ਮਮਦੋਟ(ਸ਼ਰਮਾ)–ਬੀਤੇ ਦਿਨ ਤੋਂ ਆਏ ਦਿਨ ਰੁੱਕ-ਰੁੱਕ ਕੇ ਜ਼ੋਰਦਾਰ ਮੀਂਹ ਪੈਣ ਨਾਲ ਬਲਾਕ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਇਕ ਗਰੀਬ ਬਜ਼ੁਰਗ ਦਾ ਕੱਚਾ ਮਕਾਨ ਡਿੱਗ ਕੇ ਢਹਿ-ਢੇਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਉਹ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜ਼ਬੂਰ ਹੋ ਗਏ ਹਨ।
ਇਸ ਸਬੰਧੀ ਪਿੰਡ ਹਜਾਰਾ ਸਿੰਘ ਵਾਲਾ ਦੇ ਜੱਗਾ ਸਿੰਘ (75) ਪੁੱਤਰ ਕਾਕਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜ਼ੋਰਦਾਰ ਮੀਂਹ ਪੈਣ ਨਾਲ ਉਨ੍ਹਾਂ ਦਾ ਕੱਚਾ ਮਕਾਨ ਡਿੱਗ ਕੇ ਢਹਿ-ਢੇਰੀ ਹੋ ਗਿਆ ਅਤੇ ਘਰੇਲੂ ਵਰਤੋਂ ਵਾਲਾ ਸਾਮਾਨ ਵੀ ਤਬਾਹ ਹੋ ਗਿਆ ਹੈ , ਜਿਸ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਅਤੇ ਨਾ ਹੀ ਉਹ ਬਜ਼ੁਰਗ ਅਵਸਥਾ ’ਚ ਕੋਈ ਕੰਮ ਕਾਰ ਕਰ ਸਕਦੇ ਹਨ, ਉਹ ਐਨੇ ਸਮਰੱਥ ਵੀ ਨਹੀਂ ਹਨ ਕਿ ਉਹ ਨਵੇਂ ਸਿਰੇ ਤੋਂ ਆਪਣਾ ਮਕਾਨ ਉਸਾਰ ਸਕਣ। ਪਿੱਛਲੇ ਕਈ ਸਾਲਾਂ ਤੋਂ ਉਹ ਇਸ ਕੱਚੇ ਮਕਾਨ ’ਚ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਸਨ। ਬੀਤੀ ਦਿਨੀਂ ਆਈਆਂ ਬਾਰਿਸ਼ਾਂ ਕਾਰਨ ਉਹ ਵੀ ਡਿੱਗ ਪਿਆ ਹੈ।
ਉਨ੍ਹਾਂ ਕਿਹਾ ਕਿ ਪਿੱਛਲੇ ਸਾਲਾਂ ਤੋਂ ਕਈ ਵਾਰ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਮਕਾਨ ਬਨਾਉਣ ਦੇ ਸਰਵੇ ਵੀ ਕੀਤੇ ਗਏ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਪੱਕਾ ਮਕਾਨ ਨਹੀਂ ਦਿੱਤਾ ਗਿਆ। ਜਿਸ ਕਰ ਕੇ ਅੱਜ ਉਨ੍ਹਾਂ ਦੇ ਸਿਰ ਢੱਕਣ ਵਾਸਤੇ ਕੋਈ ਛੱਤ ਨਹੀਂ ਬਚੀ । ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ, ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਪੱਕੇ ਮਕਾਨ ਦੀ ਗ੍ਰਾਟ ਦਿੱਤੀ ਜਾਵੇ, ਤਾਂ ਜੋ ਉਹ ਆਪਣਾ ਪੱਕਾ ਮਕਾਨ ਬਣਾ ਕੇ ਸਹੀ ਜੀਵਨ ਬਤੀਤ ਕਰ ਸਕਣ।
ਪੰਜਾਬ ਸਰਕਾਰ ਨੇ ਕਰ 'ਤਾ ਐਲਾਨ, ਭਰੀਆਂ ਜਾਣਗੀਆਂ ਇਹ ਅਸਾਮੀਆਂ
NEXT STORY