ਗੁਰਦਾਸਪੁਰ (ਹਰਮਨ) : ਨਬਾਲਿਗ ਬੱਚਿਆਂ ਕੋਲੋਂ ਭੀਖ ਮੰਗਵਾਉਣ ਅਤੇ ਬਾਲ ਮਜ਼ਦੂਰੀ ਦੇ ਵਿਰੁੱਧ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਚਲਦਿਆਂ ਅੱਜ ਬਾਲ ਸੁਰੱਖਿਆ ਅਫਸਰ ਗੁਰਦਾਸਪੁਰ ਦੀ ਟੀਮ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਭੀਖ ਮੰਗਦੇ ਅਤੇ ਸਾਮਾਨ ਵੇਚਦੇ ਨਬਾਲਿਗ ਬੱਚਿਆਂ ਖਿਲਾਫ ਸਖਤੀ ਕੀਤੀ ਗਈ ਹੈ। ਇਸ ਤਹਿਤ ਬਾਲ ਸੁਰੱਖਿਆ ਅਫਸਰ ਦੀ ਅਗਵਾਈ ਵਾਲੀ ਇਸ ਟੀਮ ਨੇ 9 ਬੱਚਿਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚੋਂ ਛੇ ਬੱਚੇ ਭੀਖ ਮੰਗ ਰਹੇ ਸਨ ਜਦੋਂ ਕਿ ਤਿੰਨ ਬੱਚੇ ਵੱਖ-ਵੱਖ ਤਰ੍ਹਾਂ ਦਾ ਸਾਮਾਨ ਵੇਚ ਰਹੇ ਸਨ।
ਜਾਣਕਾਰੀ ਦਿੰਦੇ ਹੋਏ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਨੇ ਗੁਰਦਾਸਪੁਰ ਦੇ ਬੱਸ ਅੱਡੇ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ’ਤੇ ਚੈਕਿੰਗ ਕੀਤੀ ਤਾਂ ਉੱਥੇ ਛੇ ਬੱਚੇ ਭੀਖ ਮੰਗ ਰਹੇ ਸਨ। ਇਨ੍ਹਾਂ ਬੱਚਿਆਂ ਨੂੰ ਕਾਬੂ ਕਰ ਕੇ ਜਦੋਂ ਉਨ੍ਹਾਂ ਦੇ ਘਰ ਦਾ ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਬੱਚਿਆਂ ਕੋਲ ਬਕਾਇਦਾ ਆਧਾਰ ਕਾਰਡ ਸਨ ਅਤੇ ਉਹ ਸਕੂਲ ਜਾਣ ਵਾਲੇ ਲੋਕਲ ਬੱਚੇ ਸਨ। ਇਸ ਕਾਰਨ ਉਨ੍ਹਾਂ ਦੇ ਮਾਂ ਪਿਓ ਨੂੰ ਸਖਤ ਤਾੜਨਾ ਕਰਕੇ ਇਨ੍ਹਾਂ ਛੇ ਬੱਚਿਆਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਬੱਚਿਆਂ ਦੇ ਮਾਪਿਆਂ ਨੂੰ ਵੀ ਸਖਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਉਨ੍ਹਾਂ ਦੇ ਬੱਚੇ ਭੀਖ ਮੰਗਣ ਗਏ ਤਾਂ ਉਨ੍ਹਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇਗਾ। ਇਸੇ ਤਰ੍ਹਾਂ ਇਸ ਚੈਕਿੰਗ ਦੌਰਾਨ ਤਿੰਨ ਬੱਚੇ ਖਾਣ ਪੀਣ ਦਾ ਸਾਮਾਨ ਵੇਚ ਰਹੇ ਸਨ। ਜਿਨ੍ਹਾਂ ਨੂੰ ਕਾਬੂ ਕਰਕੇ ਜਦੋਂ ਪੁੱਛਗਿਛ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਉਹ ਬਿਹਾਰ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਦੋ ਠੇਕੇਦਾਰ ਇੱਥੇ ਕੰਮ ਲਈ ਲੈ ਕੇ ਆਏ ਹਨ।
ਉਕਤ ਬੱਚਿਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਨਾਲ ਅੱਠ ਦੇ ਕਰੀਬ ਬੱਚੇ ਹੋਰ ਵੀ ਹਨ ਜੋ ਰਾਤ ਨੂੰ ਠੇਕੇਦਾਰ ਕੋਲ ਹੀ ਰਹਿੰਦੇ ਹਨ ਅਤੇ ਠੇਕੇਦਾਰ ਹੀ ਉਨ੍ਹਾਂ ਕੋਲੋਂ ਕੰਮ ਕਰਵਾਉਂਦਾ ਹੈ। ਜਿਸ ਦੇ ਬਾਅਦ ਉਨ੍ਹਾਂ ਨੇ ਇਹ ਮਾਮਲਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਬੱਚਿਆਂ ਨੂੰ ਚਾਇਲਡ ਵੈੱਲਫੇਅਰ ਕੌਂਸਲ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਦੇ ਬਾਅਦ ਇਨ੍ਹਾਂ ਨੂੰ ਚਿਲਡਰਨ ਹੋਮ ਵਿੱਚ ਆਰਜੀ ਤੌਰ 'ਤੇ ਭੇਜ ਦਿੱਤਾ ਗਿਆ ਹੈ ਜਦੋਂ ਕਿ ਪੁਲਸ ਵੱਲੋਂ ਇਨ੍ਹਾਂ ਬੱਚਿਆਂ ਕੋਲੋਂ ਕੰਮ ਕਰਵਾ ਰਹੇ ਠੇਕੇਦਾਰ ਰਵੀ ਅਤੇ ਧਰਮਿੰਦਰ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਧਰਮਿੰਦਰ ਅਤੇ ਰਵੀ ਬਿਹਾਰ ਦੇ ਗੋਰਖਪੁਰ ਨਾਲ ਸੰਬੰਧਿਤ ਹਨ ਜੋ ਇਨ੍ਹਾਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਸਨ। ਇਹ ਗੱਲ ਜਾਂਚ ਦੇ ਬਾਅਦ ਸਾਹਮਣੇ ਆਵੇਗੀ ਕਿ ਇਨ੍ਹਾਂ ਬੱਚਿਆਂ ਨੂੰ ਜ਼ਬਰਦਸਤੀ ਇੱਥੇ ਲਿਆਂਦਾ ਗਿਆ ਹੈ ਜਾਂ ਇਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਇੱਥੇ ਭੇਜਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਵਾਰਦਾਤ! NRI ਦੇ ਘਰ 'ਚ ਅਣਪਛਾਤਿਆਂ ਵੱਲੋਂ ਫਾਇਰਿੰਗ, ਮੰਗੀ 50 ਲੱਖ ਦੀ ਫਿਰੌਤੀ
NEXT STORY