ਭਵਾਨੀਗਡ਼੍ਹ,(ਕਾਂਸਲ)- ਇਕ ਬਜ਼ੁਰਗ ਤੋਂ ਆਪਣੇ ਆਪ ਨੂੰ ਨਸ਼ੇ ਦਾ ਆਦੀ ਦੱਸਣ ਵਾਲੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ 11 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਸੋਨੇ ਦੀ ਛਾਪ ਖੋ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਜਾਣਕਾਰੀ ਦਿੰਦਿਆਂ ਘਟਨਾ ਦਾ ਸ਼ਿਕਾਰ ਹੋਇਆ ਪਿਆਰਾ ਖਾਂ ਪੁੱਤਰ ਉਮਰਦੀਨ ਵਾਸੀ ਬਿਸ਼ਨ ਨਗਰ ਭਵਾਨੀਗਡ਼੍ਹ ਨੇ ਦੱਸਿਆ ਕਿ ਉਹ ਖੇਤੀ ਦਾ ਧੰਦਾ ਕਰਨ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਹੈ ਅਤੇ ਬੀਤੇ ਦਿਨ ਜਦੋਂ ਉਹ ਸਥਾਨਕ ਪਟਿਆਲਾ ਰੋਡ ਉੱਪਰ ਰਾਧਾ ਕ੍ਰਿਸ਼ਨ ਮੰਦਰ ਨੇਡ਼ੇ ਸਥਿਤ ਆਪਣੀ ਠੇਕੇ ਉੱਪਰ ਲਈ ਜ਼ਮੀਨ ’ਤੇ ਕੰਮ ਕਰ ਰਿਹਾ ਸੀ ਤਾਂ ਉਥੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਨੌਜਵਾਨ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਲਡ਼ਕੇ ਦਾ ਦੋਸਤ ਹੈ ਅਤੇ ਉਸ ਨੇ ਕੁਝ ਪਲਾਟ ਵੇਚਣੇ ਹਨ। ਇਸ ਲਈ ਪਲਾਟ ਦਿਖਾਉਣ ਦਾ ਬਹਾਨਾ ਬਣਾ ਕੇ ਉਹ ਉਸ ਨੂੰ ਆਪਣੇ ਮੋਟਰਸਾਈਕਲ ਉੱਪਰ ਬਿਠਾ ਕੇ ਆਪਣੇ ਨਾਲ ਲੈ ਗਿਆ। ਪਹਿਲਾਂ ਉਹ ਪਿਆਰਾ ਖਾਂ ਨੂੰ ਬਲਿਆਲ ਰੋਡ ਉੱਪਰ ਲੈ ਗਿਆ, ਜਿਥੇ ਚਲਦੇ ਮੋਟਰਸਾਈਕਲ ਉੱਪਰ ਹੀ ਉਸ ਨੇ ਖਾਲੀ ਪਏ ਪਲਾਟਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਇਹ ਪਲਾਟ ਵੇਚਣੇ ਹਨ। ਇਸ ਤੋਂ ਬਾਅਦ ਉਹ ਪਿਆਰਾ ਖਾਂ ਨੂੰ ਆਪਣੇ ਮੋਟਰਸਾਈਕਲ ਰਾਹੀਂ ਬਲਿਆਲ ਰੋਡ ਤੋਂ ਜਾਂਦੇ ਇਕ ਰਜਬਾਹੇ ਦੀ ਪਟਡ਼ੀ ਲਿਜਾ ਕੇ ਪਿੰਡ ਰੇਤਗਡ਼੍ਹ ਵਿਖੇ ਖੇਤਾਂ ਵਿਚ ਸੁੰਨਸਾਨ ਜਗ੍ਹਾ ਉੱਪਰ ਲੈ ਗਿਆ, ਜਿਥੇ ਲਿਜਾ ਕੇ ਉਸ ਨੇ ਪਿਆਰਾ ਖਾਂ ਨੂੰ ਡਰਾ-ਧਮਕਾ ਕੇ ਉਸ ਤੋਂ 11,000 ਰੁਪਏ ਦੀ ਨਕਦੀ ਅਤੇ ਉਸ ਦੇ ਹੱਥ ’ਚ ਪਾਈ ਛਾਪ ਧੱਕੇ ਨਾਲ ਕੱਢ ਲਈ ਅਤੇ ਪਿਆਰਾ ਖਾਂ ਨੂੰ ਉੱਥੇ ਹੀ ਖੇਤਾਂ ਵਿਚ ਛੱਡ ਕੇ ਰਫੂ-ਚੱਕਰ ਹੋ ਗਿਆ।
ਪਿਆਰਾ ਖਾਂ ਨੇ ਦੱਸਿਆ ਕਿ ਉਸ ਨੇ ਕੁਝ ਰਾਹਗੀਰਾਂ ਦੇ ਮੋਬਾਇਲ ਤੋਂ ਫੋਨ ਕਰ ਕੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਫਿਰ ਰਾਹਗੀਰਾਂ ਦੀ ਮਦਦ ਨਾਲ ਮੈਂ ਆਪਣੇ ਘਰ ਪੁੰਹਚਿਆ ਅਤੇ ਫਿਰ ਸਾਰੀ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਦਿੱਤੀ।
ਪਿਆਰਾ ਖਾਂ ਨੇ ਦੱਸਿਆ ਕਿ ਉਕਤ ਮੋਨੇ ਵਿਅਕਤੀ ਨੇ ਮੇਰੀਆਂ ਜੇਬਾਂ ਦੀ ਤਲਾਸ਼ੀ ਲੈਂਦੇ ਸਮੇਂ ਕਿਹਾ ਕਿ ਬਾਬਾ ਜੀ ਅਸੀਂ ਚਿੱਟਾ ਪੀਣ ਦੇ ਆਦੀ ਹਾਂ। ਇਸ ਲਈ ਇਹੋ ਜਹੇ ਹੀ ਜੁਗਾਡ਼ ਲਗਾਉਣੇ ਪੈਂਦੇ ਹਨ। ਇਸ ਸਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜਲਦ ਹੀ ਉਕਤ ਵਿਅਕਤੀ ਨੂੰ ਟਰੇਸ ਕਰ ਲਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਕੀਤੀ ਨਾਅਰੇਬਾਜ਼ੀ, ਦੋਸ਼ੀ ਲਡ਼ਕੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ
NEXT STORY