ਮੋਹਾਲੀ, (ਕੁਲਦੀਪ)- ਨਸ਼ਾ ਸਮੱਗਲਰਾਂ ਨੂੰ ਫਡ਼ਨ ਲਈ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਦੋ ਪੰਜਾਬੀ ਤੇ ਇਕ ਹਰਿਆਣਵੀ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੇ ਨਾਂ ਅਵਤਾਰ ਸਿੰਘ ਉਰਫ ਜਗਤਾਰ ਸਿੰਘ ਜੱਗਾ, ਮੇਜਰ ਸਿੰਘ ਤੇ ਅੰਕੁਸ਼ ਗਾਬਾ ਦੱਸੇ ਜਾਂਦੇ ਹਨ। ਤਿੰਨਾਂ ਮੁਲਜ਼ਮਾਂ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਡੀ. ਐੱਸ. ਪੀ. ਦੇਵ ਸਿੰਘ ਦੀ ਨਿਗਰਾਨੀ ਵਿਚ ਐੱਸ. ਟੀ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲਾ ਮੋਹਾਲੀ ਦੇ ਬਲਾਕ ਮਾਜਰੀ ਅਧੀਨ ਆਉਂਦੇ ਪਿੰਡ ਮਾਣਕਪੁਰ ਸ਼ਰੀਫ ਦਾ ਵਸਨੀਕ ਅਵਤਾਰ ਸਿੰਘ ਉਰਫ ਜਗਤਾਰ ਸਿੰਘ ਜੱਗਾ, ਪਿੰਡ ਰਾਣੀਮਾਜਰਾ ਦਾ ਵਸਨੀਕ ਮੇਜਰ ਸਿੰਘ ਤੇ ਪੰਚਕੂਲਾ ਦੇ ਸੈਕਟਰ-10 (ਮੂਲ ਰੂਪ ਨਿਵਾਸੀ ਪਿੰਡ ਰਾਣੀਆਂ ਜ਼ਿਲਾ ਸਿਰਸਾ ਹਰਿਆਣਾ) ਦਾ ਵਸਨੀਕ ਅੰਕੁਸ਼ ਗਾਬਾ ਮਿਲ ਕੇ ਨਸ਼ਾ ਸਮੱਗਲਿੰਗ ਕਰਦੇ ਹਨ। ਤਿੰਨੋਂ ਮੁਲਜ਼ਮ ਏਸੈਂਟ ਕਾਰ ਵਿਚ ਸਵਾਰ ਹੋ ਕੇ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਮੋਹਾਲੀ ਵਿਚ ਘੁੰਮ ਰਹੇ ਹਨ। ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਪੀ. ਟੀ. ਐੱਲ. ਚੌਕ ਫੇਜ਼-5 ਦੇ ਨੇੜੇ ਚਿੱਟੇ ਰੰਗ ਦੀ ਪੰਜਾਬ ਨੰਬਰ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚ ਸਵਾਰ ਤਿੰਨੋਂ ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ ਹੋਈ।
ਐੱਸ. ਟੀ. ਐੱਫ. ਦੇ ਐੱਸ. ਐੱਚ. ਓ. ਰਾਮ ਦਰਸ਼ਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਅਵਤਾਰ ਸਿੰਘ ਉਰਫ ਜਗਤਾਰ ਸਿੰਘ ਜੱਗਾ ਖਿਲਾਫ ਪਹਿਲਾਂ ਵੀ ਜ਼ਿਲਾ ਮੋਹਾਲੀ ਦੇ ਕੁਰਾਲੀ ਪੁਲਸ ਸਟੇਸ਼ਨ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਸੀ। ਉਸ ਕੇਸ ਵਿਚ ਉਸ ਨੂੰ ਸੈਸ਼ਨਜ਼ ਜੱਜ ਦੀ ਅਦਾਲਤ ਤੋਂ 10 ਸਾਲ ਕੈਦ ਦੀ ਸਜ਼ਾ ਹੋ ਗਈ ਸੀ, ਜਿਸ ਦੌਰਾਨ ਉਸ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ’ਤੇ ਆਉਣ ਤੋਂ ਬਾਅਦ ਜੱਗਾ ਨੇ ਫਿਰ ਨਸ਼ਾ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਦੇ ਕਬਜ਼ੇ ਵਿਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੰਚਕੂਲਾ ਤੋਂ ਹੈਰੋਇਨ ਲਿਆ ਕੇ ਵੇਚਦਾ ਸੀ ਮੁਲਜ਼ਮ ਮੇਜਰ
ਮੁਲਜ਼ਮ ਮੇਜਰ ਸਿੰਘ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਹ 5-6 ਮਹੀਨਿਅਾਂ ਤੋਂ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ। ਉਹ ਪੰਚਕੂਲਾ ਨਿਵਾਸੀ ਅੰਕੁਸ਼ ਗਾਬਾ ਤੋਂ ਹੈਰੋਇਨ ਲਿਆ ਕੇ ਖੁਦ ਵੀ ਨਸ਼ਾ ਕਰਦਾ ਸੀ ਤੇ ਆਪਣੇ ਪੱਕੇ ਗਾਹਕਾਂ ਨੂੰ ਵੀ ਵੇਚ ਦਿੰਦਾ ਸੀ। ਉਸ ਦੇ ਕਬਜ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੀ. ਜੀ. ਚਲਾਉਂਦਾ ਹੈ ਮੁਲਜ਼ਮ ਅੰਕੁਸ਼ ਗਾਬਾ
ਤੀਜੇ ਮੁਲਜ਼ਮ ਹਰਿਆਣਵੀ ਵਿਅਕਤੀ ਅੰਕੁਸ਼ ਗਾਬਾ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਹ ਪੰਚਕੂਲਾ ਵਿਚ ਮਕਾਨ ਕਿਰਾਏ ’ਤੇ ਲੈ ਕੇ ਪੀ. ਜੀ. ਚਲਾ ਰਿਹਾ ਹੈ। ਉਹ ਵੀ ਨਸ਼ਾ ਕਰਨ ਦਾ ਆਦੀ ਹੈ ਤੇ ਦਿੱਲੀ ਨਿਵਾਸੀ ਇਕ ਨਾਈਜੀਰੀਅਨ ਦੋਸਤ ਫਰੈਂਕ ਤੋਂ ਘੱਟ ਮੁੱਲ ’ਤੇ ਹੈਰੋਇਨ ਲਿਆ ਕੇ ਇਧਰ ਮਹਿੰਗੇ ਮੁੱਲ ’ਤੇ ਵੇਚ ਦਿੰਦਾ ਹੈ। ਉਹ 6 ਮਹੀਨਿਅਾਂ ਤੋਂ ਹੈਰੋਇਨ ਸਮੱਗਲਿੰਗ ਦਾ ਧੰਦਾ ਲਗਾਤਾਰ ਕਰਦਾ ਆ ਰਿਹਾ ਹੈ।
ਐੱਸ. ਟੀ. ਐੱਫ. ਥਾਣੇ ’ਚ ਕੇਸ ਦਰਜ
ਤਿੰਨੋਂ ਮੁਲਜ਼ਮਾਂ ਖਿਲਾਫ ਐੱਸ. ਟੀ. ਐੱਫ. ਪੁਲਸ ਸਟੇਸ਼ਨ ਫੇਜ਼-4 ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21, 29, 61, 85 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਪਟਾਕੇ ਵੇਚਣ ਲਈ ਨਿਰਧਾਰਿਤ
NEXT STORY