ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)-ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਪਿੰਡ ਭੁੱਲਰ ਵਿਖੇ ਅੱਜ ਪਿੰਡ ਵਾਸੀਆਂ ਨੇ ਇਕ ਪਿੰਡ ਵਾਸੀ ਸਮੇਤ ਕੁਝ ਵਿਅਕਤੀਆਂ ਨੂੰ ਕਾਬੂ ਕਰਦਿਆਂ ਕੁਟਾਪਾ ਚਾੜ੍ਹਿਆ ਤੇ ਦੋਸ਼ ਲਾਏ ਕਿ ਇਹ ਵਿਅਕਤੀ ਪਿੰਡ ’ਚ ਚਿੱਟਾ ਵੇਚਣ ਦਾ ਕੰਮ ਕਰਦੇ ਹਨ। ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਨੂੰ ਲੰਮੇ ਸਮੇਂ ਤੋਂ ਰੋਕਿਆ ਜਾ ਰਿਹਾ ਸੀ ਪਰ ਹੁਣ ਇਹ ਵਿਅਕਤੀ ਉਲਟਾ ਪਿੰਡ ਵਾਲਿਆਂ ਨੂੰ ਹੀ ਅੱਖਾਂ ਵਿਖਾਉਣ ਲੱਗੇ ਸਨ। ਪਿੰਡ ਵਿਚ ਨਸ਼ਾ ਛੁਡਾਊ ਕਮੇਟੀ ਦੀ ਅਗਵਾਈ ’ਚ ਅੱਜ ਪਿੰਡ ਵਾਸੀਆਂ ਨੇ ਜਦ ਇਨ੍ਹਾਂ ਤਕਰੀਬਨ 7 ਵਿਅਕਤੀਆਂ ਨੂੰ ਕਾਬੂ ਕੀਤਾ ਤਾਂ ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਤੋਂ ਚਿੱਟੇ ਦਾ ਨਸ਼ਾ ਲੈਣ ਲਈ ਵਰਤਿਆ ਜਾਂਦਾ ਸਾਮਾਨ ਅਤੇ ਇਕ ਵਿਅਕਤੀ ਤੋਂ ਦੇਸੀ ਕੱਟਾ ਵੀ ਬਰਾਮਦ ਹੋਇਆ। ਪਿੰਡ ਵਾਸੀਆਂ ਅਨੁਸਾਰ ਉਹ ਇਸ ਮਾਮਲੇ ਵਿਚ ਕਈ ਵਾਰ ਪੁਲਸ ਨੂੰ ਸਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਅੱਜ ਵੀ ਪਿੰਡ ’ਚ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਪਿੰਡ ਵਿਚ ਪੁਲਸ ਪਹੁੰਚੀ ਤਾਂ ਤਕਰੀਬਨ 7 ਵਿਅਕਤੀਆਂ ਨੂੰ ਕਾਬੂ ਕਰ ਲਿਆ। ਪਿੰਡ ਵਾਸੀਆਂ ਅਨੁਸਾਰ ਪਿੰਡ ਵਿਚ ਚਿੱਟੇ ਦਾ ਇਹ ਕੰਮ ਪਿੰਡ ਦੇ ਇਕ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਸੀ, ਜਦ ਉਸ ਨੂੰ ਰੋਕਿਆ ਗਿਆ ਤਾਂ ਉਹ ਬਾਹਰ ਤੋਂ ਮੁੰਡੇ ਬੁਲਾਉਣ ਲੱਗਾ ਤਾਂ ਜੋ ਪਿੰਡ ਵਾਲਿਆਂ ਨੂੰ ਡਰਾਇਆ-ਧਮਕਾਇਆ ਜਾ ਸਕੇ। ਉਧਰ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਤੋਂ ਫੜੇ ਗਏ ਇਕ ਦੇਸੀ ਕੱਟੇ ਸਬੰਧੀ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਪਿੰਡ ਭੁੱਲਰ ’ਚ ਮਾਹੌਲ ਤਣਾਅਪੂਰਣ, ਚਿੱਟਾ ਵੇਚਣ ਆਏ ਨੌਜਵਾਨ ਸਮੇਤ 7 ਨੂੰ ਕੀਤਾ ਕਾਬੂ
NEXT STORY