ਅਕਸ ਹਮੇਸ਼ਾਂ ਆਈਨਾ ਹੀ ਨਹੀਂ ਵਿਖਾਉਂਦਾ ਸਗੋਂ ਸਾਡੀ ਅੰਦਰੂਨੀ ਮਾਨਸਿਕਤਾ ਸਾਡੇ ਅਕਸ ਦੀ ਅਸਲੀ ਤਸਵੀਰ ਸਮਾਜ ਵਿੱਚ ਪੇਸ਼ ਕਰਦੀ ਹੈ, ਕਿਉਂਕਿ ਸਾਡੇ ਕਰਮ ਸਾਡੀ ਮਾਨਸਿਕਤਾ ’ਤੇ ਨਿਰਭਰ ਕਰਦੇ ਹਨ। ਕਰਮਹੀਣੇ ਮਨੁੱਖ ਦੀ ਤਾਂ ਅਸੀਂ ਇੱਥੇ ਗੱਲ ਕਰਨੀ ਵਾਜਬ ਨਹੀਂ ਸਮਝ ਸਕਦੇ, ਕਿਉਂਕਿ ਇਹ ਸਾਰੀ ਦੁਨੀਆਂ ਕਰਮ ਦੇ ਦੁਆਲੇ ਘੁੰਮਦੀ ਹੈ। ਕਰਮ ਕਰੋਗੇ ਤਾਂ ਹੀ ਕਿਸੇ ਫਲ ਦੀ ਪ੍ਰਾਪਤੀ ਦੀ ਆਸ ਕਰ ਸਕਦੇ ਹੋ। ਜ਼ਮੀਰਾਂ ਕਦੇ ਵੀ ਮੁੱਲ ਨਹੀਂ ਵਿਕਦੀਆਂ ਅਤੇ ਨਾ ਹੀ ਇਹ ਕਿਤੋਂ ਕਮਾਈਆਂ ਜਾ ਸਕਦੀਆਂ ਹਨ। ਅੰਤਰ ਸੰਵੇਦਨਾ ਨਾਲ ਭਰਪੂਰ ਇਨਸਾਨ ਹਰ ਕੰਮ ਵਿੱਚ ਜ਼ਮੀਰ ਦੀ ਇਜ਼ਾਜਤ ਬਾਰੇ ਸੋਚ ਸਕਦਾ ਹੈ।
ਹਰ ਵਾਰ ਗੱਲ ਆਪਣੀ ਅੜੀ ਪੁਗਾਉਣ ਦੀ ਨਹੀਂ ਹੁੰਦੀ ਸਗੋਂ ਕਈ ਵੇਰਾਂ ਗੱਲ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ, ਸੁਹਿਰਦ ਹੋਣ ਦੀ ਵੀ ਹੁੰਦੀ ਹੈ। ਉਸ ਸਮੇਂ ਸਾਨੂੰ ਆਪਣੇ ਚੰਚਲ ਮਨ ਨੂੰ ਤਿਆਗ ਕੇ ਆਤਮਾ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤੇ ਆਤਮਾ ਦੀ ਆਵਾਜ਼ ਹਮੇਸ਼ਾਂ ਹੱਕ-ਸੱਚ ਦੀ ਸੂਚਕ ਸਾਬਿਤ ਹੁੰਦੀ ਰਹੀ ਹੈ। ਆਤਮਾ ਦੀ ਆਵਾਜ਼ ਤੱਕ ਪਹੁੰਚਣਾ ਜਾਂ ਇਸ ਬਾਰੇ ਸੋਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਜਾਪਦੀ, ਕਿਉਂਕਿ ਇਹ ਸਭ ਕੁੱਝ ਧਿਆਨ ਦੁਆਰਾ ਹੀ ਹੋ ਸਕਦਾ ਹੈ ਤੇ ਧਿਆਨ ਲਾਉਣ ਦਾ ਸਮਾਂ ਹੁਣ ਕਿਸੇ ਕੋਲ ਹੈ ਹੀ ਨਹੀਂ। ਇਸ ਦੌਰ ਵਿੱਚ ਜੇ ਵੇਖਿਆ ਜਾਵੇ ਤਾਂ ਇਨਸਾਨ ਆਪਣਾ ਕਰਮ ਧਿਆਨਪੂਰਵਕ ਨਹੀਂ ਕਰ ਰਿਹਾ ਤੇ ਫਿਰ ਆਤਮਿਕ ਧਿਆਨ ਲਾਉਣ ਦੀ ਗੱਲ ਤਾਂ ਕੋਹਾਂ ਦੂਰ ਪਈ ਜਾਪਦੀ ਹੈ। ਮੇਰੇ ਇਸ ਮਤ ਤੇ ਕਈਆਂ ਦੇ ਮਨ ਵਿੱਚ ਖਦਸ਼ੇ ਪੈਦਾ ਤਾਂ ਹੋ ਸਕਦੇ ਹਨ ਪਰ ਸਾਡੇ ਇਸ ਵਿਸ਼ਾਲ ਦੇਸ਼ ਵਿੱਚ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹਾਸਲ ਹੈ।
ਹਰ ਮਜ਼੍ਹਬ, ਕੌਮ ਆਪਣੀ ਅਣਖ ਅਤੇ ਗੈਰਤ ਖਾਤਿਰ ਆਪਣਾ ਸਭ ਕੁੱਝ ਵਾਰਨ ਨੂੰ ਤਤਪਰ ਰਹਿੰਦੀ ਹੈ, ਕਾਰਨ ਸਿਰਫ਼ ਜ਼ਮੀਰ ਹੀ ਹੁੰਦੀ ਹੈ, ਜੋ ਸਾਡੀ ਕੌਮ, ਮਜ਼੍ਹਬ ਦਾ ਸਵੈ-ਮਾਣ ਤੇ ਵਿਸ਼ਵਾਸ ਬਣਾਈ ਰੱਖਣ ਲਈ ਅੰਤਰ-ਆਤਮਾ ਨੂੰ ਹਲੂਣਾ ਦਿੰਦੀ ਰਹਿੰਦੀ ਹੈ। ਜ਼ਮੀਰ ਨੂੰ ਅਸੀਂ ਕਿਸੇ ਅੰਗ ਵਜੋਂ ਨਹੀਂ ਵੇਖ ਸਕਦੇ ਨਾ ਹੀ ਛੂਹ ਸਕਦੇ ਹਾਂ, ਇਹ ਸਿਰਫ਼ ਤੇ ਸਿਰਫ਼ ਇੱਕ ਆਤਮਿਕ ਸਵੈ-ਮਾਣ ਤੇ ਅਣਖ ਦੀ ਅਨੁਭੂਤੀ ਹੈ। ਇਹ ਅਨੁਭੂਤੀ ਹਰ ਇੱਕ ਮਾਨਵ ਵਿੱਚ ਪ੍ਰਬਲ ਹੋਣੀ ਚਾਹੀਦੀ ਹੈ ਤਾਂ ਹੀ ਉਹ ਆਪਣੀਆਂ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਹੋ ਕੇ ਆਪਣੇ ਫਰਜ਼/ਹੱਕ ਅਦਾ ਕਰਨ ਦੇ ਸਮਰੱਥ ਹੋ ਸਕਦਾ ਹੈ।
ਸਮਰੱਥਾਵਾਨ ਮਨੁੱਖੀ ਮਨ ਦੀ ਆਪਣੀ ਹੀ ਇੱਕ ਬਿਰਤੀ ਹੁੰਦੀ ਹੈ, ਉਹ ਫੋਕਟ ਦੇ ਕਰਮ-ਕਾਂਡਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਸਗੋਂ ਇੱਕ ਤੀਰ ਦੀ ਨਿਸ਼ਾਨੇ ਵੱਲ ਸੇਧਤ ਚੋਭ ਵਾਂਗ ਹੀ ਆਪਣੇ ਨਿਸ਼ਚਿਤ ਕੀਤੇ ਟੀਚੇ ਵੱਲ ਧਿਆਨ ਕੇਂਦਰਿਤ ਕਰਦਾ ਹੈ। ਅਜਿਹੀ ਸੋਚ ਤੇ ਸਮਰੱਥਾ ਦੇ ਮਾਲਕ ਕੇਵਲ ਕੋਈ ਵਿਸ਼ੇਸ਼ ਜਨਜਾਤੀ ਦੇ ਮਨੁੱਖ ਹੀ ਨਹੀਂ ਹੋ ਸਕਦੇ ਸਗੋਂ ਹਰ ਉਹ ਮਨੁੱਖ ਹੋ ਸਕਦਾ ਹੈ, ਜੋ ਧਿਆਨ ਕੇਂਦਰਿਤ ਕਰਕੇ ਆਪਣੇ ਹਰ ਕਰਮ ਨੂੰ ਅੰਜ਼ਾਮ ਦਿੰਦਾ ਹੈ।
ਜੇ ਜ਼ਮੀਰਾਂ ਜਾਗਦੀਆਂ ਹੁੰਦੀਆਂ ਤਾਂ ਅਸੀਂ ਗੁਲਾਮ ਨਾ ਹੁੰਦੇ ਜਿਹੇ ਸ਼ਬਦਾਂ ਨੂੰ ਸੁਣਦਿਆਂ ਸਾਰ ਹੀ ਸਾਡੇ ਧੁਰ ਅੰਦਰ ਤੱਕ ਇੱਕ ਖੋਅ ਜਿਹੀ ਪੈਂਦੀ ਹੈ ਤੇ ਮਨ ਉਦਾਸ ਜਿਹਾ ਹੋ ਜਾਂਦਾ ਹੈ। ਬੇਚੈਨੀ ਜਿਹਾ ਆਲਮ ਕਈ ਦਿਨਾਂ ਤੀਕਰ ਸਾਡੀ ਨੀਂਦ ਉਡਾਈ ਰੱਖਦਾ ਹੈ। ਕਾਰਨ ਸਿਰਫ ਇਹੋ ਹੈ ਕਿ ਅਸੀਂ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਹਿਰਦ ਨਾ ਹੋ ਕੇ ਗੁਲਾਮੀ ਦੀ ਪੰਜੇਬ ਖੁਦ ਆਪਣੇ ਪੈਰੀਂ ਬੰਨ੍ਹੀ ਬੈਠੇ ਹਾਂ। ਕੋਈ ਸਮਾਂ ਸੀ ਜਦੋਂ ਜ਼ਮੀਰ ਅਤੇ ਅਣਖ ਖਾਤਰ ਆਪਣਾ-ਆਪ ਕੁਰਬਾਨ ਦੀ ਪਿਰਤ ਸ਼ਿਖਰ ਤੇ ਸੀ ਪਰ ਹੁਣ ਅਸੀਂ ਅਜਿਹੀ ਕਲਪਨਾ ਕਰਨ ਦੇ ਸਮਰੱਥ ਵੀ ਨਹੀਂ ਜਾਪਦੇ।
ਹੁਣ ਸਾਡੇ ਕੋਲ ਨਾ ਤਾਂ ਓਹੋ ਜਿਹਾ ਸਾਹਸ ਹੈ ਤੇ ਨਾ ਹੀ ਅਸੀਂ ਓਹੋ ਜਿਹੇ ਸ਼ਕਤੀਸ਼ਾਲੀ ਹੋਣ ਦੀ ਅਸੀਂ ਆਸ ਰੱਖਦੇ ਹਾਂ ਬਲਕਿ ਹੁਣ ਤਾਂ ਸਾਡੇ ਕੋਲ ਇੱਕੋ ਗੱਲ ਹੁੰਦੀ ਹੈ। ਸਾਨੂੰ ਕੀ ਤੇ ਜਾਂ ਫਿਰ ਅਸੀਂ ਕੀ ਲੈਣਾ ਜਿਹੇ ਸ਼ਬਦ। ਇਹੋ ਜਿਹੀ ਸੋਚ ਦੀ ਸ਼ਕਤੀ ਸਦਕਾ ਹੀ ਅਸੀਂ ਵਿੱਦਿਅਕ, ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰਾਂ ਵਿੱਚੋਂ ਪਛੜ ਰਹੇ ਹਾਂ ਤੇ ਇਹ ਪਛੜੇਵਾਂ ਹੀ ਇੱਕ ਦਿਨ ਮਨੁੱਖੀ ਸਮਾਜ ਦੇ ਘਾਣ ਦਾ ਮੁੱਢ ਸਾਬਤ ਹੋ ਸਕਦਾ ਹੈ। ਸਿਆਣੇ ਕਹਿੰਦੇ ਹਨ ਕਿ ਮਨੁੱਖ ਨੂੰ ਵੇਲਾ ਵਖਤ ਵਿਚਾਰ ਕੇ ਸੰਯਮ ਤੋਂ ਕੰਮ ਲੈਣਾ ਚਾਹੀਦਾ ਹੈ। ਅਜੋਕੇ ਯੁੱਗ ਵਿੱਚ ਸਿਆਣਿਆਂ ਦੀ ਕਹੀ ਇਹ ਗੱਲ ਸੌ ਆਨੇ ਸੱਚ ਸਾਬਿਤ ਹੋ ਰਹੀ ਤੇ ਆਉਂਦੇ ਯੁਗਾਂ ਵਿੱਚ ਵੀ ਇਸ ਦੀ ਪ੍ਰੋੜਤਾ ਹੋਰ ਵਧੇਰੇ ਹੁੰਦੀ ਜਾਵੇਗੀ।
ਅਕਸਰ ਹੀ ਅਸੀਂ ਵੇਖਦੇ ਹਾਂ ਕਿ ਹਰ ਕੋਈ ਆਪਣੀ ਫੋਕੀ ਹਊਮੈਂ (ਮੈਂ-ਮੈਂ) ਵਿੱਚ ਤੁਰਿਆ-ਫਿਰਦਾ ਇਸ ਨੂੰ ਆਪਣੀ ਜਾਗਦੀ ਜਮੀਰ ਦਾ ਸਬੂਤ ਦੱਸਦਾ ਹੈ। ਪਰ ਮੈਂ ਇਸ ਨੂੰ ਮੁੱਢੋਂ-ਸੁੱਢੋਂ ਦਰਕਾਰਦਾ ਹਾਂ। ਸਮਾਜ ਦੇ ਹਰ ਖਿੱਤੇ ਵਿੱਚ ਮਾਨਵੀ ਤਾਕਤ ਦਾ ਅਮੁੱਕ ਸਹਿਯੋਗ ਹੈ ਤੇ ਇਹ ਸਹਿਯੋਗ ਸਾਡੀ ਸੁਹਿਰਦਤਾ, ਮਿਹਨਤ ਅਤੇ ਇਮਾਨਦਾਰੀ ਦੀ ਹਾਮੀ ਭਰਦਾ ਹੈ। ਕੋਈ ਵੀ ਕਰਮ ਕਰਨ ਵੇਲੇ ਸਾਡੇ ਅੰਦਰੋਂ ਇੱਕ ਹੂਕ ਹਮੇਸ਼ਾ ਹੀ ਉਤਪੰਨ ਹੁੰਦੀ ਹੈ ਤੇ ਇਹ ਹੂਕ ਹੀ ਸਾਡੀ ਜਾਗਦੀ ਜ਼ਮੀਰ ਹੈ। ਇਹ ਹੂਕ ਸਦਾ ਹੀ ਸਾਨੂੰ ਸਹੀ ਰਸਤੇ ਤੇ ਲਿਜਾਣ ਦਾ ਪ੍ਰਮਾਣ ਦਿੰਦੀ ਹੈ ਪਰ ਵਿਕਾਰਾਂ ਵੱਸ ਆ ਕੇ ਅਸੀਂ ਕਈ ਵਾਰ ਉਸ ਹੂਕ ਨੂੰ ਅਣਦੇਖਿਆ ਕਰ ਛੱਡਦੇ ਹਾਂ ਚਾਹੇ ਬਾਅਦ ਵਿੱਚ ਸਾਨੂੰ ਉਸਦਾ ਖਤਰਨਾਕ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਹੈ।
ਗੁਰਪ੍ਰੀਤ ਸਿੰਘ ਚੰਬਲ
ਸਟੈਨੋ,ਸੀ.ਟੀ.ਪੀ ਪੰਜਾਬ।
ਸੰ. ਨੰ. 98881-40052
ਈ-ਮੇਲ: Chambalgurpreetsingh@gmail.com
ਆਲ਼ਮੀ ਯੋਗ ਦਿਹਾੜੇ ’ਤੇ ਵਿਸ਼ੇਸ਼ : ਜਾਣੋ ਪੁਰਾਤਨ ਸਮੇਂ ਤੋਂ ਚਲੇ ਆ ਰਹੇ ਯੋਗ ਅਭਿਆਸ ਦੀ ਮਹੱਤਤਾ
NEXT STORY