ਮੋਗਾ (ਆਜ਼ਾਦ)—ਬੀਤੀ ਰਾਤ ਧਰਮਕੋਟ-ਜਲੰਧਰ ਰੋਡ 'ਤੇ ਹੋਏ ਇਕ ਭਿਆਨਕ ਹਾਦਸੇ 'ਚ ਦੋ ਨੌਜਵਾਨ ਲੜਕਿਆਂ ਦੀ ਮੌਤ ਹੋ ਗਈ, ਜਦਕਿ ਦੋ ਲੜਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਅਤੇ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਹਾਦਸੇ ਦਾ ਪਤਾ ਲੱਗਣ 'ਤੇ ਥਾਣਾ ਧਰਮਕੋਟ ਦੇ ਮੁਖੀ ਕਸ਼ਮੀਰ ਸਿੰਘ ਅਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਜਾਣਕਾਰੀ ਅਨੁਸਾਰ ਅਜੈ ਪਾਲ ਸਿੰਘ ਨਿਵਾਸੀ ਪਿੰਡ ਮੂਸੇਵਾਲ, ਜੋ ਖੇਤੀਬਾੜੀ ਦਾ ਕੰਮ ਕਰਦਾ ਸੀ, ਆਪਣੇ ਦੋਸਤਾਂ ਕੋਟ ਈਸੇ ਖਾਂ ਨਿਵਾਸੀ ਵਿਕਾਸ ਅਰੋੜਾ (20), ਉਸ ਦੇ ਭਰਾ ਮੋਹਿਤ (17) ਅਤੇ ਚਚੇਰੇ ਭਰਾ ਮਨੋਜ ਕੁਮਾਰ (25) ਨਾਲ ਬੀਤੀ ਦੇਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਮਾਤਾ ਚਿੰਤਪੂਰਨੀ ਤੋਂ ਕਾਰ 'ਚ ਵਾਪਸ ਆ ਰਹੇ ਸਨ ਤਾਂ ਜਦੋਂ ਉਹ ਜਲੰਧਰ ਰੋਡ 'ਤੇ ਸਥਿਤ ਸ਼ਗਨ ਪੈਲੇਸ ਕੋਲ ਪੁੱਜੇ ਤਾਂ ਅਚਾਨਕ ਸੜਕ ਵਿਚਕਾਰ ਆਏ ਇਕ ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਕਾਰ ਢਾਬੇ ਕੋਲ ਖੜ੍ਹੇ ਇਕ ਟਰੱਕ ਹੇਠਾਂ ਜਾ ਵੜੀ। ਇਸ ਹਾਦਸੇ 'ਚ ਕਾਰ ਚਾਲਕ ਅਜੇ ਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਿਕਾਸ ਅਰੋੜਾ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ। ਮੋਹਿਤ ਅਤੇ ਮਨੋਜ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਧਰਮਕੋਟ ਪੁਲਸ ਵੱਲੋਂ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਜਿਥੋਂ ਮੋਹਿਤ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ।
ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ
ਥਾਣਾ ਧਰਮਕੋਟ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਅਜੈਪਾਲ ਸਿੰਘ ਦੇ ਪਿਤਾ ਸ਼ਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਨਿਵਾਸੀ ਪਿੰਡ ਮੂਸੇਵਾਲ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦੋਵਾਂ ਮ੍ਰਿਤਕ ਲੜਕਿਆਂ ਦੀਆਂ ਲਾਸ਼ਾਂ ਨੂੰ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।
ਚੰਡੀਗੜ੍ਹ : ਪੰਜਾਬ ਪੁਲਸ ਦੇ ਟਰੱਕ 'ਚੋਂ ਨਾਜਾਇਜ਼ ਸ਼ਰਾਬ ਬਰਾਮਦ
NEXT STORY