰ ਲਗਾਤਾਰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਪ੍ਰਸਾਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ ਹੁਣ ਤੱਕ ਮਚਾਕੀ ਕਲਾਂ ਤੋਂ ਮਸੀਤਾ ਤੱਕ ਨਹਿਰਾਂ ਵਿਚ ਭਾਲ ਕੀਤੀ ਗਈ ਹੈ ਅਤੇ ਹੁਣ ਇਸ ਤੋਂ ਅੱਗੇ ਸਰਚ ਪਾਰਟੀਆਂ ਦੀ ਕਾਰਵਾਈ ਜਾਰੀ ਹੈ।
ਕੋਈ ਸਿਆਸੀ ਆਗੂ ਪੀੜਤ ਪਰਿਵਾਰ ਦੇ ਹੰਝੂ ਪੂੰਝਣ ਨਹੀਂ ਬਹੁੜਿਆ
ਬੀਤੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਮ੍ਰਿਤਕ ਜਸਪਾਲ ਸਿੰਘ ਦੇ ਵਾਰਸਾਂ ਦੇ ਹੰਝੂਆਂ ਦੀ ਝੜੀ ਲਗਾਤਾਰ ਜਾਰੀ ਹੋਂਣ ਦੇ ਬਾਵਜੂਦ ਅਜੇ ਤੱਕ ਕੋਈ ਸੱਤਾਧਾਰੀ ਆਗੂ ਇਸ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਨ ਲਈ ਨਹੀਂ ਬਹੁੜਿਆ, ਇਸਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਹੈਰਾਨੀ ਦਾ ਮਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਪਤਵੰਤੇ ਲੋਕਾਂ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਕਿ ਪੀੜਤ ਪਰਿਵਾਰ ਦੀ ਹਮਾਇਤ ਦੇ ਰੂਪ ਵਿਚ ਚੱਲ ਰਿਹਾ ਸੰਘਰਸ਼ ਪੰਜਾਬ ਪੱਧਰ 'ਤੇ ਗੰਭੀਰ ਸਥਿਤੀ ਧਾਰਣ ਕਰ ਲਵੇ, ਉਹ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਕੇ ਕਈ ਦਿਨਾਂ ਤੋਂ ਵਿਰਲਾਪ ਕਰ ਰਹੇ ਪਰਿਵਾਰ ਦੇ ਜ਼ਖਮਾਂ 'ਤੇ ਇੰਨਸਾਫ ਰੂਪੀ ਮਰਹਮ ਲਗਾਵੇ ਤਾਂ ਜੋ ਮਹੌਲ ਨੂੰ ਸੁਖਾਵਾਂ ਬਣਾਇਆ ਜਾ ਸਕੇ।
ਸ਼ੱਕੀ ਹਾਲਾਤ 'ਚ ਦੋ ਬੱਚਿਆ ਸਮੇਤ ਔਰਤ ਲਾਪਤਾ
NEXT STORY