ਸੁਨਾਮ (ਵਿਸ਼ੇਸ਼): ਭਗਵੰਤ ਮਾਨ ਵੱਲੋਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੇ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਕਾਂਗਰਸ ਲਈ ਚੰਗੇ ਨਹੀਂ ਰਹੇ। ਪੰਜਾਬ ’ਚ ਫ਼ਰਵਰੀ 2022 ’ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਵੇਂ ਕਾਂਗਰਸ ਦੀ ਖ਼ੇਡ 18 ’ਤੇ ਖ਼ਤਮ ਹੋ ਗਈ ਸੀ ਪਰ ਜਿਸ ਤਰ੍ਹਾਂ ਪਾਰਟੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫ਼ਲਾਪ ਕਰਨ ’ਚ ਲੱਗੀ ਹੋਈ ਸੀ, ਉਸ ਤੋਂ ਜਾਪਦਾ ਸੀ ਕਿ ਸ਼ਾਇਦ ਕਾਂਗਰਸ ਸੂਬੇ ’ਚ ‘ਗੇਨ’ ਕਰੇਗੀ ਪਰ ਚੋਣ ਨਤੀਜੇ ਕੁਝ ਵੱਖਰੇ ਸਨ। ਦਿਲਚਸਪ ਗੱਲ ਹੈ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ 92 ਸੀਟਾਂ ਨਾਲ ਪਹਿਲੇ ਨੰਬਰ ’ਤੇ ਸੀ ਜਦਕਿ ਕਾਂਗਰਸ 18 ਸੀਟਾਂ ਨਾਲ ਦੂਜੇ ਨੰਬਰ ’ਤੇ ਸੀ ਪਰ ਬੀਤੇ ਦੇ ਚੋਣ ਨਤੀਜਿਆਂ ’ਚ ਕਾਂਗਰਸ ਤੀਜੇ ਨੰਬਰ ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਜਨਤਾ ਨੇ ‘ਆਪ’ ਨੂੰ ਦਿਖਾਇਆ ਸ਼ੀਸ਼ਾ : ਅਸ਼ਵਨੀ ਸ਼ਰਮਾ
ਪੰਜਾਬ ’ਚ ਕਾਂਗਰਸ 18 ਸੀਟਾਂ ’ਤੇ ਸਿਮਟ ਕੇ ਵੀ ਆਪਣੀ ਸਥਿਤੀ ਠੀਕ ਨਹੀਂ ਕਰ ਸਕੀ। ਪਾਰਟੀ ਦੇ ਚਾਰ ਸਾਬਕਾ ਮੰਤਰੀ ਕਾਂਗਰਸ ਛੱਡ ਚੁੱਕੇ ਹਨ । ਦੋ ਸਾਬਕਾ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਅਤੇ ਵਿਜੀਲੈਂਸ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਸੂਬੇ ’ਚ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਲੀਡਰਸ਼ਿਪ ਸੌਂਪੀ ਗਈ ਹੈ ਪਰ ਸ਼ਾਇਦ ਰਾਜਾਵੜਿੰਗ ਵੀ ਕੁਝ ਚੰਗਾ ਨਹੀਂ ਕਰ ਰਹੇ। ਇਹੀ ਕਾਰਨ ਹੈ ਕਿ ਪਾਰਟੀ ਦੂਜੇ ਤੋਂ ਤੀਜੇ ਸਥਾਨ ’ਤੇ ਆ ਗਈ। ਪੰਜਾਬ ’ਚ ਫ਼ਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੰਗਰੂਰ ਲੋਕ ਸਭਾ ਹਲਕੇ ਅਧੀਨ ਆਉਂਦੀਆਂ ਸੰਗਰੂਰ, ਦਿੜਬਾ, ਬਰਨਾਲਾ, ਸੁਨਾਮ, ਭਦੌੜ, ਮਹਿਲਕਲਾਂ, ਮਾਲੇਰਕੋਟਲਾ, ਧੂਰੀ, ਲਹਿਰਾ ਵਿਧਾਨ ਸਭਾ ਸੀਟਾਂ ’ਚ ਕਾਂਗਰਸ ਦਾ ਕੋਈ ਚੰਗਾ ਪ੍ਰਦਰਸ਼ਨ ਨਹੀਂ ਹੋਇਆ ਸੀ। ਪਾਰਟੀ ਦੇ ਵੱਡੇ ਆਗੂ ਰਾਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ ਤੇ ਵਿਜੇਇੰਦਰ ਸਿੰਗਲਾ ਗਾਇਬ ਰਹੇ।
ਇਹ ਵੀ ਪੜ੍ਹੋ : ਸਿਮਰਨਜੀਤ ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀ ਹੈ। ਮੋਹਾਲੀ ’ਚ ਇੰਟੈਲੀਜੈਂਸ ਦੇ ਦਫ਼ਤਰ ’ਤੇ ਹੋਏ ਗ੍ਰੇਨੇਡ ਹਮਲੇ ਅਤੇ ਕਾਂਗਰਸੀ ਆਗੂ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਕਾਂਗਰਸ ਨੇ ਵੀ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਪਰ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ, ਉਸ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਗੱਲਾਂ ਨੂੰ ਪੰਜਾਬ ਦੇ ਲੋਕ ਜਾਂ ਤਾਂ ਗੰਭੀਰਤਾ ਨਾਲ ਨਹੀਂ ਲੈ ਰਹੇ ਜਾਂ ਫ਼ਿਰ ਉਨ੍ਹਾਂ ਦੀਆਂ ਗੱਲਾਂ ਨੂੰ ਲੋਕਾਂ ਤੱਕ ਵਧੀਆ ਢੰਗ ਨਾਲ ਨਹੀਂ ਪਹੁੰਚਾਇਆ ਜਾ ਰਿਹਾ। ਦੋਵਾਂ ਮਾਮਲਿਆਂ ’ਚ ਜ਼ਿੰਮੇਵਾਰੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਹੈ।
ਇਹ ਵੀ ਪੜ੍ਹੋ : ‘ਆਪ’ ਸੰਗਰੂਰ ’ਚ ਹਾਰੀ ਪਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਅੱਗੇ : ਮਾਲਵਿੰਦਰ ਸਿੰਘ ਕੰਗ
ਕਾਂਗਰਸ ਨੇ ਸੰਗਰੂਰ ਤੋਂ ਦਲਬੀਰ ਗੋਲਡੀ ਨੂੰ ਟਿਕਟ ਦਿੱਤੀ ਸੀ । ਇੰਨਾ ਹੀ ਨਹੀਂ, ਦਲਬੀਰ ਗੋਲਡੀ ਨੂੰ ਟਿਕਟ ਦੇਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਇਸ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ। ਕਾਂਗਰਸ ਦੀਆਂ ਇਹ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਅਤੇ ਦਲਬੀਰ ਗੋਲਡੀ ਜੋ ਧੂਰੀ ਤੋਂ ਵਿਧਾਨ ਸਭਾ ਚੋਣਾਂ ’ਚ ਭਗਵੰਤ ਮਾਨ ਤੋਂ ਕਰੀਬ 60 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ, ਕੋਈ ਜਲਵਾ ਨਹੀਂ ਦਿਖਾ ਸਕੇ। ਸ਼ਾਇਦ ਕਾਂਗਰਸ ਆਪਣੇ ਵੋਟ ਬੈਂਕ ਅਤੇ ਉਮੀਦਵਾਰ ਦੀ ਸਹੀ ਚੋਣ ਵਿਚ ਧੋਖਾ ਖਾ ਗਈ ਹੈ।
ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫ਼ੇ ਦੀ ਖ਼ਬਰਾਂ ਦਰਮਿਆਨ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ, ਆਇਆ ਵੱਡਾ ਬਿਆਨ
NEXT STORY