ਲੁਧਿਆਣਾ,(ਸਲੂਜਾ)- ਆਮ ਆਦਮੀ ਪਾਰਟੀ ਪੰਜਾਬ ਨੂੰ ਸਿਆਸੀ ਤੌਰ 'ਤੇ ਉਸ ਸਮੇਂ ਬਲ ਮਿਲਿਆ, ਜਦੋਂ ਕਾਂਗਰਸ ਪਾਰਟੀ ਦੇ ਹਲਕਾ ਜੀਰਾ ਤੋਂ ਦੋ ਵਾਰ ਰਹੇ ਵਿਧਾਇਕ ਨਰੇਸ਼ ਕਟਾਰੀਆ, ਪਠਾਨਕੋਟ ਤੋਂ ਕਾਂਗਰਸ ਪਾਰਟੀ ਦੇ 4 ਵਾਰ ਕੌਂਸਲਰ ਰਹੇ ਚੌਧਰੀ ਰਮੇਸ਼ ਕੁਮਾਰ, ਜੀਰਾ ਤੋਂ ਅਕਾਲੀ ਦਲ ਦੇ ਸ਼ਵਿੰਦਰ ਸਿੰਘ ਸ਼ਿੰਦਾ, ਹਲਕਾ ਬੱਲੂਆਣਾ ਤੋਂ ਅਕਾਲੀ ਦਲ ਦੇ ਰਮੇਸ਼ ਮੇਘਵਾਲ ਅਤੇ ਲੋਕ ਇਨਸਾਫ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ 'ਆਪ' 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਨ ਸਭਾ 'ਚ ਵਿਰੋਧੀ ਗੁੱਟ ਦੇ ਨੇਤਾ ਹਰਪਾਲ ਸਿੰਘ ਚੀਮਾ, ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ, ਲੁਧਿਆਣਾ ਕੇਂਦਰੀ ਜ਼ੋਨ ਦੇ ਸਾਬਕਾ ਇੰਚਾਰਜ ਸੀ. ਏ. ਸੁਰੇਸ਼ ਗੋਇਲ, ਨਵਦੀਪ ਸੰਘਾ ਅਤੇ ਜਤਿੰਦਰ ਭੱਲਾ ਸਮੇਤ ਪਾਰਟੀ ਦੀ ਲੀਡਰਸ਼ਿਪ ਮੌਜੂਦ ਸੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਇਨ੍ਹਾਂ ਸਾਰਿਆਂ ਦਾ ਆਪਣੇ ਹਮਾਇਤੀਆਂ ਸਮੇਤ 'ਆਪ' 'ਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਪਾਰਟੀ 'ਚ ਪੂਰਾ ਸਨਮਾਨ ਅਤੇ ਬਣਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਆਮ ਆਦਮੀ ਪਾਰਟੀ 'ਚ ਬਹੁਤ ਸਾਰੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦਾ ਪਿਛਲਾ ਕੋਈ ਸਿਆਸੀ ਕੈਰੀਅਰ ਨਹੀਂ ਰਿਹਾ। ਪ੍ਰਧਾਨ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਹੈ ਪਰ ਰਾਜ ਮਾਫੀਆ ਦਾ ਚਲਦਾ ਹੈ। ਇਸ ਦੀ ਦੁਖਾਂਤਕ ਮਿਸਾਲ ਸ਼ਰਾਬ ਮਾਫੀਆ ਦੀ ਹੈ, ਜਿਨ੍ਹਾਂ ਵੱਲੋਂ ਤਿਆਰ ਕੀਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਗਰੀਬ ਅਤੇ ਮਜ਼ਦੂਰੀ ਕਰਨ ਵਾਲੇ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ 'ਚ ਇੰਨਾ ਵੱਡਾ ਹਾਦਸਾ ਸ਼ਰਾਬ ਮਾਫੀਆ ਦੀ ਬਦੌਲਤ ਵਾਪਰ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਧਰਨੇ ਲਗਾ ਕੇ ਉਨ੍ਹਾਂ ਦੇ ਫਾਰਮ ਹਾਊਸ 'ਚੋਂ ਬਾਹਰ ਕੱਢਣਾ ਪਿਆ।
ਭਗਵੰਤ ਮਾਨ ਨੇ ਕਿਹਾ ਕਿ ਸੀ. ਐੱਮ. ਪੰਜਾਬ ਨੇ ਇਹ ਐਲਾਨ ਕੀਤਾ ਕਿ ਜ਼ਹਿਰੀਲੀ ਸ਼ਰਾਬ ਕੇਸ 'ਚ ਮੁਲਜ਼ਮਾਂ ਖਿਲਾਫ ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਰਕਾਰ ਇਹ ਤਾਂ ਦੱਸੇ ਕਿ ਜਿਨ੍ਹਾਂ ਕਾਂਗਰਸੀਆਂ ਦੇ ਨਾਂ ਇਸ ਕੇਸ ਵਿਚ ਉੱਠ ਰਹੇ ਹਨ, ਉਨ੍ਹਾਂ ਖਿਲਾਫ ਪਾਰਟੀ ਨੇ ਅੱਜ ਤੱਕ ਕੀ ਕਾਰਵਾਈ ਕੀਤੀ ਅਤੇ ਇਹ ਵੀ ਦੱਸੇ ਕਿ ਕਿਸ ਮੁਲਜ਼ਮ ਖਿਲਾਫ ਪੁਲਸ ਨੇ ਧਾਰਾ 302 ਲਾਈ ਹੈ।
ਮਾਨ ਨੇ ਕਿਹਾ ਕਿ ਸਾਫ-ਸੁਥਰਾ ਪ੍ਰਸ਼ਾਸਨ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਵਿਚ ਤਾਂ ਚਾਰੇ ਪਾਸੇ ਭ੍ਰਿਸ਼ਟਾਚਾਰ ਹੀ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ , ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤਾਂ ਪਲਾਜ਼ਮਾਂ 20 ਹਜ਼ਾਰ ਰੁਪਏ 'ਚ ਵੇਚਣ ਦੀ ਤਿਆਰੀ ਵਿਚ ਸੀ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਜਦੋਂ ਆਪ ਨੇ ਇਸ ਕੇਸ ਨੂੰ ਇਹ ਦਲੀਲ ਦਿੰਦੇ ਹੋਏ ਜ਼ੋਰ-ਸ਼ੋਰ ਨਾਲ ਉਠਾਇਆ ਕਿ ਜਦੋਂ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਮੁਫਤ ਪਲਾਜ਼ਮਾਂ ਦਾ ਪ੍ਰਬੰਧ ਕਰ ਸਕਦੀ ਹੈ ਤਾਂ ਫਿਰ ਪੰਜਾਬ 'ਚ ਕਿਉਂ ਵੇਚਿਆ ਜਾਵੇਗਾ। ਮਾਨ ਨੇ ਕਿਹਾ ਕਿ 'ਆਪ' ਦੇ ਦਬਾਅ ਹੇਠ ਪੰਜਾਬ ਸਰਕਾਰ ਨੂੰ ਸਿਰਫ ਤਿੰਨ ਦਿਨਾਂ 'ਚ ਆਪਣੇ ਫੈਸਲਾ ਬਦਲਣਾ ਪਿਆ ਅਤੇ ਪਲਾਜ਼ਾਂ ਮੁਫਤ ਦੇਣ ਦਾ ਐਲਾਨ ਕਰ ਦਿੱਤਾ ਗਿਆ।
ਪੰਜਾਬ ’ਚ ਕੋਰੋਨਾ ਕਾਰਣ 55 ਮੌਤਾਂ, 1438 ਨਵੇਂ ਮਾਮਲੇ ਆਏ ਸਾਹਮਣੇ
NEXT STORY