ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ 'ਤੇ ਚੱਲ ਰਹੀ ਇਕ ਘਿਉ ਦੀ ਫੈਕਟਰੀ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿਚ ਟੀਮ ਇਕ ਸ਼ਿਕਾਇਤ ਦੇ ਅਧਾਰ 'ਤੇ ਇੱਥੇ ਪਹੁੰਚੀ। ਵਿਭਾਗ ਵੱਲੋਂ ਦੇਖਿਆ ਗਿਆ ਕਿ ਇਸ ਜਗ੍ਹਾ 'ਤੇ ਵੈਜੀਟੇਬਲ ਆਇਲ ਬਣਾ ਕੇ ਪੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਆਧਾਰ 'ਤੇ ਵਿਭਾਗ ਨੇ ਵੈਜੀਟੇਬਲ ਆਇਲ ਦੇ ਸੈਂਪਲ ਲਏ। ਉਧਰ ਦਸ ਦੇਈਏ ਕਿ ਚੱਲ ਰਹੀ ਇਸ ਘਿਉ ਦੀ ਫੈਕਟਰੀ ਵਿਚ ਮੌਜੂਦ ਰਿਫਾਇੰਡ ਆਇਲ, ਵਨਸਪਤੀ ਆਇਲ ਅਤੇ ਦੇਸੀ ਘਿਉ ਦੇ ਟੀਨ ਇਸ ਸਾਰੇ ਕੰਮ ਨੂੰ ਸ਼ੱਕ ਦੇ ਘੇਰੇ ਵਿਚ ਲੈ ਕੇ ਆਉਂਦੇ ਹਨ। ਜਦ ਮੌਕੇ 'ਤੇ ਵੇਖਿਆ ਗਿਆ ਕਿ ਇਕ ਹੀ ਐੱਫ. ਐੱਸ. ਐੱਸ. ਏ. ਆਈ ਨੰਬਰ ਅਲੱਗ-ਅਲੱਗ ਮਾਰਕਿਆਂ 'ਤੇ ਲਾਇਆ ਜਾ ਰਿਹਾ ਹੈ।
ਫੈਕਟਰੀ ਵਿਚ ਮੌਕੇ 'ਤੇ ਹੀ ਕਰੀਬ 9 ਅਲੱਗ ਅਲੱਗ ਮਾਰਕਿਆਂ ਦੇ ਸਟੀਕਰ ਅਤੇ ਹੋਰ ਸਮੱਗਰੀ ਪਈ ਨਜ਼ਰ ਆਈ। ਨਿਯਮਾਂ ਮੁਤਾਬਿਕ ਇਕ ਐੱਫ. ਐੱਸ. ਐੱਸ. ਏ. ਆਈ ਨੰਬਰ ਹੇਠ ਸਿਰਫ ਇਕ ਮਾਰਕਾ ਹੀ ਤਿਆਰ ਹੋ ਸਕਦਾ ਹੈ। ਦੱਸ ਦੇਈਏ ਕਿ ਮਾਰਕਿਟ ਵਿਚ ਤਿਉਹਾਰੀ ਸੀਜਨ ਦੇ ਚੱਲਦਿਆਂ ਕਥਿਤ ਨਕਲੀ ਦੇਸੀ ਘਿਉ ਦੀ ਆਮਦ ਹੁੰਦੀ ਹੈ ਜਿਸਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਅਜਿਹੀ ਕਾਰਵਾਈ ਆਰੰਭੀ ਗਈ ਹੈ। ਉਧਰ ਜਿਸ ਫੈਕਟਰੀ 'ਤੇ ਵਿਭਾਗ ਨੇ ਅੱਜ ਛਾਪੇਮਾਰੀ ਕੀਤੀ ਉਸ ਫੈਕਟਰੀ ਵਿਚ 9 ਵੱਖ ਵੱਖ ਤਰ੍ਹਾਂ ਮਾਰਕਿਆਂ ਦੇ ਸਟੀਕਰ ਅਤੇ ਹੋਰ ਸਮੱਗਰੀ ਕਿਤੇ ਨਾ ਕਿਤੇ ਬਾਕੀ ਵਿਭਾਗਾਂ ਦੀ ਕਾਰਵਾਈ 'ਤੇ ਸਵਾਲ ਲਗਾਉਂਦੀ ਹੈ। ਇੱਕ ਹੀ ਐੱਫ. ਐੱਸ. ਐੱਸ. ਏ. ਆਈ ਨੰਬਰ ਹੇਠ ਵੱਖ-ਵੱਖ ਮਾਰਕੇ ਕਿਸ ਤਰ੍ਹਾਂ ਤਿਆਰ ਕੀਤੇ ਜਾ ਸਕਦੇ ਹਨ ਇਹ ਵੱਡਾ ਸਵਾਲ ਹੈ।
ਵੈਜੀਟੇਬਲ ਆਇਲ ਬਣਾਉਣ ਦੀ ਵਿਧੀ 'ਤੇ ਸਵਾਲ
ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਇਸ ਫੈਕਟਰੀ ਵਿਚ ਵੱਡੀ ਗਿਣਤੀ ਵਿਚ ਰਿਫਾਇੰਡ ਅਤੇ ਵਨਸਪਤੀ ਘਿਉ ਦੇ ਟੀਨਾਂ ਤੋਂ ਇਲਾਵਾ ਦੇਸੀ ਘਿਉ ਦੇ ਟੀਨ ਵੀ ਪਏ ਹਨ। ਜੇਕਰ ਫੈਕਟਰੀ ਵਿਚ ਇਕੱਲਾ ਵੈਜੀਟੇਬਲ ਆਇਲ ਬਣਦਾ ਹੈ ਤਾਂ ਫਿਰ ਦੇਸੀ ਘਿਉ ਦੇ ਟੀਨ ਇਸ ਫੈਕਟਰੀ ਵਿਚ ਕਿਸ ਲਈ ਵਰਤੇ ਜਾ ਰਹੇ ਹਨ ਇਹ ਸਵਾਲ ਉਠਦਾ ਹੈ। ਉਧਰ ਹੀ ਦਸ ਦੇਈਏ ਕਿ ਫੈਕਟਰੀ ਆਪਣਾ ਸਮਾਨ ਇਕ ਜਾਂ ਦੋ ਮਾਰਕਿਆਂ ਹੇਠ ਹੀ ਕਿਉਂ ਨਹੀਂ ਵੇਚ ਰਹੀ ਆਖਿਰ ਇਕ ਐੱਫ, ਐੱਸ. ਐੱਸ. ਏ. ਆਈ ਨੰਬਰ ਨੂੰ ਹੀ 9 ਅਲੱਗ-ਅਲੱਗ ਮਾਰਕਿਆਂ 'ਤੇ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ ਕੀ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ।
ਸਾਡੇ ਵੱਲੋਂ ਸੈਂਪਲ ਭਰ ਲਏ ਗਏ ਹਨ - ਜ਼ਿਲ੍ਹਾ ਸਿਹਤ ਅਫ਼ਸਰ
ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਦੀਪਇੰਦਰ ਕੁਮਾਰ ਨੇ ਕਿਹਾ ਕਿ ਵਿਭਾਗ ਦੀ ਟੀਮ ਨੇ ਅੱਜ ਦੋ ਵੱਖ-ਵੱਖ ਮਾਰਕਿਆਂ ਦੇ ਸੈਂਪਲ ਭਰੇ ਹਨ। ਇਹ ਸੈਂਪਲ ਜਾਂਚ ਲਈ ਭੇਜੇ ਜਾਣਗੇ ਕਿਸੇ ਵੀ ਤਰ੍ਹਾਂ ਦਾ ਸਿਹਤ ਨਾਲ ਕੋਈ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਭਾਗ ਕੋਲ ਅਜਿਹੀ ਕਿਸੇ ਫੈਕਟਰੀ ਦੀ ਰਜਿਸਟ੍ਰੇਸ਼ਨ ਨਹੀਂ - ਲੇਬਰ ਇੰਸਪੈਕਟਰ
ਸ੍ਰੀ ਮੁਕਤਸਰ ਸਾਹਿਬ ਦੇ ਲੇਬਰ ਇੰਸਪੈਕਟਰ ਲਵਪ੍ਰੀਤ ਕੌਰ ਨੇ ਕਿਹਾ ਕਿ ਘਿਉ ਬਣਾਉਣ ਵਾਲੀ ਸ੍ਰੀ ਮੁਕਤਸਰ ਸਾਹਿਬ ਦੀ ਕਿਸੇ ਵੀ ਇਸ ਤਰ੍ਹਾਂ ਦੀ ਫੈਕਟਰੀ ਦੀ ਵਿਭਾਗ ਕੋਲ ਰਜਿਸਟ੍ਰੇਸ਼ਨ ਨਹੀਂ ਹੈ। ਇਸ ਸਬੰਧੀ ਜਾਂਚ ਕਰਵਾਈ ਜਾਵੇਗੀ।
ਪੰਜਾਬ 'ਚ ਹੜ੍ਹਾਂ ਕਾਰਨ 23 ਮੌਤਾਂ! ਹਜ਼ਾਰਾਂ ਪਿੰਡ ਡੁੱਬੇ, ਮੰਤਰੀ ਗੋਇਲ ਨੇ ਦੱਸੀ ਤਬਾਹੀ ਦੀ ਵਜ੍ਹਾ (ਵੀਡੀਓ)
NEXT STORY