ਸਮਰਾਲਾ (ਸੰਜੇ ਗਰਗ)-ਖੇਤੀਬਾੜੀ ਵਿਰੋਧੀ ਤਿੰਨ ਕਾਨੂੰਨ ਪਾਸ ਕਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜਿਥੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਭਾਜਪਾ ਆਗੂਆਂ ਨੂੰ ਵੀ ਕਿਸਾਨਾਂ ਵੱਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਘਿਰਾਓ ਅਤੇ ਵਿਰੋਧ ਪ੍ਰਦਸ਼ਨ ਝੇਲਣੇ ਪੈ ਰਹੇ ਹਨ। ਕਿਸਾਨ ਅੰਦੋਲਨ ਦਾ ਅਸਰ ਪੰਜਾਬ ਦੀਆਂ ਸਥਾਨਕ ਚੌਣਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਨਗਰ ਕੌਂਸਲ ਸਮਰਾਲਾ ਦੀਆਂ ਚੋਣਾਂ ਦੌਰਾਨ ਇਹ ਪਹਿਲਾ ਮੌਕਾ ਹੈ, ਜਦੋਂ ਇਸ ਵਾਰ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੇ ਦਮ ’ਤੇ ਚੌਣਾਂ ਲੜਨ ਦੇ ਦਾਅਵੇ ਕਰਨ ਵਾਲੀ ਭਾਜਪਾ ਨੂੰ ਸ਼ਹਿਰ ਦੇ 15 ਵਾਰਡਾਂ ਦੀਆਂ ਚੌਣਾਂ ’ਚ ਕਿਸੇ ਵੀ ਵਾਰਡ ਵਿੱਚੋਂ ਚੌਣ ਲੜਨ ਲਈ ਇੱਕ ਵੀ ਉਮੀਦਵਾਰ ਨਹੀਂ ਲੱਭਿਆ ਹੈ। ਹਾਲਾਂਕਿ ਸਥਾਨਕ ਭਾਜਪਾ ਮੰਡਲ ਪ੍ਰਧਾਨ ਯਸ਼ਪਾਲ ਮਿੰਟਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਪਾਰਟੀ ਨੇ ਇਥੇ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਹੈ। ਪ੍ਰੰਤੂ ਇੱਕ ਸੱਚਾਈ ਇਹ ਵੀ ਹੈ ਕਿ ਅਕਾਲੀ ਦਲ ਦੇ ਵੱਖ ਹੋ ਜਾਣ ਮਗਰੋਂ ਭਾਜਪਾ ਦੀ ਪਤਲੀ ਪਈ ਹਾਲਤ ਅਤੇ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ ਕਿਸੇ ਦੀ ਵੀ ਭਾਜਪਾ ਚੋਣ ਨਿਸ਼ਾਨ ’ਤੇ ਚੋਣ ਲੜਨ ਦੀ ਹਿੰਮਤ ਨਹੀਂ ਪਈ।
ਭਾਜਪਾ ਦੇ ਮੈਦਾਨ ਵਿੱਚੋਂ ਬਾਹਰ ਹੋ ਜਾਣ ਨਾਲ ਇਸ ਵਾਰ ਅਕਾਲੀ ਦਲ ਸਾਰੀਆਂ 15 ਸੀਟਾਂ ’ਤੇ ਚੋਣ ਲੜ ਰਿਹਾ ਹੈ, ਜਦਕਿ ਕਾਂਗਰਸ ਨੇ 15 ਹੀ ਸੀਟਾਂ ’ਤੇ ਅਤੇ ਆਪ ਨੇ 14 ਸੀਟਾਂ ’ਤੇ ਆਪਣੇ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰੇ ਹਨ। ਆਪ ਦੇ ਇੱਕ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਰੱਦ ਹੋ ਜਾਣ ’ਤੇ ਪਾਰਟੀ ਉਥੋਂ ਕਿਸੇ ਆਜ਼ਾਦ ਉਮੀਦਵਾਰ ਦੇ ਸਮਰਥਨ ਦਾ ਐਲਾਨ ਕਰ ਸਕਦੀ ਹੈ।
ਲੁਧਿਆਣਾ 'ਚ ਕਿਸਾਨਾਂ ਵੱਲੋਂ ਚੱਕਾ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ
NEXT STORY