ਚੰਡੀਗੜ੍ਹ, (ਅੰਕੁਰ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਸ ਨੇ ਉਨ੍ਹਾਂ ਦੀ ਰਿਹਾਇਸ਼ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਮਜੀਠੀਆ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਲੁੱਕ ਆਊਟ ਨੋਟਿਸ (ਐੱਲ.ਓ.ਸੀ.) ਜਾਰੀ ਕਰ ਦਿੱਤਾ ਗਿਆ ਹੈ। ਇਸ ਤਹਿਤ ਉਨ੍ਹਾਂ ਦੇ ਦੇਸ਼ ਛੱਡ ਕੇ ਬਾਹਰ ਜਾਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ, ਤਾਂ ਜੋ ਉਹ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵਿਦੇਸ਼ ਨਾ ਭੱਜ ਸਕਣ। ਦੇਸ਼ ਦੇ ਸਾਰੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਨੂੰ ਇਸ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਮਜੀਠਾ ਪੁਲਸ ਥਾਣੇ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਪੰਜਾਬ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ।
ਪੰਜਾਬ ਪੁਲਸ ਅਤੇ ਬਿਕਰਮ ਸਿੰਘ ਮਜੀਠੀਆ ਦੇ ਆਹਮੋ-ਸਾਹਮਣੇ ਆਉਣ ਦਾ ਕਾਰਨ ਨਗਰ ਨਿਗਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਹੋਇਆ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਝਗੜੇ ’ਚ ਸ਼ਾਮਲ ਇਕ ਅਕਾਲੀ ਵਰਕਰ ਜੋਬਨਜੀਤ ਸਿੰਘ ਨੂੰ ਪੁਲਸ ਉਸ ਦੇ ਘਰ ਤੋਂ ਚੁੱਕ ਕੇ ਲੈ ਗਈ ਸੀ, ਜਿਸ ਤੋਂ ਬਾਅਦ ਮਜੀਠੀਆ ਐਤਵਾਰ ਨੂੰ ਉਸ ਬਾਰੇ ਜਾਣਕਾਰੀ ਲੈਣ ਲਈ ਮਜੀਠਾ ਪੁਲਸ ਥਾਣੇ ਪਹੁੰਚੇ ਸਨ।
ਥਾਣੇ ਬਾਹਰ ਅਕਾਲੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਬੀਤੀ ਸ਼ਾਮ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਸ ਨੇ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ 12 ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਨੇ ਮਜੀਠੀਆ ਦੀ ਰਿਹਾਇਸ਼ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ।
ਮਜੀਠੀਆ ਦੇ ਵਕੀਲ ਦਮਨਵੀਰ ਸੋਬਤੀ ਨੇ ਦਾਅਵਾ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਅਕਾਲੀ ਵਰਕਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਥਾਣੇ ਗਏ ਸਨ। ਇਹ ਜਾਣਨਾ ਜ਼ਰੂਰੀ ਸੀ ਕਿ ਪੁਲਸ ਨੇ ਉਸ ਨੂੰ ਕਿਸ ਕਾਨੂੰਨ ਤਹਿਤ ਹਿਰਾਸਤ ’ਚ ਲਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਵਰਕਰ ਪੁਲਸ ਥਾਣੇ ਦੀ ਬਜਾਏ ਐੱਸ.ਐੱਚ.ਓ. ਦੇ ਘਰ ਦੇ ਇਕ ਕਮਰੇ ’ਚ ਮਿਲਿਆ। ਵਕੀਲ ਨੇ ਕਿਹਾ ਕਿ ਜੇ ਉਸ ਨੂੰ ਉੱਥੋਂ ਵਾਪਸ ਨਾ ਲਿਆਂਦਾ ਜਾਂਦਾ ਤਾਂ ਉਸ ਦਾ ਐਨਕਾਊਂਟਰ ਵੀ ਕੀਤਾ ਜਾ ਸਕਦਾ ਸੀ। ਮਜੀਠੀਆ ਖ਼ਿਲਾਫ਼ ਕਿਹੜੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। ਜਾਣਕਾਰੀ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗ੍ਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਦਾ JEE ਐਡਵਾਂਸ ’ਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ
NEXT STORY