ਪਾਤਡ਼ਾਂ, (ਮਾਨ)- ਸਬ-ਡਵੀਜ਼ਨ ਪਾਤਡ਼ਾਂ ਦੇ ਆਮ ਪਰਿਵਾਰ ਨੂੰ ਪੰਜਾਬ ਪੁਲਸ ਦੇ ਮੁਖੀ ਦਾ ਆਪਣੇ-ਆਪ ਨੂੰ ਕਰੀਬੀ ਦੱਸ ਕੇ ਕਰੀਬ 3 ਸਾਲ ਪਹਿਲਾਂ ਉਨ੍ਹਾਂ ਦੀ ਲਡ਼ਕੀ ਸਮੇਤ ਅੱਧੀ ਦਰਜਨ ਦੇ ਕਰੀਬ ਰਿਸ਼ਤੇਦਾਰਾਂ ਨੂੰ ਪੁਲਸ ’ਚ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਕਥਿਤ ਦੋਸ਼ੀ ਖਿਲਾਫ ਪਰਚਾ ਦਰਜ ਕਰ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀਡ਼ਤ ਪਰਿਵਾਰ ਦੀ ਦਰਖਾਸਤ ਉੱਤੇ 3 ਸਾਲ ਚੱਲੀ ਪਡ਼ਤਾਲ ਮਗਰੋਂ ਪਾਤਡ਼ਾਂ ਪੁਲਸ ਵੱਲੋਂ ਕਮਾਂਡੋ ’ਚ ਤਾਇਨਾਤ ਇਕ ਹੌਲਦਾਰ ਸਮੇਤ 3 ਖ਼ਿਲਾਫ਼ ਕੇਸ ਦਰਜ ਕਰਦੇ ਹੋਏ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਸੇ ਦੀ ਗ੍ਰਿਫਤਾਰੀ ਪੁਲਸ ਵੱਲੋਂ ਨਹੀਂ ਕੀਤੀ ਗਈ ਹੈ।
ਪਾਤਡ਼ਾਂ ਦੇ ਵਾਰਡ ਨੰਬਰ 1 ਦੀ ਰਹਿਣ ਵਾਲੀ ਰਾਜਿੰਦਰ ਕੌਰ ਨੇ ਦੱਸਿਆ ਕਿ ਉਹ ਕੈਂਸਰ ਪੀਡ਼ਤ ਹੈ। ਉਸ ਦਾ ਇਲਾਜ ਪਟਿਆਲਾ ਦੇ ਇਕ ਹਸਪਤਾਲ ਵਿਚ ਚਲਦਾ ਹੈ। ਪਟਿਆਲਾ ਜਾਂਦਿਆਂ ਇਕ ਦਿਨ ਬੱਸ ’ਚ ਉਸ ਦੇ ਪਤੀ ਰਾਜਿੰਦਰ ਕੁਮਾਰ ਦੀ ਅਵਤਾਰ ਸਿੰਘ ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਨੂੰ ਕੈਂਸਰ ਹੈ। ਅਵਤਾਰ ਸਿੰਘ ਨੇ ਹਮਦਰਦੀ ਪ੍ਰਗਟ ਕਰ ਕੇ ਉਨ੍ਹਾਂ ਦੇ ਪਰਿਵਾਰ ਨਾਲ ਨੇਡ਼ਤਾ ਬਣਾ ਲਈ। ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਇਕ ਦਿਨ ਅਵਤਾਰ ਸਿੰਘ ਨੇ ਕਿਹਾ ਕਿ ਉਹ ਡੀ. ਜੀ. ਪੀ. ਸੁਮੇਧ ਸੈਣੀ ਦਾ ਗੰਨਮੈਨ ਹੈ। ਉਨ੍ਹਾਂ ਦੀ ਡੀ. ਜੀ. ਪੀ. ਨਾਲ ਸਿੱਧੀ ਗੱਲਬਾਤ ਹੈ। ਉਹ ਬਹੁਤ ਸਾਰੇ ਲਡ਼ਕੇ-ਲਡ਼ਕੀਆਂ ਨੂੰ ਪੰਜਾਬ ਪੁਲਸ ’ਚ ਭਰਤੀ ਕਰਵਾ ਚੁੱਕਾ ਹੈ। ਉਹ ਇਕ ਦਿਨ ਸਤਨਾਮ ਸਿੰਘ ਨਾਂ ਦੇ ਵਿਅਕਤੀ ਨੂੰ ਲੈ ਕੇ ਆਇਆ ਜਿਸ ਨੂੰ ਉਹ ਥਾਣੇਦਾਰ ਦਸਦਾ ਸੀ। ਉਨ੍ਹਾਂ ਗੱਲਬਾਤਾਂ ਦੇ ਜਾਲ ’ਚ ਫਸਾ ਕੇ ਉਸ ਦੀ ਤੇ ਇਕ ਹੋਰ ਰਿਸ਼ਤੇਦਾਰ ਦੀ ਲਡ਼ਕੀ ਸਮੇਤ 2 ਲਡ਼ਕੀਆਂ ਤੇ ਤਿੰਨ ਲਡ਼ਕਿਆਂ ਨੂੰ ਪੁਲਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ 18 ਲੱਖ ਦੇ ਕਰੀਬ ਰੁਪਏ ਲੈ ਲਏ। ਕਈ ਵਾਰ ਭਰਤੀ ਲਈ ਫਾਰਮ ਭਰਵਾਏ। ਜਦੋਂ ਉਨ੍ਹਾਂ ਨੂੰ ਨੌਕਰੀ ਨਾ ਮਿਲੀ ਤਾਂ ਉਨ੍ਹਾਂ ਆਪਣੀ ਦਿੱਤੀ ਰਾਸ਼ੀ ਵਾਪਸ ਮੰਗੀ। ਇਨ੍ਹਾਂ ਨੇ ਹਲਫੀਆ ਬਿਆਨ ਦੇ ਕੇ ਰੁਪਏ ਵਾਪਸ ਕਰਨ ਦਾ ਯਕੀਨ ਦਿਵਾਇਆ। ਇਕ ਦਿਨ ਅਖ਼ਬਾਰ ਵਿਚ ਜਦੋਂ ਸਤਨਾਮ ਸਿੰਘ ਨੂੰ ਭੁੱਕੀ ਦੇ ਕੇਸ ਵਿਚ ਕਾਬੂ ਕੀਤੇ ਜਾਣ ਦੀ ਖ਼ਬਰ ਪਡ਼੍ਹੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਮਗਰੋਂ ਰੁਪਏ ਵਾਪਸ ਲੈਣ ਲਈ ਇਨ੍ਹਾਂ ਖ਼ਿਲਾਫ਼ ਜ਼ਿਲਾ ਪੁਲਸ ਮੁਖੀ ਨੂੰ ਦਰਖਾਸਤ ਦਿੱਤੀ ਗਈ ਸੀ। ਉਸ ਵੱਲੋਂ ਰਿਸ਼ਤੇਦਾਰਾਂ ਤੋਂ ਵਿਆਜ ’ਤੇ ਫੜ ਕੇ ਅਤੇ ਗਹਿਣੇ ਵੇਚ ਕੇ ਦਿੱਤੇ ਰੁਪਏ ਉਨ੍ਹਾਂ ਨੂੰ ਵਾਪਸ ਦਿਵਾਉਣ ਲਈ ਬੇਨਤੀ ਕੀਤੀ ਗਈ ਸੀ। ਪੀਡ਼ਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਬੰਧਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਬਣਦੀ ਸਜ਼ਾ ਮਿਲੇ ਤੇ ਸਾਨੂੰ ਇਨਸਾਫ ਮਿਲ ਸਕੇ। ਉਨ੍ਹਾਂ ਸਾਡੇ ਨਾਲ ਖਿਲਵਾਡ਼ ਕਰਨ ਦੇ ਨਾਲ-ਨਾਲ ਧੋਖਾਦੇਹੀ ਵੀ ਕੀਤੀ ਹੈ। ਉਨ੍ਹਾਂ ਐੱਸ. ਐੱਸ. ਪੀ. ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਬਰਖਾਸਤ ਕਰਦੇ ਹੋਏ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਦਾ ਵਿਸ਼ਵਾਸ ਪੰਜਾਬ ਪੁਲਸ ’ਚ ਬਰਕਰਾਰ ਰਹੇ। ਉਨ੍ਹਾਂ ਹੁਣ ਤੱਕ ਗ੍ਰਿਫਤਾਰੀ ਨਾ ਕਰਨ ਲਈ ਸਥਾਨਕ ਪੁਲਸ ’ਤੇ ਮੁਲਾਜ਼ਮਾਂ ਦੀ ਮਦਦ ਕਰਨ ਦਾ ਸ਼ੱਕ ਜ਼ਾਹਰ ਕੀਤਾ ਹੈ। ਥਾਣਾ ਪਾਤਡ਼ਾਂ ਦੇ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਪਡ਼ਤਾਲੀਆ ਰਿਪੋਰਟ ਮਗਰੋਂ ਅਵਤਾਰ ਸਿੰਘ ਵਾਸੀ ਗਾਜ਼ੀਪੁਰ, ਸਤਨਾਮ ਸਿੰਘ ਵਾਸੀ ਨੂਰਪੁਰ ਥਾਣਾ ਸਮਾਣਾ ਤੇ ਕਮਾਂਡੋ ਬਟਾਲੀਅਨ ਦੇ ਹੌਲਦਾਰ ਸਤਨਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰਨਾਂ ਕੇਸਾਂ ਬਾਰੇ ਵੀ ਬਾਰੀਕੀ ਨਾਲ ਪੁੱਛਗਿੱਛ ਕਰ ਕੇ ਮਾਮਲੇ ਦੀ ਜਡ਼੍ਹ ਤੱਕ ਪਹੁੰਚਿਆ ਜਾਵੇਗਾ।
24.6 ਐੱਮ. ਐੱਮ. ਹੋਈ ਬਾਰਸ਼,7 ਡਿਗਰੀ ਤੱਕ ਪਹੁੰਚਿਆ ਪਾਰਾ
NEXT STORY