ਗੁਰੂਹਰਸਹਾਏ (ਮਨਜੀਤ)–ਚੋਰੀ ਦੀਆਂ ਵਾਰਦਾਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਆਏ ਦਿਨ ਚੋਰੀਆਂ, ਲੁੱਟਾਂ-ਖੋਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਇਕ ਮਾਮਲਾ ਹਲਕਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਚੱਕ ਪੰਜੇ ਕੇ ਉਤਾੜ (ਬਸਤੀ ਕਚੂਰਿਆ ਵਾਲੀ) ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਇਕ ਕਿਸਾਨ ਦੇ ਖੇਤ ’ਚ ਲੱਗੇ ਟ੍ਰਾਂਸਫਾਰਮਰ ਤੋਂ ਤਾਂਬੇ ਦੀ ਤਾਰ ਨੂੰ ਚੋਰ ਚੋਰੀ ਕਰਨ ਦੀ ਨੀਅਤ ਨਾਲ ਆਏ ਸਨ ਪਰ ਖੇਤ ਨਾਲ ਲੱਗਦੇ ਇਕ ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਕਿਸਾਨ ਤੱਕ ਪਹੁੰਚਾਈ, ਜਿਸ ਤੋਂ ਬਾਅਦ ਆਸ-ਪਾਸ ਖੇਤਾਂ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਚੋਰਾਂ ਉਪਰ ਧਾਵਾ ਬੋਲਿਆ।
ਇਸ ਤੋਂ ਬਾਅਦ ਚੋਰ ਸਭ ਕੁਝ ਛੱਡਦੇ ਹੋਏ ਰਫੂਚੱਕਰ ਹੋ ਗਏ। ਪੀੜਤ ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਬਸਤੀ ਕਚੂਰਿਆ ਵਾਲੀ ਨੇ ਦੱਸਿਆ ਕਿ ਚੋਰਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਅਕਸਰ ਹੀ ਕਿਸਾਨਾਂ ਦੇ ਖੇਤਾਂ ਤੋਂ ਤਾਰਾਂ, ਮੋਟਰਾਂ ਆਦਿ ਦੀਆਂ ਚੋਰੀਆਂ ਆਏ ਦਿਨ ਹੋ ਰਹੀਆਂ ਹਨ।
ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪੀੜਤ ਕਿਸਾਨ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮੈਂ ਪੰਜ ਕਿੱਲੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਕੁਝ ਸਮਾਂ ਪਹਿਲਾਂ ਵੀ ਇਸੇ ਮੋਟਰ ਤੋਂ ਚੋਰਾਂ ਵੱਲੋਂ ਤਾਰ ਚੋਰੀ ਕੀਤੀ ਗਈ ਸੀ। ਕਿਸਾਨ ਸ਼ਿੰਗਾਰਾ ਸਿੰਘ ਨੇ ਚੋਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੁਬਾਰਾ ਅਜਿਹੀ ਘਟਨਾ ਨੂੰ ਅੰਜਾਮ ਦਿੰਦੇ ਮੌਕੇ ’ਤੇ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਵੱਲੋਂ ਫੜਾਏ ਜਾਣ ਵਾਲੇ ਚੋਰਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਇਹਨਾਂ ਚੋਰੀਆਂ ਨੂੰ ਠੱਲ੍ਹ ਪਾਈ ਜਾ ਸਕੇ।
ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਗਰੀਬਾਂ ਦੇ ਹੱਕ ਖੋਹ ਰਹੀ ਹੈ : ਸਿੱਧੂ
NEXT STORY