ਮਾਲੇਰਕੋਟਲਾ, (ਸ਼ਹਾਬੂਦੀਨ/ਜ਼ਹੂਰ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਕੰਮ ਕਰਦੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਲੰਘੀ 6 ਮਾਰਚ ਤੋਂ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਖਿਲਾਫ ਅਾਰੰਭੇ ਗਏ ਸੰਘਰਸ਼ ਨੂੰ ਆਰ-ਪਾਰ ਦੀ ਲਡ਼ਾਈ ਬਣਾਉਂਦਿਆਂ ਉਸੇ ਦਿਨ ਤੋਂ ਸ਼ਹਿਰ ਦੇ ਨਾਲ ਲਗਦੇ ਪਿੰਡ ਰਟੌਲਾਂ ਜਿਥੇ ਇਨ੍ਹਾਂ ਸੰਘਰਸ਼ਕਾਰੀਆਂ ਦੇ ਕਰੀਬ ਅੱਧੀ ਦਰਜਨ ਸਾਥੀ ਪਿਛਲੇ ਪੰਜ ਦਿਨਾਂ ਤੋਂ ਵਾਟਰ ਟੈਂਕੀ ’ਤੇ ਚਡ਼੍ਹੇ ਹੋਏ ਹਨ, ਵਿਖੇ ਚੱਲ ਰਿਹਾ ਸੰਘਰਸ਼ ਦਾ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ ਅਤੇ ਵਾਟਰ ਟੈਂਕੀ ’ਤੇ ਚਡ਼੍ਹੇ ਮੋਟੀਵੇਟਰ ਅੱਜ ਵੀ ਸੰਘਰਸ਼ ਲਈ ਡਟੇ ਰਹੇ। ਇਨ੍ਹਾਂ ਸੰਘਰਸ਼ਕਾਰੀ ਮੋਟੀਵੇਟਰਾਂ ਨੇ ਅੱਜ ਕਾਲੀਆਂ ਝੰਡੀਆਂ ਨਾਲ ਚਮਚੇ-ਥਾਲੀਆਂ ਖਡ਼ਕਾਉਂਦੇ ਹੋਏ ਝਾਡ਼ੂ ਮਾਰ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਭੀਖ ਮੰਗਦਿਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਵਿਭਾਗ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਸਮੇਤ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਬੱਗਾ ਸਿੰਘ, ਗਨਸ਼ਾਮ ਭਾਰਤੀ, ਰਮਨਦੀਪ ਕੌਰ, ਮਨਿੰਦਰ ਸਿੰਘ ਰੰਮੀ ਨੇ ਸਰਕਾਰ ’ਤੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਵਰਕਰਾਂ ਦੇ ਘਰਾਂ ’ਚ ਬਲਦੇ ਚੁੱਲ੍ਹੇ ਠੰਡੇ ਹੋਣ ਦੀ ਕਾਗਾਰ ’ਤੇ ਆ ਗਏ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ’ਚ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ। ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹਰ ਵਾਰ ਸਾਡੇ ਧਰਨੇ-ਮੁਜ਼ਾਹਰੇ ਅਤੇ ਭੁੱਖ ਹਡ਼ਤਾਲਾਂ ਸਮੇਤ ਰੈਲੀਆਂ ’ਚ ਪੁੱਜ ਕੇ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਵਾ ਕੇ ਸਾਡਾ ਮਸਲਾ ਹੱਲ ਕਰਵਾਉਣ ਦੇ ਭਰੋਸੇ ਦਿੱਤੇ ਗਏ ਹਨ ਪਰ ਕੋਈ ਮੀਟਿੰਗ ਨਹੀਂ ਕਰਵਾਈ ਗਈ, ਜਿਸ ਕਾਰਨ ਮਜਬੂਰ ਹੋ ਕੇ ਸਾਨੂੰ ਇਹ ਤਿੱਖਾ ਸੰਘਰਸ਼ ਅਾਰੰਭਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਲੰਘੀ 6 ਮਾਰਚ ਨੂੰ ਵਿਭਾਗ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦੇ ਘਿਰਾਓ ਮੌਕੇ ਮੰਤਰੀ ਸਾਹਿਬਾ ਵੱਲੋਂ ਭਾਵੇਂ 12 ਜਾਂ 13 ਮਾਰਚ ਨੂੰ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਮੰਗਾਂ ਪੂਰੀਆਂ ਕਰਨ ਦਾ ਕੋਈ ਸਪੱਸ਼ਟ ਭਰੋਸਾ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਨੂੰ ਇਥੇ ਇਹ ਪੱਕਾ ਮੋਰਚਾ ਲਗਾਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਲੰਘੇ ਦਿਨੀਂ ਟੈਂਕੀ ’ਤੇ ਚਡ਼੍ਹੀ ਸਾਡੀ ਇਕ ਮਹਿਲਾ ਸਾਥੀ ਤਨਵੀਰ ਕੌਰ ਦੀ ਹਾਲਤ ਖਰਾਬ ਹੋਣ ਕਾਰਨ ਅਤੇ ਇਕ ਵਰਕਰ ਵੱਲੋਂ ਆਪਣੇ-ਆਪ ਨੂੰ ਅੱਗ ਲਗਾ ਲੈਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਪਰ ਫਿਰ ਵੀ ਸਰਕਾਰ ਦੇ ਕੰਨਾਂ ’ਤੇ ਅਜੇ ਤੱਕ ਜੂੰ ਨਹੀਂ ਸਰਕੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਗਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਕੋਈ ਸਖਤ ਐਕਸ਼ਨ ਕੀਤਾ ਜਾਵੇਗਾ।
ਚੋਣ ਕਮਿਸ਼ਨ ਨੇ 269 ਡੀ. ਐੱਸ. ਪੀਜ਼ ਦੀ ਜੁਆਇਨਿੰਗ 'ਤੇ ਲਾਈ ਰੋਕ
NEXT STORY