ਹਲਵਾਰਾ (ਲਾਡੀ ਸਿੱਧੂ) : ਤਿਉਹਾਰੀ ਸੀਜ਼ਨ ਦੌਰਾਨ ਨਵੇਂ ਟੀ.ਵੀ., ਮੋਬਾਈਲ, ਫਰਿੱਜ, ਵਾਸ਼ਿੰਗ ਮਸ਼ੀਨ, ਏ.ਸੀ. ਤੇ ਹੋਰ ਇਲੈਕਟ੍ਰਾਨਿਕ ਸਾਮਾਨ ਖਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਦੀ ਜੇਬ ’ਤੇ ਇਸ ਵਾਰ ਮਹਿੰਗਾਈ ਦਾ ਵਾਧੂ ਬੋਝ ਪੈ ਸਕਦਾ ਹੈ। ਤਿਉਹਾਰਾਂ ਦੀ ਖਰੀਦਦਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲੈਕਟ੍ਰਾਨਿਕਸ ਬਾਜ਼ਾਰ ਵਿਚ ਕੀਮਤਾਂ ਵਧਣ ਦੀ ਚਰਚਾ ਤੇਜ਼ ਹੋ ਗਈ ਹੈ। ਸਥਾਨਕ ਕਾਰੋਬਾਰੀਆਂ ਮੁਤਾਬਕ ਨਵੇਂ ਸਟਾਕ ਦੀਆਂ ਕੀਮਤਾਂ ਵਿਚ ਸੋਧ ਹੋਣ ਦੀ ਸੂਰਤ ਵਿਚ ਕਈ ਉਤਪਾਦਾਂ ਦੇ ਭਾਅ 10 ਤੋਂ 20 ਫ਼ੀਸਦੀ ਤਕ ਵਧ ਸਕਦੇ ਹਨ।
ਇਸੇ ਸੰਭਾਵਨਾ ਦੇ ਮੱਦੇਨਜ਼ਰ ਡੀਲਰਾਂ ਅਤੇ ਇਲੈਕਟ੍ਰਾਨਿਕਸ ਕਾਰੋਬਾਰੀਆਂ ਨੇ ਮੌਜੂਦਾ ਰੇਟਾਂ ’ਤੇ ਸਟਾਕ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇ ਕੰਪਨੀਆਂ ਵਲੋਂ ਆਉਣ ਵਾਲੇ ਸਟਾਕ ਦੇ ਰੇਟ ਵਧਾ ਦਿੱਤੇ ਜਾਂਦੇ ਹਨ ਤਾਂ ਤਿਉਹਾਰੀ ਆਫ਼ਰ ਅਤੇ ਡਿਸਕਾਊਂਟ ਦੇ ਬਾਵਜੂਦ ਗਾਹਕਾਂ ਨੂੰ ਕਈ ਉਤਪਾਦਾਂ ਲਈ ਪਿਛਲੇ ਸਾਲ ਨਾਲੋਂ ਵੱਧ ਰਕਮ ਖਰਚ ਕਰਨੀ ਪੈ ਸਕਦੀ ਹੈ।
ਉਦਯੋਗ ਨਾਲ ਜੁੜੀਆਂ ਤਾਜ਼ਾ ਰਿਪੋਰਟਾਂ ਵੀ ਇਲੈਕਟ੍ਰਾਨਿਕਸ ਦੀਆਂ ਕੀਮਤਾਂ ’ਤੇ ਲਾਗਤ ਦਾ ਦਬਾਅ ਵਧਣ ਵੱਲ ਇਸ਼ਾਰਾ ਕਰ ਰਹੀਆਂ ਹਨ। ਇਕ ਉਦਯੋਗਿਕ ਰਿਪੋਰਟ ਮੁਤਾਬਕ 2026 ਦੌਰਾਨ ਏ.ਸੀ., ਫਰਿੱਜ ਅਤੇ ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ ਵਿਚ ਕਈ ਪੜਾਵਾਂ ਵਿਚ ਕਰੀਬ 10 ਤੋਂ 12 ਫ਼ੀਸਦੀ ਤਕ ਵਾਧਾ ਹੋਇਆ ਹੈ, ਜਦਕਿ ਮੈਮੋਰੀ ’ਤੇ ਵਧੇਰੇ ਨਿਰਭਰ ਸਮਾਰਟਫੋਨ, ਲੈਪਟਾਪ ਅਤੇ ਟੈਲੀਵਿਜ਼ਨ ਵਰਗੇ ਉਤਪਾਦਾਂ ਵਿਚ ਕੁਝ ਮਾਮਲਿਆਂ ਵਿਚ ਇਸ ਤੋਂ ਵੀ ਤੇਜ਼ ਕੀਮਤ ਵਾਧਾ ਦਰਜ ਕੀਤਾ ਗਿਆ ਹੈ।
ਏਅਰ ਫੋਰਸ ਸਟੇਸ਼ਨ ਗਾਰਡ-ਰੂਮ ਦੇ ਇਕ ਇਲੈਕਟ੍ਰਾਨਿਕਸ ਦੇ ਐੱਮ.ਡੀ. ਮੁਤਾਬਕ ਕਈ ਕੰਪਨੀਆਂ ਵਲੋਂ ਅਗਲੇ ਸਟਾਕ ਦੀਆਂ ਕੀਮਤਾਂ ਵਿਚ ਵਾਧੇ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਅਨੁਸਾਰ ਕੁਝ ਉਤਪਾਦਾਂ ਦੇ ਰੇਟ ਪਹਿਲਾਂ ਹੀ ਵਧ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਵੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਖਾਸ ਕਰ ਕੇ ਐੱਲ.ਈ.ਡੀ. ਟੀ.ਵੀ. ਦੀਆਂ ਕੀਮਤਾਂ ’ਤੇ ਵਾਧੇ ਦਾ ਅਸਰ ਵਧੇਰੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਵਿਚ ਇਲੈਕਟ੍ਰਾਨਿਕਸ ਦੀ ਮੰਗ ਆਮ ਤੌਰ ’ਤੇ ਵਧਦੀ ਹੈ। ਜੇ ਇਸੇ ਸਮੇਂ ਮਹਿੰਗਾ ਨਵਾਂ ਸਟਾਕ ਬਾਜ਼ਾਰ ਵਿਚ ਪਹੁੰਚਦਾ ਹੈ ਤਾਂ ਗਾਹਕਾਂ ’ਤੇ ਦੋਹਰਾ ਪ੍ਰਭਾਵ ਪੈ ਸਕਦਾ ਹੈ। ਇਕ ਪਾਸੇ ਵਧੀ ਮੰਗ ਅਤੇ ਦੂਜੇ ਪਾਸੇ ਵਧੀਆਂ ਕੀਮਤਾਂ।
ਇਲੈਕਟ੍ਰਾਨਿਕਸ ਦੀਆਂ ਕੀਮਤਾਂ ਵਧਣ ਪਿੱਛੇ ਮੈਮੋਰੀ ਚਿਪਾਂ ਦੀ ਵਧੀ ਲਾਗਤ ਨੂੰ ਵੀ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਡਾਟਾ ਸੈਂਟਰਾਂ ਵਿਚ ਮੈਮੋਰੀ ਦੀ ਵਧਦੀ ਮੰਗ ਕਾਰਨ ਗਲੋਬਲ ਪੱਧਰ ’ਤੇ ਮੈਮੋਰੀ ਚਿਪਾਂ ਦੀ ਸਪਲਾਈ ’ਤੇ ਦਬਾਅ ਪਿਆ ਹੈ। ਇਸ ਦਾ ਸਿੱਧਾ ਪ੍ਰਭਾਵ ਸਮਾਰਟਫੋਨ, ਟੀ.ਵੀ., ਲੈਪਟਾਪ ਅਤੇ ਹੋਰ ਮੈਮੋਰੀ ਆਧਾਰਿਤ ਉਤਪਾਦਾਂ ’ਤੇ ਪੈ ਰਿਹਾ ਹੈ।
ਮੌਜੂਦਾ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮੰਤਰਾਲੇ ਦੇ ਖਪਤਕਾਰ ਮੁੱਲ ਸੂਚਕ ਅੰਕ ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਜੁਲਾਈ 2026 ਦਰਮਿਆਨ ਸਮਾਰਟਫੋਨ ਦੀਆਂ ਕੀਮਤਾਂ ਵਿਚ ਲਗਭਗ 4 ਫ਼ੀਸਦੀ ਅਤੇ ਏ.ਸੀ. ਦੀਆਂ ਕੀਮਤਾਂ ਵਿਚ 4.8 ਫ਼ੀਸਦੀ ਵਾਧਾ ਹੋਇਆ। ਇਸੇ ਮਿਆਦ ਵਿਚ ਟੀ.ਵੀ. ਦੀਆਂ ਕੀਮਤਾਂ ਵੀ 3.5 ਫ਼ੀਸਦੀ ਵਧੀਆਂ।
ਇਕ ਹਾਰਡਵੇਅਰ ਦੇ ਐੱਮ.ਡੀ ਮੁਤਾਬਕ ਕੰਪਨੀਆਂ ਵਲੋਂ ਲਗਾਤਾਰ ਕੀਮਤਾਂ ਵਧਾਉਣ ਦੇ ਸੰਕੇਤ ਮਿਲ ਰਹੇ ਹਨ। ਕੱਚੇ ਮਾਲ ਦੀ ਕਮੀ, ਦਰਾਮਦ ਕੀਤੇ ਕੰਪੋਨੈਂਟਾਂ ਦੀ ਵਧੀ ਲਾਗਤ, ਆਵਾਜਾਈ ਖਰਚ ਅਤੇ ਮੁਦਰਾ ਦਰਾਂ ਵਿਚ ਤਬਦੀਲੀ ਕਾਰਨ ਉਤਪਾਦਨ ਲਾਗਤ ’ਤੇ ਦਬਾਅ ਵਧਿਆ ਹੈ।
ਉਦਯੋਗਿਕ ਰਿਪੋਰਟਾਂ ਮੁਤਾਬਕ ਇਲੈਕਟ੍ਰਾਨਿਕਸ ਉਦਯੋਗ ਆਪਣੇ ਇਨਪੁਟ ਦਾ ਇਕ ਮਹੱਤਵਪੂਰਨ ਹਿੱਸਾ ਦਰਾਮਦ ਕਰਦਾ ਹੈ। ਕਾਪਰ ਦੀਆਂ ਕੀਮਤਾਂ ਵਿਚ ਵਾਧੇ ਨੇ ਵੀ ਏ.ਸੀ. ਅਤੇ ਫਰਿੱਜ ਵਰਗੇ ਉਤਪਾਦਾਂ ਦੀ ਲਾਗਤ ਪ੍ਰਭਾਵਿਤ ਕੀਤੀ ਹੈ। ਕੁਝ ਨਿਰਮਾਤਾ ਲਾਗਤ ਨੂੰ ਕਾਬੂ ਕਰਨ ਲਈ ਮਹਿੰਗੇ ਕਾਪਰ ਦੀ ਥਾਂ ਐਲੂਮੀਨੀਅਮ ਵਰਗੇ ਬਦਲ ਅਤੇ ਉਤਪਾਦਾਂ ਦੇ ਡਿਜ਼ਾਈਨ ਵਿਚ ਤਬਦੀਲੀ ’ਤੇ ਵੀ ਕੰਮ ਕਰ ਰਹੇ ਹਨ।
ਕੰਪਨੀਆਂ ਖਰਚਾ ਖੁਦ ਵੀ ਸਹਿ ਰਹੀਆਂ ਪਰ ਕੀਮਤਾਂ ’ਤੇ ਦਬਾਅ ਕਾਇਮ
ਬਾਜ਼ਾਰ ਵਿਚ ਮੰਗ ਨੂੰ ਕਾਇਮ ਰੱਖਣ ਲਈ ਕੰਪਨੀਆਂ ਵਲੋਂ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਖੁਦ ਸਹਿਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸਤੰਬਰ ਦੀ ਇਕ ਉਦਯੋਗਿਕ ਰਿਪੋਰਟ ਅਨੁਸਾਰ ਇਲੈਕਟ੍ਰਾਨਿਕਸ ਅਤੇ ਮੋਬਾਈਲ ਨਿਰਮਾਤਾ ਤਿਉਹਾਰੀ ਸੀਜ਼ਨ ਦੌਰਾਨ ਮੰਗ ਨੂੰ ਨੁਕਸਾਨ ਤੋਂ ਬਚਾਉਣ ਲਈ ਕੀਮਤਾਂ ਵਿਚ ਵਾਧਾ ਸੀਮਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੁਝ ਲਾਗਤ ਆਪਣੇ ਮਾਰਜਿਨ ਵਿਚੋਂ ਸਹਿਣ ਦੀ ਰਣਨੀਤੀ ਅਪਣਾ ਰਹੇ ਹਨ।
ਇਸ ਕਾਰਨ ਹਰ ਕੰਪਨੀ ਜਾਂ ਹਰ ਮਾਡਲ ਦੀ ਕੀਮਤ ਵਿਚ ਇਕੋ ਜਿਹਾ ਵਾਧਾ ਹੋਵੇ, ਇਹ ਜ਼ਰੂਰੀ ਨਹੀਂ। ਪੁਰਾਣੇ ਸਟਾਕ, ਨਵੇਂ ਸਟਾਕ ਦੀ ਲਾਗਤ, ਕੰਪੋਨੈਂਟ ਦੀ ਵਰਤੋਂ ਅਤੇ ਕੰਪਨੀ ਦੀ ਕੀਮਤ ਨੀਤੀ ਅਨੁਸਾਰ ਵੱਖ-ਵੱਖ ਉਤਪਾਦਾਂ ਦੇ ਰੇਟ ਵੱਖਰੇ ਢੰਗ ਨਾਲ ਬਦਲ ਸਕਦੇ ਹਨ।
ਕੀਮਤਾਂ ਵਧਣ ਦੀਆਂ ਚਰਚਾਵਾਂ ਦੇ ਬਾਵਜੂਦ ਇਲੈਕਟ੍ਰਾਨਿਕਸ ਬਾਜ਼ਾਰ ਵਿਚ ਤਿਉਹਾਰੀ ਮੰਗ ਨੂੰ ਲੈ ਕੇ ਕਾਰੋਬਾਰੀ ਅਾਸਵੰਦ ਹਨ। ਤਾਜ਼ਾ ਉਦਯੋਗਿਕ ਰਿਪੋਰਟਾਂ ਮੁਤਾਬਕ ਵਧੀਆਂ ਕੀਮਤਾਂ ਦੇ ਬਾਵਜੂਦ ਪ੍ਰੀਮੀਅਮ ਉਤਪਾਦਾਂ ਦੀ ਮੰਗ ਤਿਉਹਾਰੀ ਸੀਜ਼ਨ ਵਿੱਚ ਬਾਜ਼ਾਰ ਨੂੰ ਸਹਾਰਾ ਦੇ ਰਹੀ ਹੈ।
ਦੂਜੇ ਪਾਸੇ ਵਧੀਆਂ ਕੀਮਤਾਂ ਕਾਰਨ ਕੁਝ ਗਾਹਕ ਆਪਣੀ ਖਰੀਦਦਾਰੀ ਨੂੰ ਅੱਗੇ ਪਾਉਣ ਦੀ ਬਜਾਏ ਵੱਡੇ ਡਿਸਕਾਊਂਟ, ਐਕਸਚੇਂਜ ਆਫ਼ਰ ਅਤੇ ਨੋ-ਕਾਸਟ ਈ.ਐੱਮ.ਆਈ. ਦੀ ਉਡੀਕ ਕਰ ਰਹੇ ਹਨ। ਆਨਲਾਈਨ ਬਾਜ਼ਾਰ ਵਿਚ ਵੀ ਇਲੈਕਟ੍ਰਾਨਿਕਸ ਦੀਆਂ ਕੀਮਤਾਂ ਵਧਣ ਕਾਰਨ ਗਾਹਕਾਂ ਵਲੋਂ ਅਪਗ੍ਰੇਡ ਕਰਨ ਦਾ ਸਮਾਂ ਲੰਮਾ ਕਰਨ ਦੇ ਸੰਕੇਤ ਮਿਲ ਰਹੇ ਹਨ।
ਸਥਾਨਕ ਇਲੈਕਟ੍ਰਾਨਿਕਸ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੰਗ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਜੇ ਨਵਾਂ ਸਟਾਕ ਵਧੇ ਹੋਏ ਰੇਟ ’ਤੇ ਆਉਂਦਾ ਹੈ ਤਾਂ ਪੁਰਾਣੇ ਅਤੇ ਨਵੇਂ ਸਟਾਕ ਦੀ ਕੀਮਤ ਵਿਚ ਅੰਤਰ ਪੈਦਾ ਹੋ ਸਕਦਾ ਹੈ। ਇਸ ਲਈ ਕਈ ਡੀਲਰ ਮੌਜੂਦਾ ਰੇਟਾਂ ’ਤੇ ਹੀ ਆਪਣੀ ਇਨਵੈਂਟਰੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਰੋਬਾਰੀਆਂ ਮੁਤਾਬਕ ਅਗਲੇ ਕੁਝ ਹਫ਼ਤੇ ਇਲੈਕਟ੍ਰਾਨਿਕਸ ਬਾਜ਼ਾਰ ਲਈ ਅਹਿਮ ਰਹਿਣ ਵਾਲੇ ਹਨ। ਜੇ ਕੱਚੇ ਮਾਲ, ਚਿਪ ਅਤੇ ਦਰਾਮਦ ਕੀਤੇ ਕੰਪੋਨੈਂਟਾਂ ਦੀ ਲਾਗਤ ਵਿਚ ਕਮੀ ਨਾ ਆਈ ਤਾਂ ਨਵੇਂ ਸਟਾਕ ਦੇ ਨਾਲ ਇਸ ਦਾ ਪ੍ਰਭਾਵ ਖੁਦਰਾ ਬਾਜ਼ਾਰ ਤਕ ਪਹੁੰਚ ਸਕਦਾ ਹੈ।
LPG ਗਾਹਕਾਂ ਲਈ ਜ਼ਰੂਰੀ ਖ਼ਬਰ: 1 ਅਕਤੂਬਰ ਤੋਂ ਬਦਲ ਜਾਵੇਗਾ ਗੈਸ ਸਿਲੰਡਰ ਦਾ ਇਹ ਨਿਯਮ
NEXT STORY