ਲੁਧਿਆਣਾ (ਗਣੇਸ਼): ਸ਼ਹਿਰ ਦੇ ਨੂਰਵਾਲਾ ਰੋਡ 'ਤੇ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਬਕਾਇਆ ਰਕਮ ਦੇ ਵਿਵਾਦ ਨੇ ਅਚਾਨਕ ਖ਼ੂਨੀ ਰੂਪ ਧਾਰ ਲਿਆ। 10 ਤੋਂ 15 ਹਥਿਆਰਬੰਦ ਨੌਜਵਾਨਾਂ ਨੇ ਇਕ ਫਰਨੀਚਰ ਕਾਰੋਬਾਰੀ ਤੇ ਉਸ ਦੇ ਵੱਡੇ ਭਰਾ ਦੇ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ, ਕੁਝ ਸਮਾਂ ਪਹਿਲਾਂ ਇਕ ਮਹਿਲਾ ਵੱਲੋਂ ਉਨ੍ਹਾਂ ਤੋਂ ਫਰਨੀਚਰ ਖਰੀਦਿਆ ਗਿਆ ਸੀ, ਜਿਸ ਦੀ ਬਾਕੀ ਰਕਮ ਕਿਸ਼ਤਾਂ ਵਿਚ ਦਿੱਤੀ ਜਾਣੀ ਸੀ। ਮੰਗਲਵਾਰ ਨੂੰ ਉਕਤ ਮਹਿਲਾ ਕਿਸੇ ਵਿਵਾਦ ਨੂੰ ਲੈ ਕੇ ਫਰਨੀਚਰ ਦੀ ਦੁਕਾਨ 'ਤੇ ਪਹੁੰਚੀ ਤੇ ਉੱਥੇ ਮੌਜੂਦ ਪਰਿਵਾਰ ਦੇ ਮੈਂਬਰਾਂ ਨਾਲ ਕਥਿਤ ਤੌਰ 'ਤੇ ਗਾਲੀ-ਗਲੌਚ ਕਰਨ ਲੱਗ ਪਈ। ਕਾਰੋਬਾਰੀ ਦੇ ਭਤੀਜੇ ਨੇ ਉਸ ਨੂੰ ਆਰਾਮ ਨਾਲ ਗੱਲ ਕਰਨ ਲਈ ਕਿਹਾ।
ਦੋਸ਼ ਹੈ ਕਿ ਇਸ ਮਗਰੋਂ ਮਹਿਲਾ ਨੇ ਫ਼ੋਨ ਕਰ ਕੇ ਕੁਝ ਮੁੰਡਿਆਂ ਨੂੰ ਮੌਕੇ 'ਤੇ ਬੁਲਾ ਲਿਆ। ਮੌਕੇ ਦੇ ਗਵਾਹਾਂ ਮੁਤਾਬਕ, ਕੁਝ ਦੇਰ ਬਾਅਦ 10 ਤੋਂ 15 ਮੁੰਡੇ ਗਾਹਕ ਬਣ ਕੇ ਦੁਕਾਨ 'ਤੇ ਪਹੁੰਚੇ ਤੇ ਅਚਾਨਕ ਤੇਜ਼ਧਾਰ ਹਥਿਆਰ ਕੱਢ ਕੇ ਫਰਨੀਚਰ ਕਾਰੋਬਾਰੀ ਤੇ ਉਸ ਦੇ ਭਤੀਜੇ 'ਤੇ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੇ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵੱਲੋੰ ਦੋਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਸੀ. ਐੱਮ. ਸੀ. ਰੈਫ਼ਰ ਕਰ ਦਿੱਤਾ। ਇਸ ਹਮਲੇ ਵਿਚ ਫਰਨੀਚਰ ਕਾਰੋਬਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਿਰ 'ਚ ਡੂੰਘੀ ਸੱਟ ਲੱਗੀ ਹੈ ਤੇ ਹੱਥ ਤੇ ਕੁਹਨੀ ਨੇੜੇ ਗੰਭੀਰ ਜ਼ਖ਼ਮ ਹੋਣ ਕਾਰਨ ਕਈ ਟਾਂਕੇ ਲਗਾਉਣੇ ਪਏ ਹਨ। ਉਨ੍ਹਾਂ ਦੇ ਭਤੀਜੇ ਨੂੰ ਵੀ ਹੱਥ ਤੇ ਅੱਖ ਦੇ ਨੇੜੇ ਸੱਟਾਂ ਲੱਗੀਆਂ ਹਨ ਤੇ ਉਸ ਦੇ ਵੀ ਟਾਂਕੇ ਲਗਾਏ ਗਏ ਹਨ। ਫ਼ਿਲਹਾਲ ਦੋਹਾਂ ਦਾ ਇਲਾਜ ਜਾਰੀ ਹੈ।
ਪੀੜਤ ਪਰਿਵਾਰ ਨੇ ਬਸਤੀ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ ਹੈ ਤੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਜਲਦੀ ਤੋਂ ਜਲਦੀ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਪੁਲਸ ਅਫ਼ਸਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਬੁੱਧਵਾਰ ਨੂੰ ਪੁਲਸ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ 'ਚ ਪ੍ਰੀ-ਮਾਨਸੂਨ ਦੀ ਦਸਤਕ, ਇਨ੍ਹਾਂ ਤਾਰੀਖ਼ਾਂ ਤੋਂ ਸ਼ੁਰੂ ਹੋਵੇਗੀ ਬਰਸਾਤ
NEXT STORY