ਮੋਗਾ (ਆਜ਼ਾਦ)-ਐਂਟੀ ਹਿਊਮਨ ਟ੍ਰੈਫੀਕਿੰਗ ਯੂਨਿਟ ਵੱਲੋਂ ਰੇਲਵੇ 'ਚ ਭਰਤੀ ਕਰਵਾਉਣ ਦੇ ਨਾਂ 'ਤੇ 7 ਲੱਖ 2 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸ਼ਾਮਲ ਔਰਤ ਰਜਨੀ ਨਿਵਾਸੀ ਪਿੰਡ ਮੱਲਾਂਵਾਲਾ ਨੂੰ ਕਾਬੂ ਕੀਤਾ ਗਿਆ, ਜਦਕਿ ਉਕਤ ਮਾਮਲੇ 'ਚ ਉਸ ਦੇ ਦੋਨੋਂ ਭਰਾਵਾਂ ਦੀ ਗ੍ਰਿਫਤਾਰੀ ਬਾਕੀ ਹੈ। ਇਸ ਸਬੰਧੀ ਮੋਗਾ ਪੁਲਸ ਵੱਲੋਂ 19 ਦਸੰਬਰ, 2018 ਨੂੰ ਕਥਿਤ ਦੋਸ਼ੀ ਰਜਨੀ ਅਤੇ ਉਸ ਦੇ ਦੋ ਭਰਾਵਾਂ ਰਜਿੰਦਰ ਕੁਮਾਰ ਅਤੇ ਮਨਜੀਤ ਕੁਮਾਰ ਨਿਵਾਸੀ ਪਿੰਡ ਮੱਲਾਂਵਾਲਾ ਖਿਲਾਫ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕਰ ਲਿਆ ਗਿਆ ਸੀ।
ਕੀ ਸੀ ਮਾਮਲਾ
ਜਾਣਕਾਰੀ ਦਿੰਦੇ ਹੋਏ ਐਂਟੀ ਹਿਊਮਨ ਟ੍ਰੈਫੀਕਿੰਗ ਯੂਨਿਟ ਮੋਗਾ ਦੇ ਇੰਚਾਰਜ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸਤਪਾਲ ਪੁੱਤਰ ਦਾਰਾ ਸਿੰਘ ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਸੀ ਕਿ ਉਹ ਕੈਂਟਰ ਚਾਲਕ ਹੈ। ਬੀਤੀ 17 ਜੁਲਾਈ, 2017 ਨੂੰ ਉਸ ਕੋਲ ਰਜਿੰਦਰ ਕੁਮਾਰ ਅਤੇ ਮਨਜੀਤ ਕੁਮਾਰ ਆਏ ਅਤੇ ਦਿੱਲੀ ਤੋਂ ਸਾਮਾਨ ਲਿਆਉਣ ਲਈ ਕਿਹਾ, ਜਿਸ 'ਤੇ ਮੈਂ ਅਤੇ ਮਨਜੀਤ ਕੁਮਾਰ ਕੈਂਟਰ 'ਤੇ ਗਏ, ਜਦਕਿ ਰਜਿੰਦਰ ਕੁਮਾਰ ਆਪਣੀ ਗੱਡੀ ਰਾਹੀਂ ਦਿੱਲੀ ਪਹੁੰਚਿਆ। ਮੈਨੂੰ ਰਸਤੇ 'ਚ ਮਨਜੀਤ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਰਜਿੰਦਰ ਕੁਮਾਰ ਰੇਲਵੇ 'ਚ ਹੈ, ਉਹ ਤੁਹਾਡੀਆਂ ਦੋਨੋਂ ਬੇਟੀਆਂ ਨੂੰ ਰੇਲਵੇ 'ਚ ਭਰਤੀ ਕਰਵਾ ਦੇਵੇਗਾ, ਜਿਸ 'ਤੇ ਮੈਂ ਉਸ 'ਤੇ ਭਰੋਸਾ ਕਰ ਲਿਆ ਅਤੇ ਉਸ ਨੇ ਮੈਨੂੰ ਕਿਹਾ ਕਿ ਆਪ ਮੈਨੂੰ ਲੜਕੀਆਂ ਦੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਦੇ ਦਿਓ, ਜਿਸ 'ਤੇ ਮੈਂ ਉਸ ਨੂੰ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ।
ਇਸ ਦੇ ਬਾਅਦ ਉਸ ਨੇ ਮੈਨੂੰ ਕਿਹਾ ਕਿ ਲੜਕੀਆਂ ਨੂੰ ਭਰਤੀ ਕਰਵਾਉਣ 'ਤੇ ਲੱਖਾਂ ਰੁਪਏ ਖਰਚਾ ਆਵੇਗਾ, ਜਿਸ 'ਤੇ ਮੈਂ ਉਸ ਦੇ ਕਹਿਣ 'ਤੇ ਉਸ ਦੀ ਭੈਣ ਰਜਨੀ ਦੇ ਖਾਤੇ 'ਚ ਉਕਤ ਪੈਸੇ ਪਾ ਦਿੱਤੇ। ਮੈਨੂੰ ਉਸ ਦੇ ਭਰਾ ਰਜਿੰਦਰ ਕੁਮਾਰ ਨੇ ਦਿੱਲੀ ਬੁਲਾਇਆ। ਮੈਂ ਆਪਣੀਆਂ ਦੋਨੋਂ ਬੇਟੀਆਂ ਨਾਲ ਦਿੱਲੀ ਪਹੁੰਚਿਆ, ਉਥੇ ਉਸ ਨੇ ਮੈਨੂੰ ਦੋਨੋਂ ਬੇਟੀਆਂ ਦੀ ਸਰਵਿਸ ਬੁੱਕ ਦਿਖਾ ਦਿੱਤੀ, ਜਦ ਮੇਰੀ ਬੇਟੀਆਂ ਨੇ ਅਥਾਰਟੀ ਲੈਟਰ ਮੰਗਿਆ ਤਾਂ ਉਸ ਨੇ ਕਿਹਾ ਕਿ ਅਜੇ ਦਸਤਾਵੇਜ਼ ਅਧੂਰੇ ਹਨ। 3 ਅਗਸਤ 2017 ਨੂੰ ਉਹ ਆਪਣੀਆਂ ਦੋਨੋਂ ਬੇਟੀਆਂ ਨੂੰ ਲੈ ਕੇ ਮੈਡੀਕਲ ਕਰਵਾਉਣ ਲਈ ਦਿੱਲੀ ਲੈ ਕੇ ਗਿਆ। ਇਸ ਦੇ ਬਾਅਦ ਉਸ ਨੇ ਕਿਹਾ ਕਿ ਦੋਨੋਂ ਲੜਕੀਆਂ ਨੂੰ ਟ੍ਰੇਨਿੰਗ ਲੈਣ ਲਈ ਜੰਮੂ ਜਾਣਾ ਪਵੇਗਾ ਅਤੇ 1-9-2017 ਤੋਂ ਟਰੇਨਿੰਗ ਸ਼ੁਰੂ ਹੋਵੇਗੀ। ਇਸ ਤਰ੍ਹਾਂ ਉਨ੍ਹਾਂ ਹੌਲੀ-ਹੌਲੀ ਕਰ ਕੇ ਕਥਿਤ ਮਿਲੀਭੁਗਤ ਕਰ ਕੇ ਮੇਰੇ ਤੋਂ 7 ਲੱਖ 2 ਹਜ਼ਾਰ ਰੁਪਏ ਠੱਗੇ ਅਤੇ ਨਾ ਤਾਂ ਮੇਰੀਆਂ ਬੇਟੀਆਂ ਨੂੰ ਰੇਲਵੇ 'ਚ ਭਰਤੀ ਕਰਵਾਇਆ ਅਤੇ ਨਾ ਹੀ ਲੈਟਰ ਦਿੱਤੇ।
ਕੀ ਹੋਈ ਪੁਲਸ ਕਾਰਵਾਈ
ਇੰਚਾਰਜ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਿਸੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਈ ਵਾਰ ਛਾਪੇਮਾਰੀ ਕੀਤੀ ਗਈ ਪਰ ਉਹ ਕਾਬੂ ਨਹੀਂ ਆ ਸਕੇ। ਅੱਜ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਕਥਿਤ ਦੋਸ਼ੀ ਔਰਤ ਰਜਨੀ ਨੂੰ ਪਿੰਡ ਮੱਲਾਂਵਾਲਾ ਤੋਂ 7 ਮਹੀਨੇ ਬਾਅਦ ਕਾਬੂ ਕਰ ਲਿਆ, ਜਿਸ ਨੂੰ ਪੁੱਛ-ਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ, ਜਦਕਿ ਉਸ ਦੇ ਦੋਨੋਂ ਭਰਾ ਪੁਲਸ ਗ੍ਰਿਫਤ ਤੋਂ ਦੂਰ ਹਨ।
ਬਰਸਾਤੀ ਮੌਸਮ ਕਾਰਣ ਘੱਗਰ ਦਰਿਆ ਤੇ ਡਰੇਨਾਂ 'ਤੇ ਲਗਾਤਾਰ ਤਿੱਖੀ ਨਜ਼ਰ ਰੱਖਣ ਦੇ ਹੁਕਮ
NEXT STORY