ਗੁਰਦਾਸਪੁਰ (ਹਰਮਨ)-ਲੰਮਾ ਸਮਾਂ ਖੰਡਰ ਦਾ ਰੂਪ ਬਣੇ ਰਹੇ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ’ਚ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੀ ਸ਼ੁਰੂਆਤ ਹੋਣ ਤੋਂ ਬਾਅਦ ਜਿੱਥੇ ਵੱਖ-ਵੱਖ ਡਾਕਟਰਾਂ ਨੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਸਨ, ਉਸਦੇ ਬਾਅਦ ਹੁਣ ਇਸ ਹਸਪਤਾਲ ’ਚ ਮੇਜਰ ਸਰਜਰੀਆਂ ਲਈ ਆਧੁਨਿਕ ਕਿਸਮ ਦਾ ਆਪ੍ਰੇਸ਼ਨ ਥੀਏਟਰ ਵੀ ਸ਼ੁਰੂ ਹੋ ਜਾਣ ਕਾਰਨ ਪਿਛਲੇ 10 ਦਿਨਾਂ ’ਚ ਹੀ ਇਸ ਥੀਏਟਰ ਵਿਚ ਵੱਖ-ਵੱਖ ਗੰਭੀਰ ਬੀਮਾਰੀਆਂ ਅਤੇ ਡਲਿਵਰੀ ਕੇਸਾਂ ਦੇ 10 ਆਪ੍ਰੇਸ਼ਨ ਸਫਲਤਾ ਪੂਰਵਕ ਹੋਏ ਹਨ।
ਇਹ ਵੀ ਪੜ੍ਹੋ- ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ
ਇਸ ਹਸਪਤਾਲ ’ਚ ਪਹੁੰਚੇ ਆਧੁਨਿਕ ਕਿਸਮ ਦੇ ਸਾਜ਼ੋ-ਸਮਾਨ ਅਤੇ ਮਾਹਿਰ ਡਾਕਟਰਾਂ ਦੀ ਤਾਇਨਾਤੀ ਕਾਰਨ ਪਿਛਲੇ ਕੁਝ ਹੀ ਦਿਨਾਂ ’ਚ ਇਸ ਹਸਪਤਾਲ ਅੰਦਰ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਡੇਢ ਗੁਣਾ ਵਾਧਾ ਹੋ ਗਿਆ ਹੈ। ਖਾਸ ਤੌਰ ’ਤੇ ਹੁਣ ਜਦੋਂ ਇਸ ਹਸਪਤਾਲ ਵਿਚ ਡਲਿਵਰੀ ਕੇਸਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਸਮੇਤ ਵੱਖ-ਵੱਖ ਸਰਜਨਾਂ ਦੀ ਨਿਯੁਕਤੀ ਕਰ ਕੇ ਇਸ ਆਪ੍ਰੇਸ਼ਨ ਥੀਏਟਰ ਨੂੰ ਸ਼ੁਰੂ ਕੀਤਾ ਗਿਆ ਹੈ, ਤਾਂ ਮੁਫਤ ਅਤੇ ਬਿਹਤਰ ਸਿਹਤ ਸੇਵਾਵਾਂ ਮਿਲਣ ਕਾਰਨ ਸ਼ਹਿਰ ਵਾਸੀਆਂ ’ਚ ਇਕ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਸੀ ਇਮਾਰਤ ਦਾ ਨਵੀਨੀਕਰਨ
ਇਸ ਇਮਾਰਤ ’ਚ ਪਹਿਲਾਂ ਸਿਵਲ ਹਸਪਤਾਲ ਚੱਲਦਾ ਰਿਹਾ ਸੀ, ਜਿਸ ਨੂੰ ਸ਼ਹਿਰ ਦੇ ਬਾਹਰ ਬਬਰੀ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੰਬਾ ਸਮਾਂ ਇਸ ਹਸਪਤਾਲ ਦੀ ਪੁਰਾਣੀ ਇਮਾਰਤ ਬੰਦ ਰਹਿਣ ਕਾਰਨ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਸੀ। ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੇ ਕੀਤੇ ਵਾਅਦੇ ਮੁਤਾਬਕ ਇਸ ਹਸਪਤਾਲ ਨੂੰ ਮੁੜ ਚਾਲੂ ਕਰਵਾਉਣ ਲਈ ਕਾਰਵਾਈ ਸ਼ੁਰੂ ਕੀਤੀ, ਜਿਸ ਦੇ ਬਾਅਦ ਇਸ ਹਸਪਤਾਲ ਦੀ ਇਮਾਰਤ ਵਿੱਚ ਕਮਿਊਨਿਟੀ ਅਰਬਨ ਹੈਲਥ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਸੀ। ਲੋਕਾਂ ਨੂੰ ਹਸਪਤਾਲ ’ਚ ਬਿਹਤਰ ਸਹੂਲਤਾਂ ਦੇਣ ਲਈ ਰਮਨ ਬਹਿਲ ਨੇ ਸਰਕਾਰ ਕੋਲੋਂ 2 ਕਰੋੜ 62 ਲੱਖ ਰੁਪਏ ਮਨਜ਼ੂਰ ਕਰਵਾਏ ਸਨ, ਜਿਨ੍ਹਾਂ ਦੇ ਨਾਲ ਇਸ ਹਸਪਤਾਲ ਦੀ ਇਮਾਰਤ ਦੀ ਕਾਇਆ ਕਲਪ ਕੀਤੀ ਗਈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੇੜੇ ਖੜ੍ਹੀ ਗੱਡੀ ਕਾਰਨ ਮਚ ਗਈ ਹਫੜਾ-ਦਫੜੀ, ਜਾਣੋ ਕੀ ਨਿਕਲਿਆ ਮਾਮਲਾ
150 ਤੋਂ 250 ਤੱਕ ਪਹੁੰਚੀ ਮਰੀਜ਼ਾਂ ਦੀ ਗਿਣਤੀ
ਐੱਸ. ਐੱਮ. ਓ. ਡਾ. ਅਰਵਿੰਦ ਮਹਾਜਨ ਨੇ ਦੱਸਿਆ ਕਿ ਨਵਾਂ ਥੀਏਟਰ ਸ਼ੁਰੂ ਹੋਣ ਦੇ ਬਾਅਦ ਜਦੋਂ ਇੱਥੇ ਵੱਖ-ਵੱਖ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ, ਤਾਂ ਹੁਣ ਪਹਿਲੇ 10 ਦਿਨਾਂ ’ਚ ਹੀ ਇੱਥੇ ਵੱਖ-ਵੱਖ ਕਿਸਮ ਦੇ 5 ਸਫਲ ਆਪ੍ਰੇਸ਼ਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲਣ ਦੇ ਬਾਅਦ ਇੱਥੇ ਮਰੀਜ਼ਾਂ ਦੀ ਗਿਣਤੀ ਹੋਰ ਵੀ ਵਧਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਥੀਏਟਰ ਸ਼ੁਰੂ ਨਹੀਂ ਹੋਇਆ ਸੀ, ਤਾਂ ਹਸਪਤਾਲ ਵਿੱਚ ਰੋਜ਼ਾਨਾ 100 ਤੋਂ 150 ਮਰੀਜ਼ ਰੋਜ਼ਾਨਾ ਓ. ਪੀ. ਡੀ. ’ਚ ਆ ਕੇ ਵੱਖ-ਵੱਖ ਡਾਕਟਰਾਂ ਕੋਲੋਂ ਇਲਾਜ ਕਰਵਾਉਂਦੇ ਸਨ ਪਰ ਥੀਏਟਰ ਸ਼ੁਰੂ ਹੋਣ ਦੇ ਬਾਅਦ ਹੁਣ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ 250 ਤੋਂ 300 ਤੱਕ ਪਹੁੰਚ ਗਈ ਹੈ।
ਐੱਸ. ਐੱਮ. ਓ. ਡਾ ਅਰਵਿੰਦ ਮਹਾਜਨ ਨੇ ਦੱਸਿਆ ਕਿ ਰਮਨ ਬਹਿਲ ਦੇ ਯਤਨਾਂ ਸਦਕਾ ਗੁਰਦਾਸਪੁਰ ਦੇ ਇਸ ਅਰਬਨ ਕਮਿਊਨਿਟੀ ਹੈਲਥ ਸੈਂਟਰ ’ਚ ਕ੍ਰਿਸ਼ਨਾ ਡਾਇਗਨੋਸਟਿਕ ਲੈਬ ਵੀ ਸ਼ੁਰੂ ਕੀਤੀ ਗਈ ਹੈ, ਜਿੱਥੇ 70 ਫੀਸਦੀ ਡਿਸਕਾਊਂਟ ’ਤੇ ਵੱਖ-ਵੱਖ ਮੈਡੀਕਲ ਟੈਸਟ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਇਸ ਹਸਪਤਾਲ ਦੇ ਕੰਪਲੈਕਸ ’ਚ ਜਨ ਔਸ਼ਧੀ ਸੈਂਟਰ ਵੀ ਖੋਲ੍ਹਿਆ ਗਿਆ ਹੈ, ਜਿੱਥੇ ਬਹੁਤ ਹੀ ਘੱਟ ਰੇਟਾਂ 'ਤੇ ਬਹੁਤ ਵਧੀਆ ਕਿਸਮ ਦੀਆਂ ਦਵਾਈਆਂ ਆਮ ਲੋਕਾਂ ਲਈ ਉਪਲਬਧ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ?
ਗੁਰਦਾਸਪੁਰ ਸ਼ਹਿਰ ਦੇ ਸਮਾਜ ਸੇਵੀ ਅਤੇ ਕਾਰੋਬਾਰੀ ਡਾ. ਸੰਜੀਵ ਸਰਪਾਲ ਨੇ ਕਿਹਾ ਕਿ ਇਸ ਹਸਪਤਾਲ ’ਚ ਉਨ੍ਹਾਂ ਨੇ ਆਪਣੀ ਪਤਨੀ ਦਾ ਆਪ੍ਰੇਸ਼ਨ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪਤਨੀ ਨੂੰ ਕਾਫੀ ਗੰਭੀਰ ਬੀਮਾਰੀ ਸੀ, ਜਿਸ ਦੇ ਇਲਾਜ ਲਈ ਕਈ ਪ੍ਰਾਈਵੇਟ ਹਸਪਤਾਲਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸ ਹਸਪਤਾਲ ਅੰਦਰ ਸ਼ੁਰੂ ਹੋਈਆਂ ਸਿਹਤ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇੱਥੇ ਹੀ ਇਲਾਜ ਕਰਵਾਉਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਛੇ ਸੀਨੀਅਰ ਡਾਕਟਰਾਂ ’ਤੇ ਆਧਾਰਿਤ ਟੀਮ ਵੱਲੋਂ ਉਨ੍ਹਾਂ ਦੀ ਪਤਨੀ ਦਾ ਬਹੁਤ ਹੀ ਸਫਲਤਾ ਪੂਰਵਕ ਆਪਰੇਸ਼ਨ ਕੀਤਾ ਗਿਆ ਹੈ ਅਤੇ ਹੋਰ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਹਸਪਤਾਲ ਵਿੱਚ ਉਨ੍ਹਾਂ ਦਾ ਇੱਕ ਵੀ ਪੈਸਾ ਖਰਚ ਨਹੀਂ ਹੋਇਆ।
ਕੀ ਕਹਿਣਾ ਹੈ ਚੇਅਰਮੈਨ ਰਮਨ ਬਹਿਲ ਦਾ?
ਇਸ ਸਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਇਸ ਹਸਪਤਾਲ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਉਸ ਮੌਕੇ ਹੀ ਇਸ ਦਾ ਬਹੁਤ ਵਿਰੋਧ ਕੀਤਾ ਸੀ ਅਤੇ ਬਕਾਇਦਾ ਰੋਸ ਪ੍ਰਦਰਸ਼ਨ ਵੀ ਕੀਤੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਦੇ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਹਰ ਹਾਲਤ ਵਿੱਚ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਨੂੰ ਜ਼ਰੂਰ ਸ਼ੁਰੂ ਕਰਾਉਣਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬਣੇ, ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਹਸਪਤਾਲ ਨੂੰ ਮੁੜ ਸ਼ੁਰੂ ਕਰਾਉਣ ਵਾਲੀ ਫਾਈਲ ’ਤੇ ਹੀ ਦਸਤਖਤ ਕੀਤੇ ਸਨ। ਅੱਜ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਗੁਰਦਾਸਪੁਰ ਦੇ ਐੱਨ ਵਿਚਕਾਰ ਕੀਮਤੀ ਜ਼ਮੀਨ ਉੱਪਰ ਸਥਿਤ ਹਸਪਤਾਲ ਦੀ ਇਮਾਰਤ ਦਾ ਨਵੀਨੀਕਰਨ ਹੋ ਚੁੱਕਾ ਹੈ ਅਤੇ ਅੱਜ ਇੱਥੇ ਚੋਟੀ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਪਿਛਲੇ ਕੁਝ ਹੀ ਦਿਨਾਂ ਵਿਚ ਬਹੁਤ ਹੀ ਕ੍ਰਿਟੀਕਲ ਕਿਸਮ ਦੇ ਵੱਡੇ ਆਪ੍ਰੇਸ਼ਨ ਕੀਤੇ ਗਏ ਹਨ। ਇਸ ਹਸਪਤਾਲ ਵਿਚ ਹੁਣ ਹਰ ਤਰ੍ਹਾਂ ਦੀ ਸਿਹਤ ਸਹੂਲਤ ਉਪਲਬੱਧ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇੱਥੇ ਹੋਰ ਵੀ ਕ੍ਰਾਂਤੀਕਾਰੀ ਸੁਧਾਰ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਨਿਭਾਇਆ ਵਾਅਦਾ! MLA ਨੇ ਵੰਡੇ ਕਰਜ਼-ਮੁਆਫ਼ੀ ਦੇ ਸਰਟੀਫ਼ਿਕੇਟ
NEXT STORY