ਮਾਲੇਰਕੋਟਲਾ, (ਸ਼ਹਾਬੂਦੀਨ/ ਜ਼ਹੂਰ)- ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲੰਘੀ 6 ਮਾਰਚ ਤੋਂ ਸ਼ਹਿਰ ਨਾਲ ਲੱਗਦੇ ਪਿੰਡ ਰਟੌਲਾਂ ਵਿਖੇ ਪੈਟਰੋਲ ਦੀ ਕੇਨੀ ਲੈ ਕੇ ਵਾਟਰ ਟੈਂਕੀ 'ਤੇ ਚੜ੍ਹੇ ਜਲ ਸਪਲਾਈ ਵਿਭਾਗ ਦੇ ਮੋਟੀਵੇਟਰ ਕਾਮਿਆਂ ਦਾ ਸੰਘਰਸ਼ ਉਸ ਸਮੇਂ ਖਤਰਨਾਕ ਹੋ ਗਿਆ ਜਦੋਂ ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਹੀ ਇਕ ਧਰਨਾਕਾਰੀ ਮੁਲਾਜ਼ਮ ਲਖਬੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਸਮਾਗ ਤਹਿਸੀਲ ਜੈਤੋ (ਫਰੀਦਕੋਟ) ਨੇ ਆਪਣੇ ਉੱਪਰ ਤੇਲ ਪਾ ਕੇ ਅੱਗ ਲਾ ਲਈ। ਮੌਕੇ 'ਤੇ ਮੌਜੂਦ ਪ੍ਰਸ਼ਾਸਨਕ ਅਮਲਾ ਅਤੇ ਧਰਨਾਕਾਰੀ ਮੁਲਾਜ਼ਮ ਅਜੇ ਉਕਤ ਮੁਲਾਜ਼ਮ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸਨ ਕਿ ਵਾਟਰ ਟੈਂਕੀ 'ਤੇ ਚੜ੍ਹੇ ਮੁਲਾਜ਼ਮਾਂ 'ਚੋਂ ਜੋਸ਼ 'ਚ ਆਏ ਤਿੰਨ ਮੁਲਾਜ਼ਮਾਂ ਹਰਦੇਵ ਸਿੰਘ ਫਤਿਹਗੜ੍ਹ ਸਾਹਿਬ, ਕੁਲਦੀਪ ਸਿੰਘ ਬਰਨਾਲਾ ਅਤੇ ਗੁਰਪ੍ਰੀਤ ਸਿੰਘ ਸੋਢੀ ਫਤਿਹਗੜ੍ਹ ਸਾਹਿਬ ਨੇ ਵੀ ਆਪਣੇ 'ਤੇ ਪੈਟਰੋਲ ਪਾ ਲਿਆ ਅਤੇ ਅੱਗ ਲਾਉਣ ਲੱਗੇ ਪਰ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਵੱਲੋਂ ਰੋਕਣ 'ਤੇ ਉਹ ਆਪਣੇ-ਆਪ ਨੂੰ ਅੱਗ ਲਾਉਣ ਤੋਂ ਰੁਕ ਗਏ।
ਪ੍ਰਸ਼ਾਸਨਕ ਅਮਲੇ ਨੇ ਅੱਗ ਲੱਗੇ ਧਰਨਾਕਾਰੀ ਮੁਲਾਜ਼ਮ ਨੂੰ ਤੁਰੰਤ ਐਂਬੂਲੈਂਸ 'ਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਦਾਖਲ ਕਰਵਾਇਆ। ਇਸ ਦੌਰਾਨ ਵਾਟਰ ਟੈਂਕੀ 'ਤੇ ਚੜ੍ਹੀਆਂ ਹੋਈਆਂ ਧਰਨਾਕਾਰੀ ਲੜਕੀਆਂ ਵਿਚੋਂ ਇਕ ਲੜਕੀ ਤਰਨਵੀਰ ਕੌਰ ਅੰਮ੍ਰਿਤਸਰ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਜਿਥੇ ਉਸ ਨੂੰ ਲੰਘੀ ਰਾਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ, ਉਥੇ ਲੰਘੀ ਰਾਤ ਤੋਂ ਹੀ ਬੀਮਾਰ ਚੱਲ ਰਹੀ ਟੈਂਕੀ 'ਤੇ ਚੜ੍ਹੀ ਹੋਈ ਦੂਜੀ ਲੜਕੀ ਕੁਲਜੀਤ ਕੌਰ ਨੇ ਇਲਾਜ ਲਈ ਹਸਪਤਾਲ ਜਾਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਕੋਈ ਇਲਾਜ ਨਹੀਂ ਕਰਵਾਏਗੀ ਅਤੇ ਵਾਟਰ ਟੈਂਕੀ 'ਤੇ ਹੀ ਮੌਤ ਨੂੰ ਗਲੇ ਲਾਉਂਦਿਆਂ ਜ਼ਿੰਦਗੀ ਦਾ ਆਖਰੀ ਸਾਹ ਲਵੇਗੀ।
ਇਸ ਦੌਰਾਨ ਧਰਨਾਕਾਰੀਆਂ ਵਲੋਂ ਮੁੱਖ ਮਾਰਗ ਜਾਮ ਕਰਨ ਤੇ ਮੌਸਮ ਦੀ ਖਰਾਬੀ ਕਾਰਨ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਪੁਰਜ਼ੋਰ ਅਪੀਲਾਂ ਨੂੰ ਮੰਨਦਿਆਂ ਧਰਨਾਕਾਰੀਆਂ ਨੇ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਇਸ ਸ਼ਰਤ 'ਤੇ ਜਾਮ ਖੋਲ੍ਹ ਦਿੱਤਾ ਕਿ 12 ਮਾਰਚ ਨੂੰ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਰੋੜਾ ਨਾਲ ਉਨ੍ਹਾਂ ਦੀ ਕਰਵਾਈ ਜਾਣ ਵਾਲੀ ਮੀਟਿੰਗ ਤੱਕ ਸਾਡਾ ਇਹ ਮੋਰਚਾ ਇਸੇ ਜਗ੍ਹਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸੰਘਰਸ਼ ਦੀ ਅਗਵਾਈ ਕਰ ਰਹੀ ਕਮੇਟੀ ਦੇ ਮੈਂਬਰਾਂ ਸੁਖਬੀਰ ਸਿੰਘ ਚੀਮਾ ਅੰਮ੍ਰਿਤਸਰ, ਬੱਗਾ ਸਿੰਘ ਮੋਹਾਲੀ, ਰਣਜੀਤ ਸਿੰਘ ਅੰਮ੍ਰਿਤਸਰ, ਸਿਮਰਨਜੀਤ ਗੁਰਦਾਸਪੁਰ ਅਤੇ ਰਮਨਦੀਪ ਕੌਰ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ 12 ਮਾਰਚ ਨੂੰ ਹੋਣ ਵਾਲੀ ਮੀਟਿੰਗ 'ਚ ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਟੈਂਕੀ 'ਤੇ ਚੜ੍ਹੇ ਸਾਥੀ ਆਪਣੇ-ਆਪ ਨੂੰ ਅੱਗ ਲਾ ਕੇ ਟੈਂਕੀ ਤੋਂ ਹੇਠਾਂ ਛਾਲ ਮਾਰ ਦੇਣਗੇ, ਜਿਸ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਪੁਲਸ ਤੇ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ।
ਵਿਆਹੁਤਾ ਦਾ ਗਲਾ ਘੁੱਟ ਕੇ ਬੇਦਰਦੀ ਨਾਲ ਕਤਲ
NEXT STORY