ਚੰਡੀਗੜ੍ਹ (ਅਰਚਨਾ ਸੇਠੀ) : ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਤਹਿਤ ਪਾਠਕ੍ਰਮ ਵਿਚ ਕੀਤੀਆਂ ਤਬਦੀਲੀਆਂ ਨੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਨਵੇਂ ਸਿਲੇਬਸ ’ਤੇ ਆਧਾਰਿਤ ਕਿਤਾਬਾਂ ਦੀ ਛਪਾਈ ’ਚ ਹੋ ਰਹੀ ਦੇਰੀ ਕਾਰਨ ਸਕੂਲਾਂ ’ਚ ਕਈ ਜਮਾਤਾਂ ਦੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਨਹੀਂ ਮਿਲ ਰਹੀਆਂ ਪਰ ਆਨਲਾਈਨ ਕੰਪਨੀਆਂ ਨੇ ਐੱਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ਬਲੈਕ ’ਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਨਲਾਈਨ ਕੰਪਨੀਆਂ ਛੋਟ ਦੇ ਬਹਾਨੇ ਕਿਤਾਬਾਂ ਖਰੀਦਣ ਲਈ ਮਜਬੂਰ ਕਰ ਰਹੀਆਂ ਹਨ ਅਤੇ ਧੋਖੇ ਨਾਲ 65 ਰੁਪਏ ਦੀ ਕਿਤਾਬ 300 ਤੋਂ 400 ਰੁਪਏ ਵਿਚ ਵੇਚ ਰਹੀਆਂ ਹਨ।
ਨਵੇਂ ਪਾਠਕ੍ਰਮ ’ਚ ਬ੍ਰਿਜ ਕੋਰਸ ਵੀ ਕੀਤੇ ਗਏ ਸ਼ਾਮਲ
ਪੰਜਾਬ ਦੇ ਸਕੂਲ ਵਿਚ ਪੜ੍ਹਾ ਰਹੀ ਇਕ ਅਧਿਆਪਕਾ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਪਾਠ ਪੁਸਤਕਾਂ ਵਿਚ ਕਈ ਨਵੇਂ ਚੈਪਟਰ ਸ਼ਾਮਲ ਕੀਤੇ ਗਏ ਹਨ ਅਤੇ ਕੁਝ ਨੂੰ ਹਟਾ ਦਿੱਤਾ ਗਿਆ ਹੈ, ਕੁਝ ਬ੍ਰਿਜ ਕੋਰਸ ਵੀ ਕਿਤਾਬਾਂ ਵੀ ਸ਼ਾਮਲ ਕੀਤੇ ਗਏ ਹਨ। ਇਸ ਕਾਰਨ ਨਵੀਆਂ ਪੁਸਤਕਾਂ ਦੀ ਛਪਾਈ ਵਿਚ ਹੋਈ ਦੇਰੀ ਕਾਰਨ ਬੱਚਿਆਂ ਨੂੰ ਕੁਝ ਚੀਜ਼ਾਂ ਪੁਰਾਣੀਆਂ ਕਿਤਾਬਾਂ ਅਤੇ ਕੁਝ ਆਨਲਾਈਨ ਕਿਤਾਬਾਂ ਤੋਂ ਪ੍ਰਿੰਟ ਕਰਵਾ ਕੇ ਪੜ੍ਹਾਈਆਂ ਜਾ ਰਹੀਆਂ ਹਨ।
ਅੰਗਰੇਜ਼ੀ ਨਾਲ ਸਬੰਧਤ ਵਿਸ਼ੇ ਐੱਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ਤੋਂ ਹੀ ਪੜ੍ਹਾਏ ਜਾਂਦੇ ਹਨ। ਭਾਵੇਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਅਤੇ ਪ੍ਰਾਈਵੇਟ ਸਕੂਲਾਂ ਵਿਚ ਬੱਚੇ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਪੜ੍ਹਦੇ ਹਨ ਪਰ ਕੁਝ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਨਾ ਮਿਲਣ ਕਾਰਨ ਬੱਚਿਆਂ ਨੂੰ ਪੜ੍ਹਾਈ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਬੱਚਿਆਂ ਨੇ ਕਿਤਾਬਾਂ ਆਨਲਾਈਨ ਵੀ ਖਰੀਦੀਆਂ ਹਨ ਅਤੇ ਕੰਪਨੀ ਨੇ ਉਨ੍ਹਾਂ ਨੂੰ ਕਿਤਾਬਾਂ ਮਹਿੰਗੇ ਭਾਅ ਵੇਚੀਆਂ ਹਨ। ਅਧਿਆਪਕਾ ਨੇ ਦੱਸਿਆ ਕਿ ਹਾਲ ਹੀ ਵਿਚ ਨਵੇਂ ਪਾਠਕ੍ਰਮ ਅਨੁਸਾਰ ਕਈ ਜਮਾਤਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਪਰ ਕਈ ਕਿਤਾਬਾਂ ਦੀ ਹਾਲੇ ਵੀ ਉਡੀਕ ਹੈ। ਚਾਰ ਮਹੀਨੇ ਬੀਤਣ ਤੋਂ ਬਾਅਦ ਵੀ ਕਿਤਾਬਾਂ ਦੀ ਘਾਟ ਕਾਰਨ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਿਸਟ੍ਰੀਬਿਊਟਰਾਂ ਨੂੰ ਮਿਲੀਆਂ ਨਾਮਾਤਰ ਕਿਤਾਬਾਂ, ਆਨਲਾਈਨ ਕਿਵੇਂ ਹੋ ਰਹੀਆਂ ਹਨ ਬਲੈਕ?
ਇਕ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਿਤਾਬਾਂ ਦੀ ਛਪਾਈ ਵਿਚ ਦੇਰੀ ਹੋਣ ਕਾਰਨ ਕਿਤਾਬਾਂ ਬਹੁਤ ਘੱਟ ਗਿਣਤੀ ਵਿਚ ਡਿਸਟ੍ਰੀਬਿਊਟਰਾਂ ਤੱਕ ਪਹੁੰਚੀਆਂ ਹਨ। ਇਕ ਡਿਸਟ੍ਰੀਬਿਊਟਰ ਨੂੰ ਸਿਰਫ਼ 50 ਤੋਂ 100 ਕਿਤਾਬਾਂ ਮਿਲ ਸਕਦੀਆਂ ਸਨ। ਤੀਜੀ ਅਤੇ ਛੇਵੀਂ ਜਮਾਤ ਦੀਆਂ ਕਿਤਾਬਾਂ ਸਬੰਧੀ ਵਧੇਰੇ ਦਿੱਕਤਾਂ ਦੇਖਣ ਨੂੰ ਮਿਲੀਆਂ ਹਨ। ਹਜ਼ਾਰਾਂ ਬੱਚੇ ਬਿਨਾਂ ਕਿਤਾਬਾਂ ਪੜ੍ਹ ਰਹੇ ਹਨ। ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਦੀਆਂ ਕਿਤਾਬਾਂ ਵਿਚ ਵਧੇਰੇ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਕ ਪਾਸੇ ਡਿਸਟ੍ਰੀਬਿਊਟਰ ਕਿਤਾਬਾਂ ਲਈ ਤਰਸ ਰਹੇ ਹਨ ਪਰ ਦੂਜੇ ਪਾਸੇ ਆਨਲਾਈਨ ਕੰਪਨੀਆਂ ਕਿਤਾਬਾਂ ਨੂੰ ਬਲੈਕ ਕਿਵੇਂ ਕਰ ਰਹੀਆਂ ਹਨ, ਇਹ ਜਾਂਚ ਦਾ ਵਿਸ਼ਾ ਹੈ।
ਐੱਨ.ਸੀ.ਈ.ਆਰ.ਟੀ. ਦੀ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਕਿਤਾਬਾਂ ਦੀ ਕੀਮਤ 65 ਤੋਂ 70 ਰੁਪਏ ਦੇ ਕਰੀਬ ਹੈ ਪਰ ਆਨਲਾਈਨ ਕੰਪਨੀਆਂ ਇਨ੍ਹਾਂ ਕਿਤਾਬਾਂ ਨੂੰ ਕੁਝ ਫੀਸਦੀ ਦੀ ਛੋਟ ’ਤੇ 300 ਤੋਂ 400 ਰੁਪਏ ਵਿਚ ਵੇਚ ਰਹੀਆਂ ਹਨ। ਕਿਤਾਬਾਂ ਦੇ ਕੁਝ ਸੈੱਟ ਕੰਬੋ ਆਫਰ ਵਿਚ ਵੀ ਵੇਚੇ ਜਾ ਰਹੇ ਹਨ ਅਤੇ ਇਸ ਦੇ ਲਈ 850 ਰੁਪਏ ਵਸੂਲੇ ਜਾ ਰਹੇ ਹਨ।
ਪ੍ਰਸ਼ਨ ਪੱਤਰ ਗਾਈਡ ਅਤੇ ਰੈਫਰੈਂਸ ਪੁਸਤਕ ਲਈ ਕਈ ਆਕਰਸ਼ਕ ਆਫਰ ਦਿੱਤੇ ਜਾ ਰਹੇ ਹਨ। ਵਿਗਿਆਨ ਅਤੇ ਗਣਿਤ ਦੀਆਂ ਕਿਤਾਬਾਂ ਦੇ ਹਿੰਦੀ ਅਨੁਵਾਦ ਵੀ ਆਨਲਾਈਨ ਉਪਲਬਧ ਹਨ। ਅਜਿਹੇ ਆਫਰ ਵੀ ਦਿੱਤੇ ਗਏ ਹਨ, ਜਿਨ੍ਹਾਂ ਵਿਚ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਵਿਗਿਆਨ ਦੀਆਂ ਪਾਠ ਪੁਸਤਕਾਂ ਦੇ ਕੰਬੋ ਆਫਰ, ਰਾਜਨੀਤੀ ਵਿਗਿਆਨ ਦੀਆਂ ਕਿਤਾਬਾਂ ਦੇ ਕੰਬੋ ਪੈਕ ਵੀ ਸਾਈਟਾਂ ’ਤੇ ਉਪਲਬਧ ਹਨ।
ਪ੍ਰਿੰਟ ਕੱਢਵਾ ਕੇ ਕਰੋ ਪੜ੍ਹਾਈ
ਮੋਹਾਲੀ ਦੇ ਇਕ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਕਿਤਾਬਾਂ ਆਨਲਾਈਨ ਖਰੀਦ ਕੇ ਪੈਸੇ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਦੇ ਸਾਰੇ ਚੈਪਟਰ ਆਨਲਾਈਨ ਉਪਲਬਧ ਹਨ। ਕਿਤਾਬਾਂ ਦੀ ਅਣਹੋਂਦ ਕਾਰਨ ਬੱਚੇ ਉਨ੍ਹਾਂ ਚੈਪਟਰਾਂ ਦੇ ਪ੍ਰਿੰਟ ਕੱਢਵਾ ਕੇ ਪੜ੍ਹ ਸਕਦੇ ਹਨ। ਪਿਛਲੇ ਹਫ਼ਤੇ ਕਈ ਨਵੀਆਂ ਕਿਤਾਬਾਂ ਸਕੂਲਾਂ ਵਿਚ ਪਹੁੰਚ ਚੁੱਕੀਆਂ ਹਨ ਅਤੇ ਉਮੀਦ ਹੈ ਕਿ ਬਾਕੀ ਕਿਤਾਬਾਂ ਵੀ ਜਲਦੀ ਹੀ ਸਕੂਲਾਂ ਵਿਚ ਪੁੱਜ ਜਾਣਗੀਆਂ।
ਸਕੂਲੀ ਬੱਚਿਆਂ ਨੂੰ ਕੀਤਾ ਜਾਵੇਗਾ ਜਾਗਰੂਕ
ਪੰਜਾਬ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੀ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਦਾ ਕਹਿਣਾ ਹੈ ਕਿ ਫਿਲਹਾਲ ਐੱਨ.ਸੀ.ਈ.ਆਰ.ਟੀ. ਨੇ ਆਨਲਾਈਨ ਕੰਪਨੀਆਂ ਵੱਲੋਂ ਬਲੈਕ ਵਿਚ ਵੇਚੀਆਂ ਜਾ ਰਹੀਆਂ ਕਿਤਾਬਾਂ ਬਾਰੇ ਐੱਸ. ਸੀ. ਈ. ਆਰ. ਟੀ. ਨੂੰ ਕੋਈ ਹਦਾਇਤ ਨਹੀਂ ਕੀਤੀ ਹੈ ਅਤੇ ਨਾ ਹੀ ਇਹ ਮਾਮਲਾ ਹਾਲੇ ਤੱਕ ਐੱਸ. ਸੀ. ਈ. ਆਰ. ਟੀ. ਦੇ ਧਿਆਨ ਵਿਚ ਆਇਆ ਹੈ। ਜੇਕਰ ਐੱਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ਨੂੰ ਸਕੂਲੀ ਬੱਚੇ ਬਲੈਕ ਵਿਚ ਖਰੀਦ ਰਹੇ ਹਨ ਤਾਂ ਇਹ ਗੰਭੀਰ ਮਾਮਲਾ ਹੈ, ਵਿਭਾਗ ਇਸ ਸਬੰਧੀ ਬੱਚਿਆਂ ਨੂੰ ਜਾਗਰੂਕ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਟਰਲ ਜੇਲ੍ਹ ਇਕ ਵਾਰ ਮੁੜ ਸੁਰਖੀਆਂ ’ਚ, ਕੈਦੀਆਂ/ਹਵਾਲਾਤੀਆਂ ਤੋਂ ਮਿਲੇ 7 ਮੋਬਾਈਲ
NEXT STORY