ਲੁਧਿਆਣਾ, (ਖੁਰਾਣਾ) -ਮਹਾਨਗਰ ਦੇ ਦਰਜਨਾਂ ਇਲਾਕਿਆਂ ਵਿਚ ਗੈਸ ਮਾਫੀਆ ਵਲੋਂ ਚਲਾਏ ਜਾ ਰਹੇ ਘਰੇਲੂ ਗੈਸ ਦੇ ਨਾਜਾਇਜ਼ ਫਿਲਿੰਗ ਸਟੇਸ਼ਨਾਂ ਕਾਰਨ ਸ਼ਹਿਰ ਵਾਸੀ ਖੌਫ ਦੇ ਪ੍ਰਛਾਵੇਂ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਮੌਤ ਦੇ ਸੌਦਾਗਰਾਂ ਦੀ ਇਕ ਛੋਟੀ ਜਿਹੀ ਲਾਪ੍ਰਵਾਹੀ ਨਾਲ ਕਿੰਨੀਆਂ ਹੀ ਬੇਗੁਨਾਹ ਇਨਸਾਨੀ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਜਾ ਸਕਦੀਆਂ ਹਨ। ਇਸ ਤਰ੍ਹਾਂ ਨਹੀਂ ਹੈ ਕਿ ਸ਼ਹਿਰ ਭਰ ਵਿਚ ਚੱਲ ਰਹੇ ਮੌਤ ਦੇ ਇਸ ਕਾਲੇ ਕਾਰੋਬਾਰ ਦੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਈ ਖਬਰ ਨਹੀਂ ਹੈ, ਸਗੋਂ ਉਕਤ ਗੋਰਖਧੰਦੇ ਅਤੇ ਗੈਸ ਮਾਫੀਆ ਦੇ ਲਗਭਗ ਸਾਰੇ ਠਿਕਾਣਿਆਂ ਬਾਰੇ ਸਭ ਕੁਝ ਜਾਣਨ ਤੋਂ ਬਾਅਦ ਵੀ ਵਿਭਾਗ ਦੇ ਜ਼ਿਆਦਾਤਰ ਅਧਿਕਾਰੀਆਂ ਨੇ ਜਾਣ-ਬੁੱਝ ਕੇ ਅੱਖਾਂ ਬੰਦ ਕਰ ਕੇ ਰੱਖੀਆਂ ਹਨ। ਜਦ ਇਸ ਸਬੰਧ ਵਿਚ ਗੱਲ ਕਰਨ ਲਈ ਵਿਭਾਗੀ ਕੰਟਰੋਲਰ ਰਾਕੇਸ਼ ਭਾਸਕਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਤੱਕ ਚੁਕਣਾ ਮੁਨਾਸਿਬ ਨਹੀਂ ਸਮਝਿਆ।
ਕਿਵੇਂ ਚੱਲ ਰਿਹੈ ਮੌਤ ਦਾ ਇਹ ਕਾਰੋਬਾਰ
ਇਥੇ ਗੱਲ ਕੀਤੀ ਜਾਵੇ ਸ਼ਹਿਰ ਭਰ ਵਿਚ ਚੱਲ ਰਹੇ ਮੌਤ ਦੇ ਇਸ ਕਾਲੇ ਕਾਰੋਬਾਰ ਦੀ ਤਾਂ ਜ਼ਿਆਦਾਤਰ ਇਲਾਕਿਆਂ ਦੇ ਘਰਾਂ ਵਿਚ ਹੀ ਘਰੇਲੂ ਗੈਸ ਸਿਲੰਡਰਾਂ ਦਾ ਨਾਜਾਇਜ਼ ਬੈਂਕ ਬਣਾ ਕੇ ਅੌਰਤਾਂ ਅਤੇ ਆਟੋ ਰਿਕਸ਼ਾ ਅਤੇ 4 ਕਿਲੋ ਵਾਲੇ ਛੋਟੇ ਗੈਸ ਸਿਲੰਡਰਾਂ ’ਚ ਘਰੇਲੂ ਗੈਸ ਸਿਲੰਡਰਾਂ ਤੋਂ ਪਲਟੀ ਮਾਰ ਕੇ ਰੋਜ਼ਾਨਾ ਆਪਣੀ ਅਤੇ ਇਲਾਕੇ ਦੇ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾ ਰਹੇ ਹਨ। ਜਿਥੇ ਸਵੇਰੇ-ਸ਼ਾਮ ਕਈ ਗੈਸ ਏਜੰਸੀਆਂ ਦੇ ਕਰਿੰਦਿਆਂ ਵਲੋਂ ਗੈਸ ਮਾਫੀਆ ਨਾਲ ਜੁਡ਼ੇ ਕਾਲਾਬਾਜ਼ਾਰੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਘਰੇਲੂ ਗੈਸ ਸਿਲੰਡਰ ਬਲੈਕ ਵਿਚ ਮੁਹੱਈਆ ਕਰਵਾਏ ਜਾਂਦੇ ਹਨ, ਜਿਸ ਨੂੰ ਫਿਰ ਉਮਰ ਦਰਾਜ ਅੌਰਤਾਂ ਅਤੇ ਬੱਚੇ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਟੋ ਰਿਕਸ਼ਾ ਅਤੇ ਛੋਟੇ ਨਾਜਾਇਜ਼ ਸਿਲੰਡਰਾਂ ਵਿਚ ਭਰਦੇ ਹਨ। ਇਸ ਦੌਰਾਨ ਹੈਰਾਨੀਜਨਕ ਪਹਿਲੂ ਇਹ ਹੈ ਕਿ ਬੇਖੌਫ ਗੈਸ ਮਾਫੀਆ ਨੇ ਆਪਣੇ ਘਰਾਂ ਦੇ ਬਾਹਰ ਗਲੀ ਮੁਹੱਲੇ ਵਿਚ ਹੀ ਆਪਣੇ ਨਾਜਾਇਜ਼ ਕਾਰੋਬਾਰ ਮਤਲਬ ਗੈਸ ਭਰਨ ਦੇ ਬੈਨਰ ਤੱਕ ਲਾ ਰੱਖੇ ਹਨ, ਜਿਸ ’ਤੇ ਆਮ ਵਿਅਕਤੀ ਦੀ ਨਜ਼ਰ ਤਾਂ ਪੁੱਜ ਰਹੀ ਹੈ ਪਰ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਨਹੀਂ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਵਿਭਾਗੀ ਅਧਿਕਾਰੀਆਂ ’ਤੇ ਪਿਕ ਐਂਡ ਚੂਜ਼ ਪਾਲਿਸੀ ਵਰਤਣ ਦੇ ਲੱਗੇ ਦੋਸ਼
ਸਾਰੇ ਘਟਨਾਚੱਕਰ ਵਿਚ ਵਿਭਾਗ ਦੇ ਅਧਿਕਾਰੀਆਂ ਅਤੇ ਪੀ. ਸੀ. ਆਰ. ਪੁਲਸ ਦੇ ਜਵਾਨਾਂ ’ਤੇ ਗੈਸ ਕਾਲਾਬਾਜ਼ਾਰੀਆਂ ਨਾਲ ਮਿਲੀਭੁਗਤ ਕਰਨ ਅਤੇ ਪਿੰਕ ਐਂਡ ਚੂਜ਼ ਪਾਲਿਸੀ ਵਰਤਣ ਵਰਗੇ ਗੰਭੀਰ ਦੋਸ਼ ਵੀ ਲੱਗੇ ਹਨ, ਜਿਸ ਵਿਚ ਇਲਾਕਾ ਸਲੇਮ ਟਾਬਰੀ ਵਿਚ ਪੈਂਦੇ ਬਲਾਕ-25 ਦੇ ਇੰਸਪੈਕਟਰ ਚਰਨਪ੍ਰੀਤ ਵੀ ਗੈਸ ਮਾਫੀਆ ਨੂੰ ਕਥਿਤ ਸਮਰਥਨ ਦੇਣ ਦੇ ਦੋਸ਼ਾਂ ਵਿਚ ਘਿਰੇ ਹੋਏ ਹਨ, ਜਿਨ੍ਹਾਂ ’ਤੇ ਇਲਾਕੇ ਦੇ ਇਕ ਹੋਰ ਦੁਕਾਨਦਾਰ ਨਰਿੰਦਰ ਕੁਮਾਰ ਕਾਲਾ ਦੇ ਬਰਤਨ ਵੇਚਣ ਅਤੇ ਲਾਈਟਾਂ ਦੀ ਦੁਕਾਨ ਚਲਾਉਣ ਦੀ ਆਡ਼ ਵਿਚ ਗੈਸ ਦੀ ਕਾਲਾਬਾਜ਼ਾਰੀ ਕਰ ਰਹੇ ਦੁਕਾਨਦਾਰਾਂ ’ਤੇ ਕਥਿਤ ਮੇਹਰਬਾਨੀ ਦਿਖਾਉਣ ਦੇ ਦੋਸ਼ ਲੱਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਹੁਣ ਉਕਤ ਦੁਕਾਨਦਾਰ ਵਲੋਂ ਆਪਣੇ ਘਰ ਵਿਚ ਹੀ ਖੁੱਲ੍ਹ ਕੇ ਗੈਸ ਭਰਨ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਦਕਿ ਇਸ ਸਬੰਧ ਵਿਚ ਇੰਸਪੈਕਟਰ ਆਪਣੇ ਉਪਰ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਨਾਂ ’ਤੇ ਕਿਸੇ ਨੇ ਉਕਤ ਦੁਕਾਨਦਾਰ ਤੋਂ ਪੈਸੇ ਲਏ ਹਨ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ।
ਸੀਵਰੇਜ ਟਰੀਟਮੈਂਟ ਪਲਾਂਟ ਦਾ ਲੋਡ ਘੱਟ ਕਰਨ ਦੀ ਕਵਾਇਦ
NEXT STORY