ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਪੁਲਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਕ ਨੇਪਾਲੀ ਨਾਗਰਿਕ ਨੂੰ ਇਕ ਕਿੱਲੋ 250 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਦਲ ਬਹਾਦੁਰ ਅਧਿਕਾਰੀ (36) ਪੁੱਤਰ ਜਾਰ ਬਹਾਦੁਰ ਅਧਿਕਾਰੀ, ਵਾਸੀ ਮਹਾਵੇ ਪਾਥਰ ਖੋਲਾ, ਥਾਣਾ ਬੁਆ, ਜ਼ਿਲ੍ਹਾ ਜੁਮਲਾ, ਕਰਨਾਲੀ ਪ੍ਰਦੇਸ਼ (ਨੇਪਾਲ) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਇਹ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇੰਨੀ ਵੱਡੀ ਮਾਤਰਾ ’ਚ ਅਫੀਮ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ। ਪੁਲਸ ਅਨੁਸਾਰ ਵੀਰਵਾਰ ਦੁਪਹਿਰ ਕਰੀਬ 3:30 ਵਜੇ ਪੁਲਸ ਚੌਂਕੀ ਬਲਟਾਣਾ ਦੇ ਏ. ਐੱਸ. ਆਈ. ਮੇਜਰ ਸਿੰਘ ਆਪਣੀ ਟੀਮ ਨਾਲ ਹੋਟਲ ਵੈਲਵੈਟ ਕਲਾਰਕ ਨੇੜੇ ਚੁਆਇਸ ਰੋਡ ’ਤੇ ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ।
ਇਸ ਦੌਰਾਨ ਚੰਡੀਗੜ੍ਹ-ਅੰਬਾਲਾ ਹਾਈਵੇ ਵੱਲੋਂ ਇੱਕ ਵਿਅਕਤੀ ਹੱਥ ਵਿੱਚ ਛੋਟਾ ਬੈਗ ਲੈ ਕੇ ਆਉਂਦਾ ਦਿਖਾਈ ਦਿੱਤਾ। ਉਸ ਦੀ ਹਰਕਤ ਸ਼ੱਕੀ ਲੱਗਣ ’ਤੇ ਪੁਲਸ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਮੁਲਜ਼ਮ ਨੂੰ ਉਸ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਇਕ ਪਾਰਦਰਸ਼ੀ ਪਲਾਸਟਿਕ ਦੇ ਲਿਫ਼ਾਫੇ ’ਚੋਂ ਕਾਲੇ-ਭੂਰੇ ਰੰਗ ਦਾ ਪਦਾਰਥ ਬਰਾਮਦ ਹੋਇਆ। ਜਾਂਚ ਕਰਨ ’ਤੇ ਇਹ ਅਫੀਮ ਨਿਕਲੀ। ਇਲੈਕਟ੍ਰਾਨਿਕ ਕੰਡੇ ਨਾਲ ਤੋਲਣ ’ਤੇ ਇਸ ਦਾ ਭਾਰ ਇਕ ਕਿੱਲੋ 250 ਗ੍ਰਾਮ ਪਾਇਆ ਗਿਆ। ਪੁਲਸ ਨੇ ਅਫ਼ੀਮ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਸ਼ਰੇਆਮ ਮੁੰਡੇ ਦਾ ਕਤਲ
NEXT STORY