ਚੰਡੀਗੜ੍ਹ (ਸੁਸ਼ੀਲ) : ਵੀਜ਼ਾ ਲਗਵਾਉਣ ਦੇ ਨਾਂ ’ਤੇ ਇਮੀਗ੍ਰੇਸ਼ਨ ਕੰਪਨੀ ਵੱਲੋਂ ਤਿੰਨ ਲੋਕਾਂ ਨਾਲ 1 ਕਰੋੜ 26 ਲੱਖ 68 ਹਜ਼ਾਰ 200 ਰੁਪਏ ਦੀ ਕਥਿਤ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਰੜ ਨਿਵਾਸੀ ਜਸਵੀਰ ਕੌਰ ਅਤੇ ਬਰਨਾਲਾ ਨਿਵਾਸੀ ਅਰਸ਼ਦੀਪ ਕੌਰ ਤੇ ਮਨਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ’ਤੇ ਸੈਕਟਰ-17 ਥਾਣਾ ਪੁਲਸ ਨੇ ਜਾਂਚ ਮਗਰੋਂ ਸਕਾਈ ਹਾਈ ਅਬਰੌਡ ਕੰਸਲਟੈਂਟ ਕੰਪਨੀ ਦੇ ਸ਼ਾਂਤਨੂ, ਬਲਜਿੰਦਰ ਸਿੰਘ ਸਮੇਤ ਹੋਰਾਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਰਸ਼ਦੀਪ ਕੌਰ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵਰਕ ਵੀਜ਼ਾ ਲਗਵਾਉਣ ਲਈ ਸੈਕਟਰ-17 ਸਥਿਤ ਉਕਤ ਕੰਪਨੀ ’ਚ ਗਏ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਸ਼ਾਂਤਨੂ, ਬਲਜਿੰਦਰ ਸਿੰਘ ਸਮੇਤ ਹੋਰਾਂ ਨਾਲ ਹੋਈ। ਮੁਲਜ਼ਮਾਂ ਵੱਲੋਂ ਵੱਖ-ਵੱਖ ਫੀਸਾਂ ਦੇ ਨਾਂ ’ਤੇ ਉਨ੍ਹਾਂ ਤੋਂ 1 ਕਰੋੜ 21 ਲੱਖ 96 ਹਜ਼ਾਰ 300 ਰੁਪਏ ਜਮ੍ਹਾਂ ਕਰਵਾਏ ਗਏ। ਬਾਅਦ ’ਚ ਨਾ ਤਾਂ ਵੀਜ਼ਾ ਲਗਾਇਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਇਸੇ ਤਰ੍ਹਾਂ ਜਸਵੀਰ ਕੌਰ ਨੇ ਦੱਸਿਆ ਕਿ ਸ਼ਾਂਤਨੂ ਅਤੇ ਬਲਜਿੰਦਰ ਸਿੰਘ ਨੇ ਵੀਜ਼ਾ ਲਗਵਾਉਣ ਦੇ ਨਾਂ ’ਤੇ ਉਸ ਤੋਂ 4 ਲੱਖ 71 ਹਜ਼ਾਰ 900 ਰੁਪਏ ਲਏ ਸਨ ਪਰ ਵੀਜ਼ਾ ਨਹੀਂ ਲਗਾਇਆ। ਰਕਮ ਵਾਪਸ ਮੰਗਣ ’ਤੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਵੱਲੋਂ ਕੀਤੀ ਜਾਂਚ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੰਜਾਬੀਆਂ ਨੂੰ ਨਸ਼ਿਆਂ ਖਿਲਾਫ਼ ਫੈਸਲਾਕੁੰਨ ਲੜਾਈ ਦਾ ਸੱਦਾ
NEXT STORY