ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਸਰਕਾਰ ਦਾ ਇਹ ਐਲਾਨ ਉਸ ਵੇਲੇ ਕਾਗਜ਼ੀ ਪ੍ਰਤੀਤ ਹੋਇਆ ਜਦ 1 ਦੀ ਥਾਂ 3 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ 'ਚ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ। ਉੱਧਰ, ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਵੱਲੋਂ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲਦੀ ਜਦੋਂ ਮੰਡੀਆਂ 'ਚ ਕੀਤੇ ਗਏ ਪ੍ਰਬੰਧ ਜ਼ੀਰੋ ਨਿਕਲੇ। ਬੀਤੇ ਦਿਨ ਨਵੀਂ ਦਾਣਾ ਮੰਡੀ ਦਾ ਦੌਰਾ ਕਰਨ 'ਤੇ ਉੱਥੇ ਗੰਦਗੀ ਦੇ ਢੇਰ ਲੱਗੇ ਦਿਖਾਈ ਦਿੱਤੇ।
ਮੰਡੀ 'ਚ ਸਫਾਈ ਦਾ ਹੈ ਮਾੜਾ ਹਾਲ
ਨਵੀਂ ਦਾਣਾ ਮੰਡੀ 'ਚ ਲੱਗੇ ਗੰਦਗੀ ਦੇ ਢੇਰਾਂ ਨੇ ਮਾਰਕੀਟ ਕਮੇਟੀ ਦੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਨ੍ਹਾਂ ਗੰਦਗੀ ਦੇ ਢੇਰਾਂ 'ਚ ਜਿੱਥੇ ਬੇਸਹਾਰਾ ਪਸ਼ੂ ਮੂੰਹ ਮਾਰਦੇ ਹਨ, ਉੱਥੇ ਹੀ ਇਸ ਮੰਡੀ 'ਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਨਹੀਂ ਹੈ ਪੀਣ ਵਾਲੇ ਪਾਣਾ ਦਾ ਕੋਈ ਯੋਗ ਪ੍ਰਬੰਧ
ਇਸ ਮੰਡੀ 'ਚ ਹਰ ਸਾਲ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਆਪਣੀ ਫਸਲ ਵੇਚਣ ਲਈ ਆਉਂਦੇ ਹਨ ਪਰ ਜ਼ਿਲਾ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਵੱਲੋਂ ਉਨ੍ਹਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਦੀ ਉਦਾਹਰਨ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੰਡੀਆਂ 'ਚ ਰੱਖਣ ਲਈ ਕਿਸਾਨ ਲਈ ਮੰਗਵਾਏ ਗਏ ਘੜੇ ਮਾਰਕੀਟ ਕਮੇਟੀ ਦੇ ਦਫ਼ਤਰ 'ਚ ਪਏ ਦਿਖਾਈ ਦਿੱਤੇ।
ਨਾਜ਼ਾਇਜ਼ ਕਬਜ਼ਿਆਂ ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ
ਮੰਡੀ 'ਚ ਕਿਸਾਨ ਵੱਲੋਂ ਵੇਚਣ ਲਈ ਲਿਆਂਦੀ ਗਈ ਫ਼ਸਲ ਨੂੰ ਮੀਂਹ ਆਦਿ ਤੋਂ ਬਚਾਉਣ ਲਈ ਬਣਾਇਆ ਗਿਆ ਸ਼ੈੱਡ ਨਾਜ਼ਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਹੋਇਆ ਹੈ।
ਨਹੀਂ ਹਨ ਪਖਾਨੇ
ਨਵੀਂ ਦਾਣਾ ਮੰਡੀ 'ਚ ਆਪਣੀ ਫ਼ਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਲਈ ਕੋਈ ਪਖਾਨੇ ਨਹੀਂ ਹਨ, ਜਿਸ ਕਾਰਨ ਕਿਸਾਨਾਂ ਨੂੰ ਜਾਂ ਤਾਂ ਆੜ੍ਹਤੀਆਂ ਦੀਆਂ ਦੁਕਾਨਾਂ ਅੰਦਰ ਬਣੇ ਪਖਾਨੇ ਵਿਚ ਜਾਣਾ ਪੈਂਦਾ ਹੈ ਜਾਂ ਫ਼ਿਰ ਕਿਸਾਨਾਂ ਨੂੰ ਆਸ-ਪਾਸ ਖੁੱਲ੍ਹੇ 'ਚ ਹੀ ਜਾਣਾ ਪੈਂਦਾ ਹੈ, ਜੋ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਅਭਿਆਨ ਨੂੰ ਮੂੰਹ ਚਿੜਾਉਂਦਾ ਹੈ।
ਸਟਰੀਟ ਲਾਈਟਾਂ ਦਾ ਵੀ ਹੈ ਮੰਦਾ ਹਾਲ
ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਨਵੀਂ ਦਾਣਾ ਮੰਡੀ ਵਿਚ ਸਟਰੀਟ ਲਾਈਟਾਂ ਦਾ ਮੰਦਾ ਹਾਲ ਹੈ। ਮੰਡੀ 'ਚ ਲੱਗੀਆਂ ਸਟਰੀਟ ਲਾਈਟਾਂ 'ਚੋਂ ਕੁਝ ਤਾਂ ਬੰਦ ਹਨ ਜਦਕਿ ਕਈ ਖੰਭਿਆਂ ਤੋਂ ਲਾਈਟਾਂ ਹੀ ਗਾਇਬ ਹਨ।
ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਸਕੱਤਰ ਦਾ
ਇਸ ਦੌਰਾਨ ਜਦੋਂ ਮੰਡੀ 'ਚ ਪਾਈਆਂ ਜਾ ਰਹੀਆਂ ਘਾਟਾਂ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਦਿਖਾਈ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣੇ ਜਾ ਕੇ ਮੰਡੀ ਵਿਚ ਦੇਖਦੇ ਹਨ ਅਤੇ ਜੋ ਘਾਟਾਂ ਹਨ, ਉਨ੍ਹਾਂ ਨੂੰ ਤੁਰੰਤ ਦੂਰ ਕਰਵਾਇਆ ਜਾਵੇਗਾ।
ਜਦੋਂ ਸਾਬਕਾ ਫੌਜੀਆਂ ਦੀ ਦਖਲ-ਅੰਦਾਜ਼ੀ 'ਤੇ ਭੜਕੇ ਕੈਬਨਿਟ ਮੰਤਰੀ...
NEXT STORY