ਫ਼ਰੀਦਕੋਟ,(ਹਾਲੀ)- ਬੇਸ਼ੱਕ ਵੱਧ ਰਹੀ ਠੰਡ ਨੂੰ ਵੇਖਦਿਆਂ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਗਰੀਬ ਲੋਕਾਂ ਨੂੰ ਕੰਬਲ ਵੰਡੇ ਜਾਂਦੇ ਹਨ ਪਰ ਜਿੱਥੋਂ ਤੱਕ ਉਹ ਗੁਰਬਤ ਦੇ ਮਾਰੇ ਲੋਕਾਂ ਦਾ ਸਵਾਲ ਹੈ, ਉਨ੍ਹਾਂ ਦੀ ਹਿਫ਼ਾਜ਼ਤ ਲਈ ਜ਼ਿਲਾ ਹੈੱਡ ਕੁਆਰਟਰ ਵਿਖੇ ਬਣੇ ਰੈਣ-ਬਸੇਰੇ ਅਜੇ ਵੀ ਗਰੀਬਾਂ ਲਈ ਇਕ ਸੁਪਨਾ ਹੀ ਬਣੇ ਹੋਏ ਹਨ। ਇਸ ਕਰ ਕੇ ਗਰੀਬ ਲੋਕ ਠੰਡ ਦੇ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠ ਦਿਨ ਕੱਟਣ ਲਈ ਮਜਬੂਰ ਹਨ। ਇੱਥੇ ਇਹ ਦੱਸਣਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਹਿਫ਼ਾਜ਼ਤ ਲਈ ਆਰਜ਼ੀ ਰੈਣ-ਬਸੇਰਿਆਂ ਦਾ ਨਿਰਮਾਣ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਲੋਕਾਂ ਨੂੰ ਵੀ ਠੰਡ ਅਤੇ ਗਰਮੀ ਤੋਂ ਰਾਹਤ ਮਿਲ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਥੋਂ ਦੀ ਨਵੀਂ ਦਾਣਾ ਮੰਡੀ, ਰਾਮ ਬਾਗ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ’ਤੇ ਅਕਸਰ ਇਸ ਤਰ੍ਹਾਂ ਦੇ ਲੋਕ ਠੰਡ ਵਿਚ ਠੁਰ-ਠੁਰ ਕਰਦੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਲਈ ਆਰਜ਼ੀ ਰੈਣ-ਬਸੇਰੇ ਦੀ ਸੁਵਿਧਾ ਇਕ ਸੁਪਨਾ ਬਣ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਯਾਤਰੀਆਂ ਨੂੰ ਵੀ ਠੰਡ ਦੇ ਮੌਸਮ ਵਿਚ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ’ਤੇ ਖੁੱਲ੍ਹੇ ਆਸਮਾਨ ਹੇਠ ਹੀ ਰਾਤ ਗੁਜ਼ਾਰਨੀ ਪੈਂਦੀ ਹੈ, ਜੋ ਕਿਸੇ ਕਾਰਨ ਆਪਣੇ ਟਿਕਾਣੇ ’ਤੇ ਪਹੁੰਚ ਨਹੀਂ ਪਾਉਂਦੇ।
ਇਸ ਸਬੰਧੀ ਯਾਤਰੀ ਰਾਮਦੀਨ, ਬਲਰਾਮ ਅਤੇ ਰਾਮੂ ਨੇ ਦੱਸਿਆ ਨੇ ਦੱਸਿਆ ਕਿ ਉਨ੍ਹਾਂ ਲਈ ਹੋਟਲਾਂ ਦੇ ਕਮਰਿਆਂ ਵਿਚ ਰਾਤ ਗੁਜ਼ਾਰਨਾ ਬਹੁਤ ਅੌਖਾ ਹੈ ਕਿਉਂਕਿ ਹੋਟਲਾਂ ਦੇ ਮਹਿੰਗੇ ਰੇਟ ਉਨ੍ਹਾਂ ਵੱਲੋਂ ਅਦਾ ਕੀਤੇ ਜਾਣੇ ਬਹੁਤ ਮੁਸ਼ਕਲ ਹਨ। ਇਸੇ ਤਰ੍ਹਾਂ ਯਾਤਰੀ ਰਾਮ ਲਾਲ, ਜਤਿਨ ਚੰਦ ਨੇ ਦੱਸਿਆ ਕਿ ਦੂਰ-ਦੁਰਾਡੇ ਇਲਾਕਿਅਾਂ ਨਾਲ ਸਬੰਧਤ ਹੋਣ ਕਾਰਨ ਕਈ ਵਾਰ ਉਹ ਆਵਾਜਾਈ ਸਾਧਨ ਨਹੀਂ ਜੁਟਾ ਪਾਉਂਦੇ, ਜਿਸ ਕਰ ਕੇ ਅਗਲੀ ਸਵੇਰ ਦਾ ਇੰਤਜ਼ਾਰ ਕਰਨ ਲਈ ਉਨ੍ਹਾਂ ਨਾਲ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਵੀ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ’ਤੇ ਬੈਠ ਕੇ ਰਾਤ ਗੁਜ਼ਾਰਨੀ ਪੈਂਦੀ ਹੈ। ਉਨ੍ਹਾਂ ਸੂਬਾ ਸਰਕਾਰ ਪ੍ਰਤੀ ਗਿਲਾ ਕਰਦਿਆਂ ਕਿਹਾ ਕਿ ਇਹ ਸਥਿਤੀ ਸੂਬੇ ਵਿਚ ਲਗਭਗ ਹਰ ਥਾਂ ਹੈ ਅਤੇ ਸਭ ਤੋਂ ਮਾਡ਼ੀ ਸਥਿਤੀ ਵੱਡੇ ਸ਼ਹਿਰਾਂ ਦੀ ਹੈ, ਜਿੱਥੇ ਬਹੁ-ਗਿਣਤੀ ਯਾਤਰੀ ਅਤੇ ਇਸ ਤਰ੍ਹਾਂ ਦੇ ਗਰੀਬ ਲੋਕ ਅਜੋਕੇ ਇਸ ਠੰਡੇ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠ ਦਿਨ ਕੱਟਣ ਲਈ ਮਜਬੂਰ ਹੁੰਦੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਏ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਜਿੱਥੋਂ ਤੱਕ ਉਕਤ ਸੁਵਿਧਾ ਦਾ ਸਵਾਲ ਹੈ, ਇਸ ਪੱਖੋਂ ਬੀਤੇ ਸਮੇਂ ਦੇ ਨਾਲ-ਨਾਲ ਮੌਜੂਦਾ ਸਰਕਾਰ ਦਾ ਵੀ ਹੱਥ ਤੰਗ ਹੀ ਰਿਹਾ ਹੈ, ਜਿਸ ਕਰ ਕੇ ਠੰਡ ਅਤੇ ਗਰਮੀ ਕਾਰਨ ਕਈ ਕੀਮਤੀ ਜਾਨਾਂ ਜਾਣ ਦੀਆਂ ਘਟਨਾਵਾਂ ਅਕਸਰ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਦੀਆਂ ਆ ਰਹੀਆਂ ਹਨ। ਇਲਾਕਾ ਵਾਸੀਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਿਲਾ ਹੈੱਡ ਕੁਆਰਟਰ ’ਤੇ ਰੈਣ-ਬਸੇਰੇ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਅਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਰਾਹਤ ਮਿਲ ਸਕੇ।
ਇਸ ਬਾਰੇ ਜਦੋਂ ਜ਼ਿਲਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਮਸ਼ਾਨਘਾਟ ਨੰਦਿਆਣਾ ਗੇਟ ਨਜ਼ਦੀਕ ਰੈਣ-ਬਸੇਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਜ਼ਰੂਰਤਮੰਦ ਲੋਕ ਰਾਤ ਕੱਟਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਕਈ ਹੋਰ ਥਾਵਾਂ ’ਤੇ ਵੀ ਜ਼ਿਲੇ ਵਿਚ ਰੈਣ-ਬਸੇਰੇ ਬਣਾਏ ਗਏ ਹਨ।
ਚੈੱਕ ਬਾਊਂਸ ਦੇ ਮਾਮਲੇ ’ਚ 1 ਨੂੰ ਕੈਦ ਤੇ ਜੁਰਮਾਨਾ
NEXT STORY