ਚੰਡੀਗੜ੍ਹ, (ਸ਼ਰਮਾ)- ਦੁਨੀਆਂ ਭਰ ’ਚ ਡਰ ਦਾ ਕਾਰਨ ਬਣੀ ਕੋਰੋਨਾ (ਕੋਵਿਡ 19) ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਰਾਜ ’ਚ ਲਾਗੂ ਕਰਫਿਊ ਅਤੇ ਲਾਕਡਾਊਨ ਦੌਰਾਨ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਮੰਡੀਆਂ ’ਚ ਭੀੜ ਭੜੱਕੇ ਨੂੰ ਰੋਕਣ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਲਈ ਸੂਬਾ ਸਰਕਾਰ ਵਲੋਂ ਮੰਡੀਆਂ ’ਚ ਕਣਕ ਲਿਆਉਣ ਲਈ ਕਿਸਾਨਾਂ ਲਈ ਪਾਸ ਸਿਸਟਮ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਰੋਜ਼ਾਨਾ ਵੱਡੀ ਗਿਣਤੀ 'ਚ ਪਾਸ ਜਾਰੀ ਕੀਤੇ ਜਾ ਰਹੇ ਹਨ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਕਿਸਾਨਾਂ ਨੂੰ ਕਦੀ ਵੀ ਮੰਡੀਕਰਨ ’ਚ ਕੋਈ ਦਿੱਕਤ ਨਹੀਂ ਆਈ ਅਤੇ ਨਾ ਇਸ ਵਾਰ ਆਵੇਗੀ। ਆਸ਼ੂ ਨੇ ਕਿਹਾ ਕਿ ਆੜ੍ਹਤੀ ਤੇ ਕਿਸਾਨਾਂ ਨੂੰ 25 ਅਪ੍ਰੈਲ, 2020 ਲਈ 55930 ਪਾਸ ਜਾਰੀ ਕੀਤੇ ਗਏ ਸਨ ਜਦਕਿ 26 ਅਪ੍ਰੈਲ, 2020 ਲਈ 63290 ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਪੰਜਾਬ ਰਾਜ ’ਚ 15 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ ਤੱਕ ਲਈ ਪੰਜਾਬ ਰਾਜ ’ਚ ਕਰੀਬ 7 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਖੁਰਾਕ ਮੰਤਰੀ ਨੇ ਕਿਹਾ ਕਿ ਸਾਡੇ ਲਈ ਜਿੰਨੀ ਅਹਿਮ ਕਿਸਾਨ ਵਲੋਂ ਸਖਤ ਮਿਹਨਤ ਨਾਲ ਪੈਦਾ ਕੀਤੀ ਕਣਕ ਦੀ ਖਰੀਦ ਕਰਨੀ ਹੈ ਉਨੀਂ ਹੀ ਅਹਿਮ ਸੂਬੇ ਦੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਹੋਰ ਇਸ ਕਾਰਜ ਨਾਲ ਸਬੰਧਤ ਵਿਅਕਤੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵੀ ਹੈ।
ਆਸ਼ੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਕਟ ਦੀ ਇਸ ਘੜੀ ’ਚ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਸਾਥ ਦੇਣ ਤਾਂ ਜ਼ੋ ਬਿਨਾਂ ਕਿਸੇ ਖ਼ਤਰੇ ਖਰੀਦ ਦੇ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ’ਚ 15 ਅਪ੍ਰੈਲ, 2020 ਤੋਂ ਲੈ ਕੇ 24 ਅਪ੍ਰੈਲ, 2020 ਤੱਕ ਰਿਕਾਰਡ 3507431 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਸਾਲ 2019 ਦੌਰਾਨ 24 ਦਿਨਾਂ ਦੀ ਕਣਕ ਦੀ ਖਰੀਦ 2166704 ਮੀਟ੍ਰਿਕ ਟਨ ਸੀ। ਉਨ੍ਹਾਂ ਕਿਹਾ ਕਿ ਅੱਜ ਵੀ 7 ਲੱਖ ਮੀਟ੍ਰਿਕ ਟਨ ਕਣਕ ਖਰੀਦ ਹੋਣ ਦੀ ਸੰਭਾਵਨਾ ਹੈ। ਆਸ਼ੂ ਨੇ ਕਿਹਾ ਕਿ ਕਣਕ ਖਰੀਦ ਸਬੰਧੀ ਹੁਣ ਤੱਕ 990 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਰੋਜ਼ਾਨਾ 2 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਹੋ ਰਹੀ ਹੈ ਅਤੇ ਅੱਜ ਉਨ੍ਹਾਂ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਜ਼ਾਨਾ 4 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਨਬੱਧ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ
NEXT STORY