ਸੰਸਾਰ ਵਿੱਚ ਵੱਖ ਵੱਖ ਧਰਮਾਂ ਵਿਚ ਵਿਸ਼ਵਸ ਰੱਖਣ ਵਾਲੇ ਕਰੋੜਾਂਲੋਕ ਵਸਦੇ ਹਨ ਜੋ ਕਿ ਅਲੱਗ ਅਲੱਗ ਸਮਿਆਂ ਤੇ ਆਪਣੇ ਆਪਣੇ ਰਿਵਾਜਾਂ ਅਨੁਸਾਰ ਤਿਉਹਾਰ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਇਥੇ ਜਿਕਰਯੋਗ ਹੈ ਕਿ ਹਰ ਧਰਮ 'ਚ ਮਨਾਏ ਜਾਂਦੇ ਤਿਉਹਾਰਾਂ ਦਾ ਪਿਛੋਕੜ ਕਿਸੇ ਨਾ ਕਿਸੇ ਰੂਪ ਉਸ ਧਰਮ ਚ ਵਾਪਰੀ ਕਿਸੇ ਮੁੱਖ ਘਟਨਾ ਨਾਲ ਹੁੰਦਾ ਹੈ। ਦੀਵਾਲੀ ,ਗੁਰ-ਪੁਰਵ ਅਤੇ ਕ੍ਰਿਸਮਿਸ ਆਦਿ ਨੂੰ ਇਸਦੀਆਂ ਮੁੱਖ ਉਦਾਹਰਣਾਂ ਵਜੋਂ ਵੇਖਿਆ ਜਾ ਸਕਦਾ ਹੈ। ਇਸਲਾਮ ਧਰਮ ਦੇ ਅਨੁਯਾਈ ਭਾਵ ਮੁਸਲਮਾਨ ਜੋ ਕਿ ਦੁਨੀਆਂ ਪੂਰੀ ਦੁਨੀਆ ਵਿੱਚ ਦੂਸਰੇ ਨੰਬਰ ਤੇ ਆਂਦੇ ਹਨ । ਇਨ੍ਹਾਂ ਦੁਆਰਾ ਮੁੱਖ ਤੋਰ ਤੇ ਸਾਂਝੇ ਰੂਪ ਵਿਚ ਦੋ ਤਿਓਹਾਰ ਈਦ ਉਲ ਫਿਤਰ ਤੇ ਈਦ ਉਲ ਜੋਹਾ ਮਨਾਏ ਜਾਂਦੇ ਹਨ। ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ-ਉਲ-ਫਿਤਰ ਦੀ ਗੱਲ ਕਰੀਏ ਤਾਂ ਸ਼ਬਦ ਈਦ ਅਰਬੀ ਭਾਸ਼ਾ ਦੇ ਸ਼ਬਦ ਊਦ ਤੋਂ ਨਿਕਲਿਆ ਹੈ ਇਸ ਦੇ ਅਰਥ ਹਨ ਵਾਪਸ ਆਉਣਾ ਜਾਂ ਵਾਰ-2 ਆਉਣਾ ਕਿਉਂਕਿ ਈਦ ਹਰ ਸਾਲ ਆਉਂਦੀ ਹੈ ਇਸ ਲਈ ਇਸ ਦਾ ਨਾਮ ਈਦ ਪੈ ਗਿਆ, ਦੂਜੇ ਅਰਥਾਂ ਈਦ ਦੇ ਮਾਅਨੀ ਖੁਸ਼ੀ ਦੇ ਹਨ। ਈਦ ਮਨਾਉਣ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਕ ਥਾਂ ਇਹ ਵੀ ਰਵਾਇਤ ਹੈ ਕਿ ਜਦੋਂ ਹਜ਼ਰਤ ਆਦਮ (ਅਲ਼ੈਹ ਅਲਸਾਮ ) ਦੀ ਤੋਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿਚ ਪਹਿਲੀ ਵਾਰ ਈਦ ਮਨਾਈ ਗਈ । ਇਸੇ ਪ੍ਰਕਾਰ ਹਜ਼ਰਤ ਇਬਰਾਹੀਮ (ਅਲ਼ੈਹ ਅਸਲਾਮ) ਨੂੰ ਜਦੋਂ ਨਮਰੂਦ ਦੁਆਰਾ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਹਨਾਂ ਨੂੰ ਜਲਾਉਣ ਦੀ ਥਾਂ ਫੁੱਲ਼ਾਂ ਦੇ ਇਕ ਬਗੀਚੇ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹੀਮ ਦੀ ਕੌਮ ਨੇ ਇਸ ਖੁਸ਼ੀ ਵਿਚ ਈਦ ਮਨਾਈ । ਇਸੇ ਤਰ੍ਹਾਂ ਜਦ ਹਜ਼ਰਤ ਯੂਨਸ (ਅਲੈਹ ਅਸਲਾਮ ) ਨੂੰ ਮਛਲੀ ਦੇ ਪੇਟ ਦੀ ਕੈਦ 'ਚੋਂ ਆਜ਼ਾਦੀ (ਰਿਹਾਈ) ਮਿਲੀ ਤਾਂ ਉਹਨਾਂ ਦੀ ਉਮਤ ਨੇ ਵੀ ਉਸ ਦਿਨ ਈਦ ਮਨਾਈ।ਇਸੇ ਤਰ੍ਹਾਂ ਜਦੋਂ ਅਲਾਹ ਪਾਕ ਨੇ ਹਜ਼ਰਤ ਮੂਸਾ(ਅਲ਼ੈਹ ਅਸਲਾਮ) ਦੀ ਕੌਮ ਭਾਵ ਬਨੀ ਇਸਰਾਈਲ ਨੂੰ ਫਿਰੌਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਲਵਾਇਆ ਤਾਂ ਉਹਨਾਂ ਵਾਸਤੇ ਵੀ ਉਸ ਦਿਨ ਈਦ ਹੀ ਸੀ।ਇਸੇ ਤਰ੍ਹਾਂ ਈਸਾਈ ਕੌਮ ਅੱਜ ਵੀ ਈਸਾ (ਅਲੈਹ ਅਸਲਾਮ) ਦੀ ਪੈਦਾਇਸ਼ ਦੇ ਦਿਨ ਨੂੰ ਕ੍ਰਿਸਮਿਸ ਦੇ ਰੂਪ 'ਚ ਮਨਾਉਂਦੀ ਹੈ। ਈਦ-ਉਲ-ਫਿਤਰ ਦੋ ਸ਼ਬਦਾਂ ਦੇ ਸੁਮੇਲ (ਈਦ ਅਤੇ ਫਿਤਰ) ਤੋਂ ਬਣਿਆ ਹੈ । ਈਦ ਦੇ ਅਰਥ ਖੁਸ਼ੀ ਦੇ ਹਨ ਤੇ ਫਿਤਰ ਦਾ ਅਰਥ ਹੈ ਰੋਜ਼ਾ ਖੋਲਣਾ, ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਅਰਥਾਤ ਸ਼ਵਾਲ ਮਹੀਨੇ ਦੀ ਪਹਿਲੀ ਤਾਰੀਖ ਨੂਂੰ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ ਭਾਵ ਇਕ ਮੁਸਲਮਾਨ ਦਾ ਰੋਜ਼ਾ ਇਸ ਦਿਨ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ। ਈਦ–ਉਲ–ਫਿਤਰ ਮਨਾਉਣ ਦਾ ਫੈਸਲਾ ਕਈ ਵਾਰ ਉਨੱਤੀਵੇਂ ਰੋਜ਼ੇ ਦੇ ਖੋਲ੍ਹਣ ਤੋਂ ਬਾਅਦ ਚੰਦ ਨਜ਼ਰ ਆਉਣ ਉਪਰੰਤ ਹੀ ਕਰ ਦਿੱਤਾ ਜਾਂਦਾ ਹੈ ਜੇਕਰ ਚੰਦ ਉਨੱਤੀਆਂ ਦਾ ਨਹੀਂ ਵਿਖਾਈ ਦਿੰਦਾ ਤਾਂ ਤੀਹ ਰੋਜ਼ੇ ਪੂਰੇ ਕਰ ਲੈਣ ਤੋਂ ਬਾਅਦ ਈਦ –ਉਲ–ਫਿਤਰ ਮਨਾਈ ਜਾਂਦੀ ਹੈ ਇਥੇ ਇਹ ਵੀ ਜਿਕਰਯੋਗ ਹੈ ਕਿ ਈਦ ਦੇ ਦਿਨ ਰੋਜ਼ਾ ਰੱਖਣਾ ਹਰਾਮ ਹੈ। ਇਸਲਾਮ ਧਰਮ ਵਿੱਚ ਨਵੇਂ ਰੂਪ ਵਿੱਚ ਈਦ ਦਾ ਆਰੰਭ 624 ਈਸਵੀ ਤੋਂ ਹੋਇਆ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਹਿਜਰਤ ਕਰਕੇ ਆਉਣ ਤੱਕ ਮਦੀਨੇ ਦੇ ਲੋਕੀ ਸਾਲ 'ਚ ਦੋ ਦਿਨ ਮੇਲੇ ਦੀ ਸ਼ਕਲ 'ਚ ਖੁਸ਼ੀਆਂ ਮਨਾਇਆ ਕਰਦੇ ਸਨ ਇਸ ਦੋਰਾਨ ਇਹ ਲੋਕ ਦੁਨੀਆਂ ਦੇ ਤਰਾਂ-ਤਰਾਂ ਦੇ ਫਜ਼ੂਲ ਕਿਸਮ ਦੇ ਖੇਡ ਤਮਾਸ਼ਿਆਂ ਵਿਚ ਲੱਗੇ ਰਹਿੰਦੇ ਅਤੇ ਸੀਟੀਆਂ ਮਾਰਨੀਆਂ ਜਾਂ ਤਰਾਂ-2 ਦੀਆਂ ਅਸਭਿਅਕ ਅਤੇ ਹੁਲੜਬਾਜ਼ੀ ਵਾਲੀਆਂ ਹਰਕਤਾਂ ਕਰਨ ਨੂੰ ਹੀ ਈਦ ਮਨਾਉਣਾ ਖਿਆਲ ਕਰਦੇ ਸਨ। ਜਦੋਂ ਕਿ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਇਸ ਸੰਦਰਭ 'ਚ ਇਹਨਾਂ ਉਕਤ ਦਿਨਾਂ ਦੇ ਮਨਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੀ ਜਹਾਲਤ (ਅਨਪੜਤਾ) ਦੇ ਦਿਨਾਂ ਤੋਂ ਹੀ ਇਸੇ ਤਰਾਂ ਸਾਲ 'ਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ ਤਾਂ ਹਜਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਉਨ੍ਹਾਂ ਨੂੰ ਆਖਿਆ ਕਿ ਇਸ ਨਾਲੋਂ ਬਿਹਤਰ ਦੋ ਦਿਨ ਤਹਾਨੂੰ ਅਲਾਹ ਪਾਕ ਦੁਆਰਾ ਦਿੱਤੇ ਗਏ ਹਨ ਇਕ ਈਦ-ਉਲ–ਫਿਤਰ ਅਤੇ ਦੂਜਾ ਈਦ-ਉਲ-ਜੁਹਾ । ਬਿਨਾਂ ਸ਼ੱਕ ਅਲਾਹ ਪਾਕ ਦੁਆਰਾ ਖੁਸ਼ੀ ਦੇ ਇਹ ਦਿਨ ਉਦੇਸ਼ਾਂ ਅਤੇ ਮਕੱਸਦ ਭਰੇ ਹਨ। ਇਸਲਾਮ ਹਰ ਮੌਕੇ ਤੇ ਗ਼ਰੀਬਾਂ ਨਾਲ ਭਲਾਈ ਅਤੇ ਹੁਸਨ-ਏ-ਸਲੂਕ ਕਰਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਨਾਲ ਹੀ ਬੇਸਹਾਰਾ, ਕਮਜ਼ੋਰ ਆਰਥਿਕ ਤੌਰ ਤੇ ਪਛੜੇ ਲੋਕਾਂ ਦੀ ਸਹਾਇਤਾ ਕਰਨ ਲਈ ਵਿਸ਼ੇਸ਼ ਪ੍ਰਕਾਰ ਦੇ ਦਿਸ਼ਾ ਨਿਰਦੇਸ਼ ਦਿੰਦਾ ਹੈ। ਇਸਦੀ ਝਲਕ ਸਾਨੂੰ ਈਦ-ਉਲ-ਫਿਤਰ ਦੇ ਨਾਲ ਵੀ ਸਦਕਾ-ਏ-ਫਿਤਰ ਦੇ ਰੂਪ ਵਿਚ ਭਲੀਭਾਂਤ ਵਿਖਾਈ ਦਿੰਦੀ ਹੈ । ਇਹ ਕਿ ਰੋਜ਼ਿਆਂ ਦੋਰਾਨ ਇਕ ਰੋਜ਼ਾਦਾਰ ਤੋਂ ਜੋ ਭੁੱਲ-ਚੁਕ ਕੇ ਗ਼ਲਤੀਆਂ ਜਾਂ ਕੋਤਾਹੀਆਂ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਤਲਾਫੀ ਲਈ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਗਰੀਬਾਂ ਵਿਚਕਾਰ ਸਦਕਾ-ਏ-ਫਿਤਰ ਤਕਸੀਮ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਸਦਕਾ ਏ ਫਿਤਰ ਘਰ ਦੇ ਹਰ ਜੀਅ ਵਲੋਂ ਬਾਲਿਗ਼( ਨਾਬਾਲਿਗ ਦੇ ਮਾਂ-ਬਾਪ ਜਾਂ ਵਾਰਿਸ ) ਵਲੋਂ ਦਿੱਤਾ ਜਾਂਦਾ ਹੈ ਭਾਵ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ-2 ਜੇਕਰ ਕਿਸੇ ਜੰਮੇਂ ਬੱਚੇ ਨੇ ਵੀ ਜਨਮ ਲਿਆ ਹੈ ਤਾਂ ਉਸ ਦੀ ਤਰਫ ਤੋਂ ਵੀ ਇਹ ਸਦਕਾ ਏ ਫਿਤਰ ਉਸਦੇ ਮਾਂ ਬਾਪ ਵਲੋਂ ਕੱਢਿਆ ਜਾਣਾ ਵਾਜਿਬ ਹੈ। ਸਦਕਾ ਏ ਫਿਤਰ ਦਾ ਜੋ ਪ੍ਰਤੀ ਜੀਅ ਦੇ ਹਿਸਾਬ ਨਾਲ ਹਿੱਸਾ ਬਣਦਾ ਹੈ ਉਹ ਦੋ ਕਿਲੋ ਕਣਕ, ਜਾਂ ਸਾਢੇ ਤਿੰਨ ਕਿਲੋ ਜੌਂ ਜਾਂ ਖਜੂਰ ਕਿਸ਼ਮਿਸ਼ ਭਾਵ ਜੋ ਚੀਜ਼ ਇਲਾਕੇ 'ਚ ਆਮ ਵਰਤੋਂ ਵਿਚ ਆਉਂਦੀ ਹੋਵੇ। ਕਣਕ ਜਿਸਦੀ ਕੀਮਤ ਅੱਜ (ਸਦਕਾ ਏ ਫਿਤਰ ) ਭਾਰਤੀ ਕਰੰਸੀ ਦੇ ਮੁਤਾਬਿਕ ਲਗਭਗ ( 40) ਰੁਪਏ ਹੈ। ਇਹ ਕਿ ਸਦਕਾ ਏ ਫਿਤਰ ਵੀ ਜ਼ਕਾਤ ਦੇ ਪੈਸਿਆਂ ਦੀ ਤਰਾਂ ਗਰੀਬ ਲੋਕਾਂ ਵਿਚ ਤਕਸੀਮ ਕਰਨ ਦਾ ਹੁਕਮ ਹੈ ਤਾਂ ਜੋ ਗਰੀਬ ਲੋਕ ਵੀ ਅਪਣੇ ਬੱਚਿਆਂ ਸਮੇਤ ਈਦ ਦੀਆਂ ਖੁਸ਼ੀਆਂ ਵਿਚ ਹੰਸੀ-ਖੁਸ਼ੀ ਸ਼ਾਮਿਲ ਹੋ ਸਕਣ। ਇੱਕ ਵਾਕਿਆ ਬੜਾ ਮਸ਼ਹੂਰ ਹੈ ਕਿ ਇਕ ਈਦ ਦੇ ਮੌਕੇ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਆਪਣੇ ਦੋਵੇਂ ਦੋਹਤਿਆਂ ਹਜ਼ਰਤ ਹਸਨ (ਰ ) ਅਤੇ ਹੁਸੈਨ(ਰ ) ਨਾਲ ਈਦ ਦੀ ਨਮਾਜ਼ ਪੜ੍ਹਨ ਲਈ ਜਾ ਰਹੇ ਸਨ ਕਿ ਰਸਤੇ ਵਿਚ ਕੁੱਝ ਬੱਚੇ ਖੇਡਦੇ ਹੋਏ ਵਿਖਾਈ ਦਿੱਤੇ ਪਰ ਇਹਨਾਂ ਬੱਚਿਆਂ 'ਚੋਂ ਇੱਕ ਬੱਚਾ ਬਹੁਤ ਹੀ ਨਿਰਾਸ਼, ਦੁੱਖੀ ਅਤੇ ਪ੍ਰੇਸ਼ਾਨ ਵਿਖਾਈ ਦਿੱਤਾ।ਤਾਂ ਆਪ (ਸ) ਨੇ ਨੇੜੇ ਜਾ ਕੇ ਉਸਤੋਂ ਦੁੱਖੀ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜਾ ਵਿਆਹ ਕਰ ਲਿਆ ਹੈ ਇਸ ਲਈ ਹੁਣ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ । ਤਾਂ ਆਪ(ਸ) ਨੇ ਉਸ ਬੱਚੇ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਕੀ ਤੂੰ ਪਸੰਦ ਕਰੇਂਗਾ ਕਿ ਮੁਹੰਮਦ(ਸ) ਤੇਰਾ ਬਾਪ ਹੋਵੇ ਤੇ ਆਇਸ਼ਾ(ਰਜ਼ੀ ਅਲਾਹ ਅਨਹਾਂ) ਤੇਰੀ ਮਾਂ ਤੇ ਹਜ਼ਰਤ ਫਾਤਿਮਾ(ਰਜ਼ੀ ਅਲਾਹ ਅਨਹਾਂ) ਤੇਰੀ ਭੈਣ ਹੋਵੇ ਜ਼ਿਕਰ ਯੋਗ ਹੈ ਕਿ ਆਇਸ਼ਾ (ਰ) ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਪਤਨੀ ਤੇ ਫਾਤਿਮਾਂ (ਰ) ਆਪ(ਸ) ਦੀ ਲਾਡਲੀ ਬੇਟੀ ਸਨ। ਇਸ ਉਪਰੰਤ ਆਪ ਨੇ ਉਸ ਬੱਚੇ ਨੂੰ ਨਾਲ ਲਿਆ ਅਤੇ ਅਪਣੇ ਘਰ ਤਸ਼ਰੀਫ ਲੈ ਆਏ ਅਤੇ ਅਪਣੀ ਪਤਨੀ ਆਇਸ਼ਾ (ਰ) ਨੂੰ ਫਰਮਾਇਆ ਕਿ ਤੈਨੂੰ ਪੁੱਤਰ ਦੀ ਖਵਾਹਿਸ਼ ਸੀ ਆਹ ਤੇਰਾ ਬੇਟਾ ਹੈ ਤੇ ਫਾਤਿਮਾ ਨੂੰ ਕਿਹਾ ਕਿ
ਤੈਨੂੰ ਭਰਾ ਚਾਹੀਦਾ ਸੀ ਇਹ ਤੇਰਾ ਭਰਾ ਹੈ ਤੇ ਫਿਰ ਕਿਹਾ ਹਸਨ (ਰ) ਅਤੇ ਹੂਸੇਨ (ਰ) ਦੇ ਕੱਪੜੇ ਲਿਆ।ਇਹਨਾਂ ਕੱਪੜਿਆਂ 'ਚੋਂ ਇਕ ਵਧੀਆ ਜੋੜਾ ਉਸ ਬੱਚੇ ਨੂੰ ਪਹਿਨਾਇਆ ਅਤੇ ਉਸਨੂੰ ਆਪਣੇ ਨਾਲ ਲੈ ਕੇ, ਈਦ ਦੀ ਨਮਾਜ਼ ਪੜ੍ਹਨ ਲਈ ਤਸ਼ਰੀਫ ਲੈ ਗਏ।
ਈਦ ਦੀਆਂ ਸੁਨੱਤਾਂ (ਸੁਨੱਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜੋ ਕੰੰਮ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਆਪਣੇ ਜੀਵਨ ਵਿਚ ਕੀਤਾ ਹੋਵੇ) ਵਿਚ ਗ਼ੁਸਲ (ਨਹਾਉਣਾ) ,ਅਪਣੀ ਹੈਸੀਅਤ ਮੁਤਾਬਿਕ ਫਜ਼ੂਲ ਖਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਕੱਪੜੇ ਪਹਿਨਣਾ ,ਖਜੂਰ ਖਾਣਾ, ਈਦ ਪੜਨ ਲਈ ਪੈਦਲ ਜਾਣਾ, ਇਕ ਰਸਤੇ ਜਾਣਾ ਤੇ ਦੂਜੇ ਰਸਤੇ ਰਾਹੀਂ ਘਰ ਵਾਪਸ ਆਉਣਾ ,ਰਸਤੇ ਵਿਚ ਜਾਂਦੇ ਆਉਂਦੇ ਧੀਮੀ ਆਵਾਜ਼ ਵਿਚ ਇਹ ਤਕਬੀਰਾਂ ਪੜਨਾ( ਅਲਾਹ ਹੂ ਅਕਬਰ,ਅਲਾਹ ਹੂ ਅਕਬਰ,ਲਾ-ਇਲਾਹਾ ਇਲਲਾਹ ਹੂ ਵਲਾਹ ਹੋ ਅਕਬਰ ,ਅਲਾਹ ਹੂ ਅਕਬਰ ,ਵਾਲਿਲਾਹ ਹਿਲ ਹਮਦ) ਵੀ ਸੁਨੱਤ ਹੈ। ਈਦ ਦੀ ਨਮਾਜ਼ ਉਪਰੰਤ ਇਮਾਮ ਵਲੋਂ ਜੋ ਖੁਤਬਾ (ਪ੍ਰਵਚਨ ) ਦਿੱਤਾ ਜਾਂਦਾ ਹੈ ਜਿਸ ਵਿਚ ਰੱਬ ਦੀ ਵਡਿਆਈ ਅਤੇ ਉਸਤਤ ਦੇ ਨਾਲ-2 ਸੰਸਾਰ ਦੀ ਸੁੱਖ-ਸ਼ਾਂਤੀ ਲਈ ਦੁਆ ਅਤੇ ਆਪਣੇ ਗੁਨਾਹਾਂ ਦੀ ਮੁਆਫੀ ਦੀ ਮੰਗੀ ਜਾਂਦੀ ਹੈ ਉਸਦਾ ਸੁਨਣਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਤੇ ਵਾਜਿਬ ਹੈ। ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਜਦੋਂ ਈਦ-ਉਲ-ਫਿਤਰ ਦਾ ਦਿਨ ਆਉਂਦਾ ਹੈ ਤਾਂ ਅਲਾਹ ਫਰਿਸ਼ਤਿਆਂ ਦੇ ਸਾਹਮਣੇ ਆਪਣੇ ਬੰਦਿਆਂ ਤੇ ਫਖਰ ਕਰਦਾ ਹੈ ਅਤੇ ਪੁੱਛਦਾ ਹੈ “ਏ ਮੇਰੇ ਫਰਿਸ਼ਤੋ ! ਉਸ ਮਜ਼ਦੂਰ ਦਾ ਕੀ ਜਜ਼ਾ(ਇਨਾਮ ਜਾਂ ਮਜ਼ਦੂਰੀ) ਹੈ ਜੋ ਅਪਣਾ ਕੰਮ ਮੁਕੰਮਲ ਕਰ ਦੇਵੇ ।ਤਾਂ ਫਰਿਸ਼ਤੇ ਆਖਦੇ ਹਨ ਉਸਦੀ ਜਜ਼ਾ ਇਹ ਹੈ ਕਿ ਉਸਦਾ ਪੂਰਾ ਪੂਰਾ ਅਜਰ-ਸਵਾਬ ( ਭਾਵ ਪੂਰੀ-੨ ਮਜ਼ਦੂਰੀ ) ਦੇ ਦਿੱਤੀ ਜਾਵੇ। ਤਾਂ ਅਲਾਹ ਫਰਮਾਉਂਦੇ ਹਨ, ਏ ਮੇਰੇ ਫਰਿਸ਼ਤੋ ! ਮੇਰੇ ਬੰਦੇ ਤੇ ਬੰਦੀਆਂ ਨੇ ਅਪਣਾ ਫਰਜ਼ ਨੂੰ ਅਦਾ ਕੀਤਾ। ਫੇਰ ਉਹ( ਨਮਾਜ਼-ਏ-ਈਦ ਸ਼ਕਲ ਵਿਚ) ਦੁਆ ਲਈ ਨਿਕਲ ਆਏ ਹਨ ਮੇਰੀ ਇਜ਼ਤ ਦੀ ਕਸਮ ਮੇਰੇ ਜਲਾਲ ਦੀ ਕਸਮ ਮੇਰੇ ਕਰਮ ਅਤੇ ਮੇਰੇ ਬੁਲੰਦ ਮਰਤਬਾ ਦੀ ਕਸਮ ,ਮੈਂ ਇਨ੍ਹਾਂ ਦੀ ਦੁਆਵਾਂ ਅਰਦਾਸਾਂ ਨੂੰ ਜ਼ਰੂਰ ਕਬੂਲ ਕਰਾਂਗਾ। ਅਲਾਹ ਪਾਕ ਫਿਰ ਫਰਮਾਉਂਦੇ ਹਨ ਕਿ ਬੰਦਿਉ..!ਘਰਾਂ ਨੂੰ ਵਾਪਿਸ ਚਲੇ ਜਾਵੋ,ਮੈਂ ਤਹਾਨੂੰ ਬਖਸ਼ ਦਿੱਤਾ ਹੈ ਅਤੇ ਤੁਹਾਡੇ ਗੁਨਾਹਾਂ ਨੂੰ ਨੇਕੀਆਂ 'ਚ ਬਦਲ ਦਿੱਤਾ ਹੈ।ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਫਿਰ ਉਹ ਬੰਦੇ (ਈਦ ਦੀ ਨਮਾਜ਼ ਤੋਂ ਫਾਰਿਗ਼ ਹੋ ਕੇ) ਇਸ ਹਾਲ ਵਿਚ ਵਾਪਸ ਆਉਂਦੇ ਹਨ ਕਿ ਉਹਨ੍ਹਾਂ ਦੇ ਗੁਨਾਹ ਮੁਆਫ ਹੋ ਚੁੱਕੇ ਹਨ।
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ....
NEXT STORY