ਸੰਗਤ ਮੰਡੀ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਤਿੰਨ ਦਿਨ ਪਹਿਲਾਂ ਕਿਸਾਨ ਦੇ ਖ਼ੇਤ 'ਚ ਪਾਣੀ ਲਾਉਣ ਸਮੇਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਪਿੰਡ ਦੇ ਹੀ ਇਕ ਕਿਸਾਨ ਦੇ ਖ਼ੇਤ 'ਚ ਬਣੇ ਮੱਛੀ ਫਾਰਮ ਦੇ ਤਾਲਾਬ 'ਚੋਂ ਤੈਰਦੀ ਹੋਈ ਮਿਲੀ। ਲਾਸ਼ ਵੇਖ ਕੇ ਪਿੰਡ ਵਾਸੀਆਂ 'ਚ ਸਹਿਮ ਅਤੇ ਡਰ ਦਾ ਆਹੌਲ ਬਣ ਗਿਆ। ਸੂਚਨਾ ਮਿਲਣ 'ਤੇ ਥਾਣਾ ਸੰਗਤ ਦੇ ਮੁਖੀ ਗੌਰਵ ਵੰਸ਼ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ।
ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਰਫ ਕਾਲੂ (22) ਪੁੱਤਰ ਸੁਖਦੇਵ ਸਿੰਘ ਪਿਛਲੇ ਤਿੰਨ ਦਿਨ ਪਹਿਲਾਂ ਪਿੰਡ ਦੇ ਹੀ ਇਕ ਕਿਸਾਨ ਦੇ ਖ਼ੇਤ 'ਚ ਕਣਕ ਦੀ ਫਸਲ ਨੂੰ ਪਾਣੀ ਲਾਉਣ ਗਿਆ ਸੀ, ਅਮਨਦੀਪ ਸਿੰਘ ਉਸੇ ਦਿਨ ਤੋਂ ਹੀ ਲਾਪਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਸਵੇਰ ਸਮੇਂ ਪਿੰਡ ਦੇ ਹੀ ਕਿਸਾਨ ਬਲਜਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਦੇ ਖ਼ੇਤ 'ਚ ਬਣੇ ਮੱਛੀ ਫਾਰਮ ਦੇ ਤਾਲਾਬ 'ਚ ਅਮਨਦੀਪ ਸਿੰਘ ਦੀ ਲਾਸ਼ ਤਰਦੀ ਹੋਈ ਮਿਲੀ। ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਥਾਣਾ ਸੰਗਤ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਤਲਾਬ 'ਚੋਂ ਬਾਹਰ ਕਢਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਜਦ ਇਸ ਸਬੰਧੀ ਐੱਸ.ਆਈ. ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਦੇ ਸਰੀਰ 'ਤੇ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਤਾਲਾਬ ਦੇ ਨੇੜੇ ਹੀ ਨਸ਼ੇ ਵਾਲੀਆਂ ਗੋਲੀਆਂ ਦਾ ਪੱਤਾ ਅਤੇ ਸ਼ਰਾਬ ਦੀ ਬੋਤਲ ਮਿਲੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਬਠਿੰਡਾ ਦੇ ਸਿਵਲ ਹਸਪਤਾਲ 'ਚ ਬਣੀ ਮੋਰਚਰੀ 'ਚ ਰਖਵਾ ਦਿੱਤਾ ਸੀ, ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਕਤਲ ਹੋਇਆ ਹੈ ਜਾਂ ਅਮਨਦੀਪ ਦੀ ਮੌਤ ਤਾਲਾਬ 'ਚ ਡੁੱਬਣ ਕਾਰਣ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਪੁਲਸ ਵੱਲੋਂ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਡੀ. ਐੱਸ. ਪੀ. ਅਤੁਲ ਸੋਨੀ ਨੂੰ ਅਦਾਲਤ ਵਲੋਂ ਰਾਹਤ, ਗ੍ਰਿਫਤਾਰੀ 'ਤੇ ਲੱਗੀ ਰੋਕ
NEXT STORY