ਬਹੁਤ ਪੁਰਾਣੇ ਸਮਿਆਂ ਦੀ ਗੱਲ ਏ ਕਿ ਇਕ ਸ਼ਹਿਰ ਵਿਚ ਚਾਰ ਦੋਸਤ ਰਹਿੰਦੇ ਸਨ। ਉਹ ਸਾਰੇ ਦੋਸਤ ਇਕ ਦੂਜੇ ਲਈ ਜਾਨ ਦੇਣ ਨੂੰ ਤਿਆਰ ਰਹਿੰਦੇ ਸਨ। ਇਹਨਾਂ ਚਾਰਾਂ ਦੋਸਤਾਂ ਵਿਚ ਇਕ ਰਾਜੇ ਦਾ ਲੜਕਾ ਸੀ ਇਕ ਵਜੀਰ ਦਾ, ਇਕ ਸੁਨਿਆਰ ਦਾ ਅਤੇ ਇਕ ਤਰਖਾਣ ਦਾ। ਉਹ ਚਾਰੇ ਦੋਸਤ ਕਲਾਂ ਭਰਪੂਰ ਸਨ ਅਤੇ ਸਭਨਾਂ ਵਿਚ ਅਨੋਖੇ ਗੁਣ ਸਨ।
ਇਕ ਵਾਰ ਉਹਨਾਂ ਨੇ ਦੂਰ ਯਾਤਰਾ ਤੇ ਜਾਣ ਦਾ ਫੈਸਲਾ ਕੀਤਾ। ਚਲਣ ਤੋਂ ਪਹਿਲਾਂ ਉਹਨਾ ਨੇ ਆਪਣੇ ਆਪਣੇ ਅਦਭੁੱਤ ਗੁਣ ਦੱਸਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਰਾਜੇ ਦੇ ਲੜਕੇ ਨੇ ਕਿਹਾ ਕਿ ਉਸ ਵਿਚ ਇਹ ਗੁਣ ਹੈ ਕਿ ਜੰਗਲ ਵਿਚ ਕਿਸੇ ਵੀ ਜਾਨਵਰ ਦੀ ਆਵਾਜ਼ ਸੁਣ ਕੇ ਹੀ ਉਹ ਉਸ ਨੂੰ ਆਪਣੇ ਤੀਰ ਨਾਲ ਮਾਰ ਸਕਦਾ ਹੈ ਅਤੇ ਉਸਦਾ ਉਹ ਤੀਰ ਜਾਨਵਰ ਨੂੰ ਮਾਰ ਕੇ ਵਾਪਸ ਉਸ ਪਾਸ ਆ ਸਕਦਾ ਹੈ। ਉਸਦਾ ਇਹ ਗੁਣ ਸੁਣ ਸਭ ਹੈਰਾਨ ਹੋਏ। ਹੁਣ ਵਜ਼ੀਰ ਦੇ ਲੜਕੇ ਨੇ ਕਿਹਾ, ''ਮੇਰੇ ਵਿਚ ਇਹ ਗੁਣ ਹੈ ਕਿ ਜੇ ਕੋਈ ਵਿਅਕਤੀ ਮਰ ਜਾਵੇ ਅਤੇ ਉਸ ਦੇ ਪਾਸ ਉਸਦੀ ਸਭ ਤੋਂ ਪਿਆਰੀ ਚੀਜ਼ ਪਈ ਹੋਵੇ ਤਾਂ ਮੈਂ ਉਸ ਨੂੰ ਜੀਵਤ ਕਰ ਸਕਦਾ ਹਾਂ।'' ਦੂਜੇ ਮਿੱਤਰਾਂ ਲਈ ਇਹ ਵੀ ਬਹੁਤ ਅਚੱਬੇ ਵਾਲੀ ਗੱਲ ਸੀ। ਹੁਣ ਸੁਨਿਆਰ ਦੇ ਲੜਕੇ ਨੇ ਕਿਹਾ ਕਿ ਉਹ ਆਪਣੇ ਹੱਥ ਦੀ ਬਣਾਈ ਹੋਈ ਸੋਨੇ ਦੀ ਮੁੰਦਰੀ ਲੱਖਾਂ ਕਰੋੜਾਂ ਮੁੰਦਰੀਆਂ ਵਿਚੋਂ ਪਹਿਚਾਨ ਸਕਦਾ ਹੈ। ਇਸੇ ਤਰ੍ਹਾਂ ਜਦੋਂ ਤਰਖਾਣ ਦੇ ਲੜਕੇ ਨੂੰ ਉਸ ਦੇ ਗੁਣ ਵਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ, ''ਮੇਰੇ ਵਿਚ ਇਹ ਗੁਣ ਹੈ ਕਿ ਜੇ ਮੈਨੂੰ ਇਕ ਗਿੱਠ ਚੰਦਨ ਦੀ ਲੱਕੜ ਮਿਲ ਜਾਵੇ ਤਾਂ ਮੈਂ ਉਸਦਾ ਉੱਡਣ-ਖਟੋਲਾ ਬਣਾ ਕੇ ਵਿਚ ਵਿਅਕਤੀ ਬਿਠਾ ਕੇ ਅਸਮਾਨ ਵਿਚ ਲੰਬੀ ਦੂਰੀ ਤੱਕ ਉਡਾ ਸਕਦਾ ਹਾਂ।' ਆਪਣਾ-ਆਪਣਾ ਗੁਣ ਦੱਸਣ ਤੋਂ ਬਾਅਦ ਉਹ ਸਾਰੇ ਦੋਸਤ ਆਪਣੀ ਲੰਬੀ ਯਾਤਰਾ ਪਰ ਚਲ ਪਏ।
ਉਹ ਸਾਰੇ ਚਲਦੇ-ਚਲਦੇ ਬਹੁਤ ਦੂਰ ਇਕ ਹੋਰ ਸ਼ਹਿਰ ਵਿਚ ਪਹੁੰਚ ਗਏ। ਸ਼ਾਮ ਦਾ ਸਮਾਂ ਸੀ ਅਤੇ ਰਾਤ ਕੱਟਣ ਲਈ ਉਹ ਇਕ ਮੁਹੱਲੇ ਦੇ ਇਕ ਘਰ ਵਿਚ ਦਾਖਲ ਹੋਏ। ਘਰ ਵਿਚ ਦਾਖਲ ਹੁੰਦੇ ਹੀ ਉਹ ਹੈਰਾਨ ਸਨ ਕਿ ਵਿਹੜੇ ਵਿਚ ਇਕ ਬੁੱਢੀ ਮਾਈ ਗੁੱਲਗਲੇ ਬਣਾ ਰਹੀ ਸੀ ਅਤੇ ਉਹ ਆਪ ਰੋ ਰਹੀ ਸੀ। ਸਾਰੇ ਮਿੱਤਰ ਦੇਖ ਕੇ ਹੈਰਾਨ ਹੋਏ, ਵਜ਼ੀਰ ਦੇ ਮੁੰਡੇ ਨੇ ਪੁੱਛਿਆ, ''ਮਾਈ! ਇਹ ਕੀ ਗੱਲ ਹੈ, ਇਕ ਤਾਂ ਤੂੰ ਗੁੱਲਗੁਲੇ ਪਕਾ ਰਹੀ ਹੈ ਅਤੇ ਦੂਜੇ ਰੋ ਵੀ ਰਹੀ ਏ, ਗੁੱਲਗੁਲੇ ਤਾਂ ਘਰਾਂ ਵਿਚ ਖੁਸ਼ੀ ਦੇ ਸਮੇਂ ਪਕਾਏ ਜਾਂਦੇ ਹਨ?'' ਮਾਈ ਨੇ ਉਨ੍ਹਾਂ ਨੂੰ ਬੈਠਣ ਲਈ ਮੰਜਾ ਦਿੱਤਾ ਅਤੇ ਦੱਸਣ ਲੱਗੀ, ''ਪੁੱਤਰੋ! ਇਸ ਸ਼ਹਿਰ ਵਿਚ ਇਕ ਆਦਮਖੋਰ ਦਿਓ ਆਉਂਦਾ ਏ ਅਤੇ ਪਹਿਲਾਂ ਉਹ ਬਹੁਤ ਨੁਕਸਾਨ ਕਰਦਾ ਸੀ ਪਰ ਹੁਣ ਰਾਜੇ ਨੇ ਘਰ-ਘਰ ਤੋਂ ਇਕ ਵਿਅਕਤੀ ਦੀ ਡਿਊਟੀ, ਉਸ ਦਿਓ ਦਾ ਸ਼ਿਕਾਰ ਬਣਨ ਲਈ ਲਗਾ ਦਿੱਤੀ ਏ ਅਤੇ ਉਹ ਦਿਓ ਉਸ ਵਿਅਕਤੀ ਦਾ ਸ਼ਿਕਾਰ ਕਰਕੇ ਵਾਪਸ ਚਲਾ ਜਾਂਦਾ ਹੈ ਅਤੇ ਹੋਰ ਨੁਕਸਾਨ ਨਹੀਂ ਕਰਦਾ। ਅੱਜ ਮੇਰੇ ਬੇਟੇ ਦੀ ਵਾਰੀ ਏ, ਮੇਰਾ ਇਕ ਹੀ ਪੁੱਤਰ ਏ ਅਤੇ ਅੱਜ ਉਸਨੇ ਮਾਰਿਆ ਜਾਣਾ ਏ, ਇਸ ਲਈ ਮੈਂ ਰੋ ਰਹੀ ਹਾਂ ਪਰ ਕਿਉਂਕਿ ਉਹ ਗੁੱਲਗੁਲਿਆਂ ਦਾ ਬਹੁਤ ਸ਼ੌਕੀਨ ਹੈ ਇਸ ਲਈ ਮੈਂ ਉਸਨੂੰ ਅੱਜ ਆਖਰੀ ਸਮੇਂ ਵੀ ਗੁੱਲਗੁਲੇ ਪਕਾ ਕੇ ਦੇ ਰਹੀ ਹਾਂ।'ਚਾਰੇ ਮਿੱਤਰ ਹੈਰਾਨ ਰਹਿ ਗਏ ਤਾਂ ਤਰਖਾਣ ਦਾ ਲੜਕਾ ਬੋਲਿਆ, ''ਮਾਈ! ਹੁਣ ਤੂੰ ਚਿੰਤਾ ਨਾ ਕਰ, ਅਸੀਂ ਤੇਰੇ ਚਾਰ ਹੋਰ ਪੁੱਤਰ ਆ ਗਏ ਹਾਂ, ਤੇਰੇ ਪੁੱਤਰ ਦੀ ਥਾਂ ਅਸੀਂ ਡਿਊਟੀ ਕਰਾਂਗੇ ਪਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ।'ਕਾਫੀ ਨਾ-ਨਾ ਕਰਨ ਤੋਂ ਬਾਅਦ ਮਾਈ ਮੰਨ ਗਈ।
ਜਦੋਂ ਰਾਤ ਹੋਈ ਤਾਂ ਚਾਰ ਮਿੱਤਰਾਂ ਨੇ ਦੋ-ਦੋ ਘੰਟੇ ਲਈ ਆਪਣੀਆਂ ਡਿਊਟੀਆਂ ਲਗਾ ਲਈਆਂ, ਪਹਿਲਾਂ ਤਰਖਾਣ ਦਾ ਲੜਕਾ, ਫਿਰ ਸੁਨਿਆਰ ਦਾ ਲੜਕਾ ਅਤੇ ਫਿਰ ਵਜੀਰ ਦਾ ਲੜਕਾ ਡਿਊਟੀ ਤੇ ਗਏ। ਅਖੀਰ ਵਿਚ ਰਾਜੇ ਦੇ ਲੜਕੇ ਦੀ ਡਿਊਟੀ ਆ ਗਈ ਜਦੋਂ ਰਾਜੇ ਦਾ ਲੋਕਾਂ ਡਿਊਟੀ ਪਰ ਸੀ, ਬੜੀ ਦੂਰ ਤੋਂ ਹੀ ਆਦਮਖੋਰ ਦਿਓ ਚੀਕਾਂ ਮਾਰਦਾ ਆ ਰਿਹਾ ਸੀ। ਉਸਦੀ ਆਵਾਜ਼ ਸੁਣ ਕੇ ਹੀ ਰਾਜੇ ਦੇ ਲੜਕੇ ਨੇ ਆਪਣਾ ਤੀਰ ਮਾਰਿਆ, ਉਸਦੀ ਅਵਾਜ਼ ਸ਼ਾਤ ਹੋ ਗਈ ਪਰ ਉਸਦਾ ਤੀਰ ਵਾਪਸ ਨਾ ਆਇਆ। ਪਹਿਲਾਂ ਉਹ ਆਪਣੇ ਤੀਰ ਦੀ ਉਡੀਕ ਕਰਦਾ ਰਿਹਾ ਅਤੇ ਜਦੋਂ ਕਾਫੀ ਦਿਨ ਚੜ੍ਹ ਆਇਆ ਤਾਂ ਉਹ ਤੀਰ ਦੀ ਸੇਧ ਆਪਣੇ ਤੀਰ ਨੂੰ ਲੱਭਣ ਚੱਲ ਪਿਆ। ਬਹੁਤ ਸਮਾਂ ਹੋ ਚੁੱਕਿਆ ਸੀ। ਬੜੀ ਦੂਰ ਜਾ ਕੇ ਉਸਨੂੰ ਮਾਰਿਆ ਪਿਆ ਦਿਓ ਨਜ਼ਰ ਆਇਆ। ਦਿਓ ਇੰਨਾ ਮੋਟਾ ਸੀ ਕਿ ਤੀਰ ਉਸ ਵਿਚੋਂ ਨਿਕਲਣ ਦਾ ਯਤਨ ਕਰਦਾ ਪਰ ਨਿਕਲ ਨਾ ਸਕਿਆ। ਰਾਜੇ ਦੇ ਲੜਕੇ ਨੇ ਆਪਣਾ ਤੀਰ ਕੱਢਿਆ ਅਤੇ ਬੁੱਢੀ ਮਾਈ ਦੇ ਘਰ ਵਲ ਚਲ ਪਿਆ।
ਉਧਰ ਉਹ ਤਿੰਨ ਦੋਸਤ ਆਪਣੇ ਮਿੱਤਰ ਨੂੰ ਉਡੀਕ ਉਡੀਕ ਇਹ ਸਮਝ ਚੁੱਕੇ ਸਨ ਕਿ ਉਹਨਾਂ ਦੇ ਮਿੱਤਰ ਨੂੰ ਦਿਓ ਖਾਹ ਗਿਆ ਹੋਵੇਗਾ ਅਤੇ ਉਹ ਮਾਈ ਤੋਂ ਛੁੱਟੀ ਲੈ ਕੇ ਆਪਣੇ ਦੋਸਤ ਨੂੰ ਲੱਭਦੇ ਹੋਏ ਅੱਗੇ ਯਾਤਰਾ ਤੇ ਚਲ ਪਏ। ਉਹਨਾਂ ਦੇ ਜਾਣ ਤੋਂ ਬਾਅਦ ਚੌਥਾ ਮਿੱਤਰ ਘਰ ਆ ਗਿਆ ਅਤੇ ਮਾਈ ਨੂੰ ਆਪਣੇ ਦੋਸਤਾਂ ਵਾਰੇ ਪੁੱਛਿਆ, ਮਾਈ ਨੇ ਦੱਸਿਆ ਕਿ ਉਹ ਤਾਂ ਉਡੀਕ-ਉਡੀਕ ਕੇ ਉਸਨੂੰ ਲੱਭਣ ਚਲੇ ਗਏ ਸਨ। ਉਧਰ ਰਾਜੇ ਦੇ ਲੜਕੇ ਨੇ ਮਾਈ ਨੂੰ ਦਿਓ ਵਾਲੀ ਸਾਰੀ ਕਹਾਣੀ ਸੁਣਾਈ ਅਤੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਰਾਜੇ ਪਾਸ ਭੇਜ ਕੇ ਦਿਓ ਮਾਰਨ ਦੀ ਖਬਰ ਦੇ ਕੇ ਇਨਾਮ ਪਾ ਲਵੇ। ਬੁੱਢੀ ਦੇ ਪੁੱਤਰ ਨੇ ਇੰਝ ਹੀ ਕੀਤਾ ਅਤੇ ਰਾਜੇ ਨੇ ਉਸਨੂੰ ਬਹੁਤ ਸਾਰਾ ਇਨਾਮ ਦੇ ਦਿੱਤਾ।
ਹੁਣ ਰਾਜੇ ਦਾ ਲੜਕਾ ਵੀ ਬੁੱਢੀ ਮਾਈ ਤੇ ਜਲਦੀ-ਜਲਦੀ ਆਗਿਆ ਲੈ ਕੇ ਆਪਣੇ ਦੋਸਤਾਂ ਦੀ ਭਾਲ ਵਿਚ ਅੱਗੇ ਯਾਤਰਾ ਤੇ ਚਲ ਪਿਆ। ਅੱਗੇ ਚਲ ਕੇ ਇਕ ਬਹੁਤ ਹੀ ਘਣਾ ਜੰਗਲ ਆ ਗਿਆ। ਜਦੋਂ ਉਹ ਲੜਕਾ ਉਸ ਜੰਗਲ ਦੇ ਵਿਚ ਗਿਆ ਤਾਂ ਉਸਨੇ ਇਕ ਬਹੁਤ ਹੀ ਖੂਬਸੂਰਤ ਵੱਡਾ ਮਹਿਲ ਦੇਖਿਆ। ਆਪਣੇ ਮਹਿਲਾਂ ਤੋਂ ਵੀ ਵੱਡਾ ਅਤੇ ਸੋਹਣਾ ਮਹਿਲ ਜੰਗਲ ਵਿਚ ਦੇਖ ਉਹ ਹੈਰਾਨ ਰਹਿ ਗਿਆ ਅਤੇ ਉਸਨੇ ਮਹਿਲਾਂ ਦੇ ਅੰਦਰ ਜਾਣ ਦਾ ਫੈਸਲਾ ਕੀਤਾ। ਜਦੋਂ ਉਹ ਮਹਿਲਾਂ ਵਿਚ ਦਾਖਲ ਹੋਇਆ ਤਾਂ ਉਸਦੇ ਸਾਹਮਣੇ ਇਕ ਸੋਨੇ ਦੇ ਵਾਲਾਂ ਵਾਲੀ ਬਹੁਤ ਹੀ ਖੂਬਸੂਰਤ ਲੜਕੀ ਆਈ। ਉਹ ਲੜਕੀ ਉਸ ਲੜਕੇ ਨੂੰ ਦੇਖ ਪਹਿਲਾਂ ਤਾਂ ਉੱਚੀ-ਉੱਚੀ ਹੱਸਣ ਲੱਗੀ ਅਤੇ ਫਿਰ ਰੋਣ ਲੱਗ ਪਈ। ਉਸ ਲੜਕੇ ਨੂੰ ਹੋਰ ਵੀ ਅਚੰਬਾ ਲੱਗਿਆ ਅਤੇ ਉਸਨੇ ਕੁੜੀ ਪਾਸ ਜਾ ਕੇ ਪੁੱਛਿਆ, ''ਕੀ ਤੂੰ ਮੈਨੁੰ ਦੱਸ ਸਕਦੀ ਹੈ ਕਿ ਮੈਨੂੰ ਦੇਖ ਕੇ ਪਹਿਲਾਂ ਤੂੰ ਹੱਸਣ ਲੱਗ ਪਈ ਅਤੇ ਫਿਰ ਰੋਣ ਕਿਉਂ ਲੱਗ ਪਈ?'ਲੜਕੀ ਨੇ ਪਹਿਲਾਂ ਉਸ ਨੂੰ ਪੀਣ ਲਈ ਪਾਣੀ ਦਿੱਤਾ ਅਤੇ ਫਿਰ ਕੁਰਸੀ ਤੇ ਬੈਠਣ ਲਈ ਕਿਹਾ, ਹੁਣ ਉਸਨੇ ਲੜਕੇ ਨੂੰ ਦੱਸਣਾ ਸ਼ੁਰੂ ਕੀਤਾ, ''ਪਹਿਲਾਂ ਮੈਂ ਤੁਹਾਨੂੰ ਦੇਖ ਕੇ ਖੁਸ਼ ਇਸ ਲਈ ਹੋਈ ਕਿ ਪਤਾ ਨਹੀਂ ਕਿਸ ਤਰ੍ਹਾਂ ਇਕ ਵਿਅਕਤੀ ਨੇ ਇਸ ਮਹਿਲ ਵਿਚ ਪੈਰ ਪਾਏ ਹਨ?' ਉਸ ਤੋਂ ਬਾਅਦ ਉਹ ਲੜਕੀ ਚੁੱਪ ਕਰ ਗਈ।
ਹੁਣ ਲੜਕੇ ਨੇ ਫਿਰ ਪੁੱਛਿਆ, ''ਤਾਂ ਫਿਰ ਰੋਣ ਦਾ ਕੀ ਕਾਰਣ ਸੀ?'' ਹੁਣ ਲੜਕੀ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਉਹ ਬੋਲੀ, ''ਇਹ ਮਹਿਲ ਇਕ ਦੈਂਤ ਦਾ ਹੈ। ਉਹ ਬਹੁਤ ਆਦਮਖੋਰ ਹੈ, ਮੈਨੂੰ ਉਹ ਪੁੱਤਰੀ ਸਾਮਾਨ ਸਮਝਦਾ ਹੈ ਪਰ ਇੱਥੋਂ ਬਾਹਰ ਜਾਣ ਦੀ ਮੈਨੂੰ ਆਗਿਆ ਨਹੀਂ ਹੈ। ਹੁਣੇ ਉਹ ਆਉਂਦਾ ਹੋਵੇਗਾ ਅਤੇ ਉਸਨੇ ਆ ਕੇ ਤੁਹਾਨੂੰ ਮਾਰ ਕੇ ਖਾਹ ਜਾਣਾ ਏ, ਇਸ ਲਈ ਮੇਰੀ ਖੁਸ਼ੀ ਪਲ ਭਰ ਦੀ ਹੈ ਅਤੇ ਛੇਤੀ ਹੀ ਤੁਸੀਂ ਮਾਰੇ ਜਾਵੋਗੇ।'' ਇਹ ਸੁਣ ਕੇ ਲੜਕੇ ਨੇ ਆਪਣੇ ਤੀਰ ਦੀ ਕਰਾਮਾਤ ਵਾਰੇ ਦੱਸਿਆ ਪਰ ਲੜਕੀ ਨੇ ਕਿਹਾ, ''ਉਹ ਦੈਂਤ ਅਦਭੁੱਤ ਹੈ, ਉਹ ਕਿਸੇ ਤਰ੍ਹਾਂ ਵੀ ਮਰਨੇ ਵਾਲਾ ਨਹੀਂ ਹੈ। ਹਾਂ ਦੂਸਰੇ ਕਮਰੇ ਵਿਚ ਇਕ ਪਿੰਜਰਾ ਹੈ ਅਤੇ ਉਸ ਵਿਚ ਇਕ ਤੋਤਾ ਹੈ ਅਤੇ ਉਸ ਤੋਤੇ ਵਿਚ ਉਸ ਦੀ ਜਾਨ ਏ, ਜਦੋਂ ਤੱਕ ਇਹ ਤੋਤਾ ਜੀਵਤ ਰਹੇਗਾ, ਦੈਂਤ ਨਹੀਂ ਮਰੇਗਾ।'' ਹੁਣ ਲੜਕੀ, ਰਾਜੇ ਦੇ ਲੜਕੇ ਨੂੰ ਦੂਜੇ ਕਮਰੇ ਵਿਚ ਲੈ ਗਈ ਅਤੇ ਤੋਤਾ ਦਿਖਾਇਆ ਲੜਕੇ ਨੇ ਝੱਟ ਪਿੰਜਰਾ ਖੋਲ੍ਹ ਤੋਤਾ ਬਾਹਰ ਕੱਢ ਲਿਆ। ਜਿਉਂ ਹੀ ਉਸਨੇ ਤੋਤਾ ਫੜ੍ਹਿਆ ਜੰਗਲ ਵਿਚੋਂ ਦੈਂਤ ਦੌੜਿਆ ਆਇਆ ਅਤੇ ਲੜਕੇ ਦੇ ਹੱਥ ਵਿਚ ਤੋਤਾ ਦੇਖ ਬਹੁਤ ਹੀ ਗੁੱਸੇ ਵਿਚ ਆ ਗਿਆ। ਲੇਕਿਨ ਲੜਕੇ ਨੇ ਬੜੀ ਫੁਰਤੀ ਨਾਲ ਤੋਤੇ ਦੀ ਇਕ ਟੰਗ ਤੋੜ ਦਿੱਤੀ ਤਾਂ ਦੈਂਤ ਦੀ ਵੀ ਇਕ ਟੰਗ ਟੁੱਟ ਗਈ। ਦੈਂਤ ਲੰਗੜਾ ਕੇ ਦੌੜਿਆ ਆਵੇ ਜਦੋਂ ਨੇੜੇ ਆਇਆ ਤਾਂ ਉਸਨੇ ਤੋਤੇ ਦੀ ਦੂਜੀ ਟੰਗ ਵੀ ਤੋੜ ਦਿੱਤੀ। ਦੈਂਤ ਦਾ ਗੁੱਸਾ ਅਸਮਾਨੀ ਚੜ੍ਹ ਗਿਆ ਅਤੇ ਉਹ ਘਿਸੜਦਾ-ਘਿਸੜਦਾ ਹੀ ਅੱਗੇ ਵਧੀ ਜਾਵੇ। ਹੁਣ ਲੜਕੇ ਨੇ ਤੋਤੇ ਦੀ ਗਰਦਨ ਮਰੋੜ ਦਿੱਤੀ ਅਤੇ ਦੈਂਤ ਵੀ ਢਹਿ ਢੇਰੀ ਹੋ ਗਿਆ। ਲੜਕੇ ਅਤੇ ਲੜਕੀ ਨੇ ਜੰਗਲ 'ਚੋਂ ਲੱਕੜਾਂ ਇਕੱਠੀਆਂ ਕਰ ਕੇ ਦੈਂਤ ਦਾ ਅੰਤਮ-ਸੰਸਕਾਰ ਕਰ ਦਿੱਤਾ ਅਤੇ ਉਹ ਦੋਵੇਂ ਖੁਸ਼ੀ ਖੁਸ਼ੀ ਮਹਿਲਾਂ ਵਿਚ ਰਹਿਣ ਲੱਗ ਪਏ ਅਤੇ ਲੜਕੇ ਨੇ ਪਿਆਰ ਵਜੋਂ ਆਪ ਵੀ ਸੋਨੇ ਦੀ ਮੁੰਦਰੀ ਲੜਕੀ ਨੂੰ ਪਹਿਣਾ ਦਿੱਤੀ।
ਹੁਣ ਰਾਜੇ ਦੇ ਲੜਕੇ ਨੇ ਸੋਨੇ ਦੇ ਵਾਲਾਂ ਵਾਲੀ ਲੜਕੀ ਨਾਲ ਸ਼ਾਦੀ ਰਚਾ ਲਈ ਅਤੇ ਉਸਨੂੰ ਆਪਣੇ ਵਾਰੇ ਅਤੇ ਆਪਣੇ ਤਿੰਨਾਂ ਦੋਸਤਾਂ ਵਾਰੇ ਅਤੇ ਉਹਨਾਂ ਦੇ ਗੁਣਾਂ ਵਾਰੇ ਸਭ ਕੁਝ ਦੱਸ ਦਿੱਤਾ। ਉਹ ਜੰਗਲ ਵਿਚ ਹੀ ਖੁਸ਼ ਰਹਿੰਦੇ ਸਨ ਅਤੇ ਰਾਜੇ ਦਾ ਲੜਕਾ ਕਈ ਵਾਰ ਜੰਗਲ ਵਿਚ ਸ਼ਿਕਾਰ ਖੇਡਣ ਚਲਾ ਜਾਂਦਾ। ਉਹਨਾਂ ਦਾ ਇਹ ਮਹਿਲ ਜੰਗਲ ਵਿਚ ਜਾਂਦੇ ਇਕ ਬਹੁਤ ਹੀ ਵੱਡੇ ਅਤੇ ਸਾਫ ਪਾਣੀ ਦੇ ਦਰਿਆ ਪਰ ਸਥਿਤ ਸੀ। ਸੋਨੇ ਦੇ ਵਾਲਾਂ ਵਾਲੀ ਲੜਕੀ ਹਰ ਰੋਜ਼ ਨਹਾਉਣ ਲਈ ਦਰਿਆ ਦੇ ਕੰਢੇ ਬਣੇ ਘਾਟ ਤੇ ਜਾਂਦੀ। ਇਕ ਦਿਨ ਜਦੋਂ ਉਹ ਨਹਾਅ ਰਹੀ ਸੀ ਤਾਂ ਉਸਦੇ ਸੋਨੇ ਦੇ ਵਾਲਾਂ ਦੀ ਲੰਬੀ ਲਟ ਟੁੱਟ ਕੇ ਪਾਣੀ ਵਿਚ ਰੁੜ੍ਹ ਗਈ ਅਤੇ ਦਰਿਆ ਦੇ ਪਾਣੀ ਰਾਹੀਂ ਬਹੁਤ ਦੂਰ ਇਕ ਹੋਰ ਸ਼ਹਿਰ ਦੇ ਰਾਜ ਵਿਚ ਚਲੀ ਗਈ। ਉਸ ਸ਼ਹਿਰ ਦੇ ਰਾਜੇ ਦਾ ਮਹਿਲ ਵੀ ਇਸ ਦਰਿਆ ਦੇ ਕੰਢੇ ਪਰ ਹੀ ਸੀ ਉਸ ਰਾਜੇ ਦਾ ਕੇਵਲ ਇਕ ਹੀ ਪੁੱਤਰ ਸੀ ਪਰ ਉਹ ਰਾਜਕੁਮਾਰ ਬਹੁਤ ਹੀ ਕਰੂਪ ਅਤੇ ਇਕ ਅੱਖ ਤੋਂ ਕਾਣਾ ਸੀ। ਅਚਾਨਕ ਜਦੋਂ ਉਹ ਕਾਣਾਂ ਰਾਜਕੁਮਾਰ ਉਸ ਦਰਿਆ ਵਿਚ ਇਸਨਾਨ ਕਰ ਰਿਹਾ ਸੀ ਤਾਂ ਉਸਦੇ ਹੱਥਾਂ ਵਿਚ ਸੋਨੇ ਦੇ ਵਾਲਾਂ ਦੀ ਉਹ ਲਟ ਆ ਗਈ ਉਸਨੇ ਵਾਲਾਂ ਨੁੰ ਬੜੇ ਧਿਆਨ ਨਾਲ ਦੇਖਿਆ ਅਤੇ ਅੰਦਾਜ਼ਾ ਲਗਾਇਆ ਕਿ ਇਹ ਸੁੰਦਰ ਵਾਲ ਕਿਸੇ ਲੜਕੀ ਦੇ ਹਨ ਪਰ ਉਹ ਹੈਰਾਨ ਸੀ ਕਿ ਕਿਸੇ ਲੜਕੀ ਦੇ ਸੋਨੇ ਦੇ ਵਾਲ ਸਨ। ਉਹ ਜਲਦੀ-ਜਲਦੀ ਕੱਪੜੇ ਪਾ ਕੇ ਵਾਲ ਲੈ ਕੇ ਆਪਣੇ ਪਿਤਾ ਰਾਜੇ ਪਾਸ ਗਿਆ ਅਤੇ ਕਿਹਾ, ''ਦੇਖੋ, ਪਿਤਾ ਜੀ! ਇਹ ਸੋਨੇ ਦੇ ਵਾਲ, ਇਕ ਕਿਸੇ ਲੜਕੀ ਦੇ ਹਨ। ਇਸ ਲਈ ਮੈਂ ਹੁਣ ਸੋਨੇ ਦੇ ਵਾਲਾਂ ਵਾਲੀ ਲੜਕੀ ਨਾਲ ਹੀ ਵਿਆਹ ਕਰਾਂਗਾ।'' ਰਾਜਾ ਬਹੁਤ ਸਮਝਦਾਰ ਸੀ। ਉਸਨੇ ਆਪਣੇ ਰਾਜ ਕੁਮਾਰ ਨੂੰ ਸਮਝਾਇਆ, ''ਪੁੱਤਰਾ, ਤੂੰ ਆਪਣੇ ਵੱਲੋਂ ਅਤੇ ਆਪਣੀ ਅੱਖ ਵੱਲ ਦੇਖ, ਤੇਰੇ ਨਾਲ ਤਾਂ ਵੈਸੇ ਹੀ ਲੜਕੀ ਵਿਆਹ ਲਈ ਤਿਆਰ ਨਹੀਂ ਹੋਵੇਗੀ। ਦੂਜੇ ਸੋਨੇ ਦੇ ਵਾਲਾਂ ਵਾਲੀ ਲੜਕੀ ਨੂੰ ਕਿੱਥੇ ਲੱਭਾਂਗੇ?'ਪਰ ਰਾਜ ਕੁਮਾਰ ਨੇ ਤਾਂ ਜਿੰਦ ਹੀ ਫੜ੍ਹ ਲਈ ਕਿ ਜੇ ਉਹ ਵਿਆਹ ਕਰਵਾਏਗਾ ਤਾਂ ਕੇਵਲ ਸੋਨੇ ਦੇ ਵਾਲਾਂ ਵਾਲੀ ਲੜਕੀ ਨਾਲ।
ਹੁਣ ਸੋਨੇ ਦੇ ਵਾਲਾਂ ਵਾਲੀ ਲੜਕੀ ਨੂੰ ਲੱਭਣਾ ਰਾਜੇ ਲਈ ਮੁਸ਼ਕਲ ਬਣ ਗਿਆ ਤਾਂ ਉਸਨੇ ਆਪਣੀ ਫੌਜ, ਪੁਲਸ ਅਤੇ ਸਭ ਗੁਪਤਚਰਾਂ ਨੂੰ ਸੋਨੇ ਦੇ ਵਾਲਾਂ ਵਾਲੀ ਲੜਕੀ ਲੱਭਣ ਲਈ ਇੱਧਰ-ਉੱਧਰ ਭੇਜ ਦਿੱਤਾ। ਇਸ ਕੰਮ ਲਈ ਵੱਡਾ ਇਨਾਮ ਵੀ ਰੱਖਿਆ ਗਿਆ। ਗੁਪਤਚਾਰ ਸ਼ਿਕਾਰੀ ਕੁੱਤਿਆਂ ਵਾਂਗ ਇਧਰ-ਉੱਧਰ ਚਾਰੇ ਪਾਸੇ ਚਲੇ ਗਏ ਪਰ ਉਸ ਰਾਜ ਵਿਚ ਇਕ ਬੁੱਢੀ ਮੋਮੋਠੱਗਣੀ ਰਹਿੰਦੀ ਸੀ, ਉਸਦੇ ਮਨ ਵਿਚ ਵੀ ਇਨਾਮ ਜਿੱਤਣ ਦੀ ਲਾਲਸਾ ਜਾਗੀ ਅਤੇ ਉਸਨੇ ਦਰਿਆ ਤੇ ਜਾ ਕੇ ਸਾਰੀ ਸਥਿਤੀ ਦਾ ਅੰਦਾਜ਼ਾ ਲਗਾਇਆ। ਇਕ ਦਿਨ ਕੁਝ ਸਰਕਾਰੀ ਕਰਿੰਦੇ ਨਾਲ ਲੈ ਕੇ ਉਹ ਇਕ ਕਿਸਤੀ ਵਿਚ ਬੈਠ, ਜਿਧਰੋਂ ਪਾਣੀ ਆ ਰਿਹਾ ਸੀ ਉਸ ਤਰਫ ਚਲ ਪਈ। ਬਹੁਤ ਲੰਬੇ ਸਫ਼ਰ ਤੋਂ ਬਾਅਦ ਉਸ ਨੂੰ ਕਿਨਾਰੇ ਤੇ ਇਕ ਸੁੰਦਰ ਮਹਿਲ ਨਜ਼ਰ ਆਇਆ। ਬਾਕੀ ਕਰਿੰਦਿਆਂ ਨੂੰ ਛੁੱਪਣ ਲਈ ਕਹਿ, ਉਹ ਆਪ ਮਹਿਲ ਵਿਚ ਚਲੀ ਗਈ। ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਉਸ ਨੇ ਉਸ ਮਹਿਲ ਵਿਚ ਸੋਨੇ ਦੇ ਵਾਲਾਂ ਵਾਲੀ ਕੁੜੀ ਵੇਖੀ ਸੋਨੇ ਦੇ ਵਾਲਾਂ ਵਾਲੀ ਲੜਕੀ ਉਸ ਨੂੰ ਨਹੀਂ ਸੀ ਜਾਣਦੀ, ਇਸ ਲਈ ਉਸਦੇ ਪੁੱਛਣ ਤੇ ਮੋਮੋਠੱਗਣੀ ਨੇ ਉਸ ਨੂੰ ਬਹੁਤ ਪਿਆਰ ਜਿਤਾਇਆ ਅਤੇ ਆਪਣੀ ਬੁੱਕਲ ਵਿੱਚ ਲੈ ਕੇ ਕਿਹਾ, ''ਧੀਏ! ਮੈਂ ਤੇਰੀ ਦੂਰ ਦੇ ਸ਼ਹਿਰ ਵਾਲੀ ਮਾਸੀ ਹਾਂ, ਤੈਨੂੰ ਛੋਟੀ ਜਿਹੀ ਨੂੰ ਮਿਲੀ ਸੀ, ਹੁਣ ਤਾਂ ਤੂੰ ਚੰਗੀ ਮੁਟਿਆਰ ਹੋ ਗਈ ਹੈ, ਰੱਬ ਨੇ ਤੈਨੂੰ ਹੁਸਨ ਵੀ ਚੰਗਾ ਦਿੱਤਾ ਏ। ਮੈਂ ਹੁਣ ਤੈਨੂੰ ਲੈਣ ਆਈ ਆਂ, ਕਿਉਂਕਿ ਮੈਨੂੰ ਪਤਾ ਲੱਗਿਆ ਕਿ ਤੂੰ ਇੱਥੇ ਇਕੱਲੀ ਰਹਿ ਰਹੀ ਏ।' ਕੁੜੀ ਉਸਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਆ ਗਈ ਅਤੇ ਕਿਹਾ, ''ਨਹੀਂ ਮਾਸੀ, ਮੈਂ ਇਕੱਲੀ ਨਹੀਂ ਹਾਂ, ਮੇਰੇ ਘਰਵਾਲਾ ਰਾਜ ਕੁਮਾਰ ਇੱਥੇ ਮੇਰੇ ਨਾਲ ਰਹਿੰਦਾ ਏ ਅਤੇ ਮੇਰਾ ਪੂਰਾ ਧਿਆਨ ਰੱਖਦਾ ਏ, ਉਹ ਸ਼ਿਕਾਰ ਲਈ ਜੰਗਲ ਵਿਚ ਗਏ ਹੋਏ ਹਨ।'ਥੋੜ੍ਹੀ ਦੇਰ ਬਾਅਦ ਉਹ ਰਾਜੇ ਦਾ ਲੜਕਾ ਵੀ ਆ ਗਿਆ ਅਤੇ ਸੋਨੇ ਦੇ ਵਾਲਾਂ ਵਾਲੀ ਲੜਕੀ ਨੇ ਦੱਸਿਆ ਕਿ ਇਹ ਔਰਤ ਉਸਦੀ ਮਾਸੀ ਹੈ ਅਤੇ ਦੂਰੋਂ ਮਿਲਣ ਆਈ ਏ। ਲੜਕੇ ਨੂੰ ਦੇਖ ਮੋਮੋਠੱਗਣੀ, ਉਸ ਨੂੰ ਵੀ ਝੂਠਾ ਪਿਆਰ ਜਿਤਾਉਣ ਲੱਗੀ।'
ਹੁਣ ਉਹ ਦੋਵੇਂ ਲੜਕਾ-ਲੜਕੀ ਤੇ ਬੁੱਢੀ ਘੁਲ ਮਿਲ ਗਏ ਅਤੇ ਉਸ ਵਲੋਂ ਵਿਖਾਏ ਝੂਠੇ ਪਿਆਰ ਦੀ ਮਾਰ ਵਿਚ ਆ ਗਏ। ਬੁੱਢੀ ਨੇ ਆਪਣੇ ਕਾਰਜ ਲਈ ਕਾਹਲੀ ਨਹੀਂ ਕੀਤੀ, ਸਗੋਂ ਉਹ ਮੌਕੇ ਦੀ ਭਾਲ ਵਿਚ ਸੀ। ਇਕ ਦਿਨ ਮੌਕਾ ਪਾ ਕੇ ਬੁੱਢੀ ਨੇ ਰਾਜੇ ਦੇ ਲੜਕੇ ਦੇ ਦੁੱਧ ਵਿਚ ਜ਼ਹਿਰ ਮਿਲਾ ਦਿੱਤਾ ਅਤੇ ਉਹ ਦੁੱਧ ਪੀ ਕੇ ਮਰ ਗਿਆ। ਲੜਕੀ ਨੂੰ ਬੁੱਢੀ ਦੀ ਚਾਲ ਦਾ ਪਤਾ ਨਾ ਲੱਗਿਆ। ਉਸ ਲੜਕੀ ਨੇ ਬਹੁਤ ਹਾਏ-ਕੁਰਲਾਪ ਕੀਤਾ ਪਰ ਕੁਝ ਨਹੀਂ ਸੀ ਬਣ ਸਕਦਾ। ਉਸ ਨੇ ਰਾਜੇ ਦੇ ਲੜਕੇ ਦੇ ਦੱਸੇ ਅਨੁਸਾਰ, ਉਸਦੀ ਲਾਸ਼ ਪਾਸ ਵਾਲੇ ਕਮਰੇ ਵਿਚ ਇਕ ਵੱਡੇ ਕੜ੍ਹਾਏ ਵਿਚ ਤੇਲ ਪਾ ਕੇ ਵਿਚ ਰੱਖ ਦਿੱਤੀ ਅਤੇ ਉਸਦੀ ਸਭ ਤੋਂ ਪਿਆਰੀ ਚੀਜ਼ ਤਲਵਾਰ ਵੀ ਉਸ ਦੇ ਪਾਸ ਰੱਖ ਦਿੱਤੀ ਅਤੇ, ਕਮਰੇ ਨੂੰ ਤਾਲਾ ਲਗਾ ਕੇ ਚਾਬੀ ਆਪਣੇ ਪਾਸ ਸਾਂਭ ਲਈ। ਉਧਰ ਉਹ ਬੁੱਢੀ ਕੁਝ ਦਿਨ ਹੋਰ ਉਸਦੇ ਪਾਸ ਹੀ ਰਹੀ ਅਤੇ ਉਸ ਨਾਲ ਹਰ ਰੋਜ਼ ਨਹਾਉਣ ਲਈ ਦਰਿਆ ਤੇ ਜਾਣ ਲੱਗੀ। ਇਕ ਦਿਨ ਜਦੋਂ ਉਹ ਨਹਾਉਣ ਲਈ ਦਰਿਆ ਤੇ ਗਈਆਂ ਤਾਂ ਉਸਨੇ ਕਿਸਤੀ ਵਾਲੇ ਸਰਕਾਰੀ ਕਰਿੰਦੇ ਵੀ ਬੁਲਾ ਲਏ ਅਤੇ ਸੋਨੇ ਦੇ ਵਾਲਾਂ ਵਾਲੀ ਲੜਕੀ ਨੂੰ ਧੱਕੇ ਨਾਲ ਕਿਸਤੀ ਵਿਚ ਸੁੱਟ, ਕਿਸਤੀ ਨੂੰ ਦੁੜਾ ਕੇ ਲੈ ਗਏ। ਚਲਦੇ-ਚਲਦੇ ਆਪਣੇ ਰਾਜੇ ਦੇ ਮਹਿਲਾਂ ਵਿਚ ਪਹੁੰਚ ਗਏ।
ਹੁਣ ਜਦੋਂ ਰਾਜੇ ਨੂੰ ਸੋਨੇ ਦੇ ਵਾਲਾਂ ਵਾਲੀ ਕੁੜੀ ਦੇ ਆਉਣ ਦਾ ਪਤਾ ਚਲਿਆ ਤਾਂ ਰਾਜੇ ਅਤੇ ਰਾਣੀ ਨੇ ਬਹੁਤ ਖੁਸ਼ੀ ਮਨਾਈ ਅਤੇ ਲੋਕਾਂ ਵਿੱਚ ਮਠਿਆਈਆਂ ਤੇ ਤੋਹਫੇ ਵੰਡੇ। ਕਾਣੇ ਰਾਜ ਕੁਮਾਰ ਨੂੰ ਸੋਨੇ ਦੇ ਵਾਲਾਂ ਵਾਲੀ ਲੜਕੀ ਵਾਰੇ ਜਦੋਂ ਪਤਾ ਲੱਗਿਆ ਤਾਂ ਉਹ, ਟਪੂੰਸੀਆਂ ਮਾਰਦਾ ਭੱਜਿਆ ਫਿਰੇ। ਉਸਨੇ ਸੋਚਿਆ ਉਸਦੀ ਮੰਗ ਪੂਰੀ ਹੋਣ ਵਾਲੀ ਸੀ। ਉਹ ਜਲਦੀ ਜਲਦੀ ਲੜਕੀ ਨੂੰ ਮਿਲਿਆ ਅਤੇ ਆਪਣੇ ਨਾਲ ਵਿਆਹ ਦੀ ਗੱਲ ਕੀਤੀ। ਲੜਕੀ ਕੋਈ ਹੋਰ ਚਾਰਾ ਨਾ ਦੇਖ, ਵਿਆਹ ਲਈ ਰਾਜੀ ਹੋ ਗਈ। ਫਿਰ ਲੜਕੀ ਨੂੰ ਰਾਜੇ ਨੂੰ ਮਿਲਾਇਆ ਗਿਆ ਅਤੇ ਰਾਜੇ ਨੇ ਉਸ ਲੜਕੀ ਨੂੰ ਉਸਦੇ ਰਾਜ ਕੁਮਾਰ ਨਾਲ ਸ਼ਾਦੀ ਕਰਨ ਦੀ ਪੇਸ਼ਕਸ਼ ਕੀਤੀ। ਲੜਕੀ ਨੇ ਕਿਹਾ ਕਿ ਉਹ ਵਿਆਹ ਲਈ ਰਾਜੀ ਹੈ ਪਰ ਉਸਦੀ ਸ਼ਰਤ ਹੈ ਕਿ ਵਿਆਹ ਤੋਂ ਪਹਿਲਾਂ ਉਹ ਇਕ ਮਹਾਂਯੱਗ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਲੋਕਾਂ ਨੂੰ ਆਪਣੇ ਹੱਥੀਂ ਯੱਗ ਦਾ ਪ੍ਰਸਾਦ ਵੰਡ ਸਕੇ ਅਤੇ ਯੱਗ ਦੇ ਸਪੂਰਣ ਹੋਣ ਤੱਕ ਉਹ ਬਾਹਰ ਵੱਡੇ ਮੈਦਾਨ ਵਿਚ ਟੈਂਟ ਵਿਚ ਹੀ ਰਹੇਗੀ ਅਤੇ ਆਪਣੀ ਨਿਗਰਾਨੀ ਵਿਚ ਭੰਡਾਰਾ ਤਿਆਰ ਕਰਵਾਏਗੀ। ਇਸ ਗੱਲ ਲਈ ਰਾਜਾਂ ਸਹਿਮਤ ਹੋ ਗਿਆ ਅਤੇ ਸ਼ਹਿਰ ਦੇ ਬਾਹਰ ਵੱਡੇ ਮੈਦਾਨ ਵਿਚ ਭੰਡਾਰੇ ਦੀ ਤਿਆਰੀ ਅਤੇ ਰਿਆਈਸੀ ਟੈਂਟ ਲਗਾਏ ਗਏ।
ਹੁਣ ਹਰ ਰੋਜ ਭੰਡਾਰਾ ਤਿਆਰ ਹੁੰਦਾ ਅਤੇ ਸੋਨੇ ਦੀ ਵਾਲਾਂ ਵਾਲੀ ਲੜਕੀ ਆਪਣੇ ਹੱਥੀਂ ਲੋਕਾਂ ਨੂੰ ਮਿੱਠੇ ਚਾਵਲ ਵਰਤਾਉਂਦੀ। ਭੰਡਾਰਾ ਵਰਤਾਉਂਦੇ ਸਮੇਂ ਸਭ ਲੋਕ ਟਾਟਾਂ ਪਰ ਲਾਈਨਾਂ ਵਿਚ ਬੈਠਦੇ ਅਤੇ ਉਹ ਚਾਵਲ ਇਸ ਤਰੀਕੇ ਨਾਲ ਵਰਤਾਉਂਦੀ ਕਿ ਹਰ ਚਾਵਲ ਲੈਣ ਵਾਲੇ ਦੀ ਨਜ਼ਰ ਉਸ ਦੇ ਹੱਥ ਵਿਚ ਪਾਈ ਸੋਨੇ ਦੀ ਮੁੰਦਰੀ ਪਰ ਜ਼ਰੂਰ ਪਵੇ ਜੋ ਰਾਜੇ ਦੇ ਲੜਕੇ ਨੇ ਉਸਨੂੰ ਆਪਣੀ ਪਿਆਰ ਨਿਸ਼ਾਨੀ ਵਜੋਂ ਦੇ ਦਿੱਤੀ ਸੀ। ਬਹੁਤ ਦੂਰ ਦੂਰ ਤੱਕ ਭੰਡਾਰੇ ਦਾ ਸ਼ੋਰ ਪੈ ਗਿਆ। ਦੂਰੋਂ ਦੂਰੋਂ ਲੋਕ ਯੱਗ ਵਿੱਚ ਸ਼ਾਮਲ ਹੁੰਦੇ। ਸਭ ਹੈਰਾਨ ਸਨ ਕਿ ਸੋਨੇ ਦੇ ਵਾਲਾਂ ਵਾਲੀ ਕੁੜੀ ਆਪ ਭੰਡਾਰਾ ਵਰਤਾ ਰਹੀ ਹੈ ਅਤੇ ਉਸਦਾ ਕਾਣੇ ਰਾਜ ਕੁਮਾਰ ਨਾਲ ਵਿਆਹ ਵੀ ਹੋਣਾ ਏ। ਉਧਰ ਉਹਨਾਂ ਤਿੰਨੇ ਮਿੱਤਰਾਂ ਪਾਸ ਵੀ ਇਹ ਖਬਰ ਪਹੁੰਚ ਗਈ ਤਾਂ ਉਹ ਸੋਨੇ ਦੇ ਵਾਲਾਂ ਵਾਲੀ ਲੜਕੀ ਅਤੇ ਕਾਣੇ ਰਾਜ ਕੁਮਾਰ ਦੇ ਵਿਆਹ ਲਈ ਭੰਡਾਰਾ ਛਕਣ ਲਈ ਉਥੇ ਪਹੁੰਚ ਗਏ।
ਹੁਣ ਭੰਡਾਰਾ ਖਾਣ ਲਈ ਜਦੋਂ ਤਿੰਨੇ ਮਿੱਤਰ ਟਾਟ ਪਰ ਬੈਠੇ ਤਾਂ ਉਸ ਲੜਕੀ ਨੇ ਮਿੱਠੇ ਚਾਵਲ ਪਾਉਣ ਸਮੇਂ ਆਪਣੀ ਮੁੰਦਰੀ ਵਾਲਾ ਹੱਥ ਅੱਗੇ ਰੱਖਿਆ। ਸੁਨਿਆਰੇ ਦੇ ਮੁੰਡੇ ਨੇ ਤੁਰੰਤ ਮੁੰਦਰੀ ਪਹਿਚਾਣ ਲਈ ਅਤੇ ਇਸ ਗੱਲ ਨੂੰ ਪੱਕੀ ਕਰਨ ਲਈ ਚਾਵਲ ਲੈਣ ਦੇ ਬਹਾਨੇ ਦੁਆਰਾ ਆਪਣੇ ਪਾਸ ਬੁਲਾਇਆ। ਉਸਨੇ ਆਪਣੇ ਮਿੱਤਰਾਂ ਪਾਸ ਗੱਲ ਕੀਤੀ ਤਾਂ ਉਹਨਾਂ ਉਸ ਲੜਕੀ ਨੂੰ ਇਕੱਲੇ ਮਿਲਣ ਦਾ ਸਮਾਂ ਮੰਗਿਆ ਤਾਂ ਉਹ ਲੜਕੀ ਵੀ ਸਭ ਸਮਝ ਗਈ ਅਤੇ ਉਹਨਾਂ ਨੂੰ ਅਲੱਗ ਮਿਲਣ ਦਾ ਸਮਾਂ ਦੇ ਦਿੱਤਾ। ਜਦੋਂ ਉਹ ਮਿਲੇ ਤਾਂ ਲੜਕੀ ਨੁੰ ਸੁਨਿਆਰ ਦੇ ਲੜਕੇ ਨੇ ਪਹਿਲਾਂ ਸੁਆਲ ਇਹੀ ਕੀਤਾ, ''ਤੁਸੀਂ ਇਹ ਸੋਨੇ ਦੀ ਮੁੰਦਰੀ ਕਿੱਥੋਂ ਲਈ ਏ?' ਲੜਕੀ ਪਹਿਲਾਂ ਹੀ ਸਮਝ ਚੁੱਕੀ ਸੀ ਪਰ ਆਪਣੀ ਤੱਸਲੀ ਲਈ ਉਸਨੇ ਕਿਹਾ, '' ਇਸ ਨੂੰ ਕਿਵੇਂ ਪਹਿਚਾਣਿਆ?' ਸੁਨਿਆਰੇ ਦੇ ਲੜਕੇ ਨੇ ਕਿਹਾ, ''ਮੈਂ ਲੱਖਾਂ ਕਰੋੜਾਂ ਮੁੰਦਰੀਆਂ ਵਿਚ ਆਪਣੀ ਬਣਾਈ ਹੋਈ ਸੋਨੇ ਦੀ ਮੁੰਦਰੀ ਪਹਿਚਾਣ ਸਕਦਾ ਹਾਂ, ਇਕ ਤਾਂ ਕੇਵਲ ਇਕ ਹੀ ਹੈ।' ਹੁਣ ਲੜਕੀ ਨੇ ਉਹਨਾਂ ਨੂੰ ਸਾਰੀ ਕਹਾਣੀ ਦੱਸ ਦਿੱਤੀ ਅਤੇ ਇਹ ਵੀ ਕਿਹਾ, ''ਇਹ ਸਭ ਅਡੰਬਰ ਤੁਹਾਨੂੰ ਲੱਭਣ ਲਈ ਕੀ ਕੀਤਾ ਗਿਆ ਏ ਪਰ ਹੁਣ ਇਹ ਮੇਰਾ ਕਾਣੇ ਕਰੂਪ ਰਾਜ ਕੁਮਾਰ ਨਾਲ ਵਿਆਹ ਕਰਨ ਲੱਗੇ ਹਨ। ਹੁਣ ਸਭ ਤੁਹਾਡੇ ਤੇ ਨਿਰਭਰ ਕਰਦਾ ਹੈ।' ਹੁਣ ਤਿੰਨੇ ਮਿੱਤਰ ਇਕੱਠੇ ਹੀ ਬੋਲੇ, ''ਤੁਸੀਂ ਰਾਜੇ ਨੁੰ ਕਹੋ ਕਿ ਯੱਗ ਸਪੂਰਣ ਹੋ ਗਿਆ ਏ, ਵਿਆਹ ਦੀ ਤਿਆਰੀ ਕਰੋ, ਬਾਕੀ ਕੰਮ ਸਾਡੇ ਤੇ ਛੱਡੋ।'
ਹੁਣ ਉਹ ਲੜਕੀ ਖੁਸ਼ੀ ਖੁਸ਼ੀ ਰਾਜੇ ਪਾਸ ਗਈ ਅਤੇ ਯੱਗ ਸੰਪੂਰਣ ਹੋਣ ਦੀ ਖਬਰ ਦੱਸੀ ਅਤੇ ਦੱਸਿਆ ਕਿ ਤਿੰਨ ਦਿਨਾਂ ਬਾਅਦ ਵਿਆਹ ਦੀ ਰਸਮ ਪੂਰੀ ਕੀਤੀ ਜਾਵੇ। ਸਭ ਪਾਸੇ ਖੁਸ਼ੀਆਂ ਦਾ ਮਾਹੌਲ ਬਣ ਗਿਆ। ਰਾਜਾ ਰਾਣੀ ਵਿਆਹ ਦੀਆਂ ਤਿਆਰੀਆਂ ਵਿਚ ਮਗਨ ਹੋ ਗਏ। ਇਤਨੀ ਦੇਰ ਵਿਚ ਤਰਖਾਣ ਦਾ ਲੜਕਾ ਰਾਜੇ ਨੂੰ ਜਾ ਮਿਲਿਆ ਅਤੇ ਸਲਾਹ ਦਿੱਤੀ, '' ਰਾਜਨ, ਜੇ ਤੁਸੀਂ ਮੈਨੂੰ ਇੱਕ ਗਿੱਠ ਚੰਦਨ ਦੀ ਲੱਕੜ ਦੇ ਦੇਵੋ ਤਾਂ ਮੇਂ ਉਸਦਾ ਉੱਡਣ-ਖਟੋਲਾ ਬਣਾਂ ਕੇ ਅਸਮਾਨ ਵਿਚ ਉਡਾਵਾਂਗਾ ਅਤੇ ਤੁਹਾਡੇ ਪੁੱਤਰ ਦਾ ਵਿਆਹ ਅਸਮਾਨ ਵਿੱਚ ਹੋਵੇਗਾ। ਰਾਜਾ ਹੈਰਾਨ ਰਹਿ ਗਿਆ, ''ਸੱਚ! ਮੇਰੇ ਰਾਜਕੁਮਾਰ ਦਾ ਵਿਆਹ ਸੋਨੇ ਦੇ ਵਾਲਾਂ ਵਾਲੀ ਸੁੰਦਰ ਕੁੜੀ ਨਾਲ ਅਸਮਾਨ ਵਿਚ ਹੋਵੇਗਾ। ਵਾਹ! ਵਾਹ! ਇਹ ਹੁਣ ਇਸਤਰ੍ਹਾਂ ਹੀ ਹੋਵੇਗਾ।' ਤਰਖਾਣ ਦੇ ਲੜਕੇ ਨੂੰ ਚੰਦਨ ਦੀ ਲੱਕੜ ਦਿੱਤੀ ਗਈ ਅਤੇ ਉਸਨੇ ਉਸਦਾ ਉੱਡਣ -ਖਟੋਲਾ ਤਿਅਰ ਕਰਕੇ ਵਿਚ ਬੈਠਣ ਲਈ ਛੇ ਸੀਟਾਂ ਤਿਆਰ ਕਰ ਦਿੱਤੀਆਂ।
ਜਦੋਂ ਤਰਖਾਣ ਦਾ ਲੜਕਾ ਆਪਣਾ ਕੰਮ ਕਰਕੇ ਚਲਾ ਗਿਆ ਤਾਂ ਵਜ਼ੀਰ ਦਾ ਲੜਕਾ ਪੰਡਤ ਬਣ ਕੇ ਰਾਜੇ ਪਾਸ ਗਿਆ ਅਤੇ ਕਿਹਾ, ''ਦੇਖੋ ਜੀ, ਮੇਰੀ ਜੋਤਿਸ਼ ਵਿੱਦਿਆ ਦੱਸਦੀ ਏ ਕਿ ਜੇ ਇਸ ਸੁਭਾਗ ਜੋੜੀ ਦੇ ਵਿਆਹ ਦੇ ਮੰਤਰ ਮੈਂ ਪੜ੍ਹਾਂਗਾ ਤਾਂ ਇਹ ਵਿਆਹ ਤੋਂ ਬਾਅਦ ਬਚ ਜਾਣਗੇ ਨਹੀਂ ਤਾ ਦੋਨੋਂ ਮਰ ਜਾਣਗੇ। ਇਸ ਲਈ ਮੇਰਾ ਹਾਜ਼ਿਰ ਹੋਣਾ ਜ਼ਰੂਰੀ ਹੈ।' ਖੁਸ਼ੀ ਵਿਚ ਰਾਜੇ ਨੇ ਕਿਹਾ, ''ਕੋਈ ਗੱਲ ਨਹੀਂ, ਤੁਸੀਂ ਹਾਜ਼ਰ ਰਹਿਣਾ ਅਤੇ ਮੰਤਰ ਤੁਸੀਂ ਹੀ ਪੜ੍ਹਣੇ। ਅਸੀਂ ਕੋਈ ਹੋਰ ਪੰਡਤ ਕਿਉਂ ਲੱਭਾਂਗੇ।' ਇਸ ਤਰ੍ਹਾਂ ਵਿਆਹ ਲਈ ਪੰਡਤ ਵੀ ਪੱਕਾ ਹੋ ਗਿਆ। ਵਜੀਰ ਦੇ ਲੜਕੇ ਦੇ ਜਾਣ ਤੋਂ ਬਾਅਦ ਰਾਜੇ ਨੁੰ ਸੁਨਿਆਰ ਦਾ ਲੜਕਾ ਪਾਂਡਾ ਬਣ ਕੇ ਮਿਲਿਆ ਅਤੇ ਕਿਹਾ, ''ਜੇ ਵਿਆਹ ਦਾ ਲਗਨ ਮੇਰੇ ਦੱਸੇ ਮੂਹਰਤ (ਸਮੇਂ) ਅਨੁਸਾਰ ਨਾ ਹੋਇਆ ਤਾਂ ਲਾੜਾ, ਲਾੜੀ ਦੋਨੋਂ ਮਰ ਜਾਣਗੇ । ਇਸ ਲਈ ਮੇਰਾ ਹਾਜ਼ਰ ਹੋਣਾ ਬਹੁਤ ਜਰੂਰੀ ਹੈ।' ਰਾਜੇ ਨੇ ਉਸਨੂੰ ਵੀ ਪੱਕਾ ਕਰ ਦਿੱਤਾ।
ਵਿਆਹ ਵਾਲੇ ਦਿਨ ਵੱਡੇ ਮੈਦਾਨ ਵਿੱਚ ਅਨੇਕਾਂ ਦੀ ਗਿਣਤੀ ਵਿੱਚ ਭੀੜ ਜਮ੍ਹਾ ਹੋ ਗਈ। ਸਭ ਲੋਕ ਬਚਿੱਤਰ ਕਿਸਮ ਦਾ ਵਿਆਹ ਦੇਖਣ ਆਏ। ਕੋਈ ਕਾਣੇ ਲਾੜੇ ਨੂੰ, ਕੋਈ ਸੋਨੇ ਦੇ ਵਾਲਾਂ ਵਾਲੀ ਲਾੜੀ ਨੂੰ, ਕੋਈ ਉੱਡਣ ਖਟੋਲੇ ਨੂੰ, ਕੋਈ ਅਸਮਾਨ ਵਿੱਚ ਹੁੰਦੇ ਵਿਆਹ ਨੂੰ ਅਤੇ ਕਈ ਤਾਂ ਭੀੜ ਦੇਖਣ ਲਈ ਹੀ ਆ ਗਏ। ਜਦੋਂ ਉੱਡਣ ਖਟੋਲਾ ਤਿਆਰ ਹੋ ਕੇ ਆਇਆ ਲੋਕਾਂ ਨੇ ਤਾੜੀਆਂ ਲਗਾ ਦਿੱਤੀਆਂ। ਹੁਣ ਖਟੋਲੇ ਵਿਚ ਲਾੜਾ, ਲਾੜੀ, ਤਰਖਾਣ ਦਾ ਲੜਕਾ ਡਰਾਇਵਰ, ਵਜੀਰ ਦਾ ਲੜਕਾ ਪੰਡਤ ਅਤੇ ਫੇਰਿਆ ਦਾ ਸਮਾਂ ਦੱਸਣ ਲਈ ਸੁਨਿਆਰ ਦਾ ਲੜਕਾ ਪਾਡਾਂ ਅਤੇ ਵਿਚੋਲਣ ਬੁੱਢੀ ਛੇ ਜਣੇ ਸਵਾਰ ਹੋ ਗਏ। ਰਾਜੇ ਅਤੇ ਰਾਣੀ ਨੇ ਸ਼ੋਰ ਮਚਾਇਆ ਕਿ ਉਹ ਕਿੱਥੇ ਬੈਠਣ ਤਾਂ ਤਰਖਾਣ ਦੇ ਲੜਕੇ ਨੇ ਕਿਹਾ ਕਿ ਉਹ ਦੋਨੋਂ ਹੀ ਵਿਆਹ ਦਾ ਨਜਾਰਾ ਹੇਠੋਂ ਹੀ ਦੇਖਣ ਅਤੇ ਵਿਆਹ ਤੋਂ ਬਾਅਦ ਦੂਜੇ ਗੇੜੇ ਵਿੱਚ ਰਾਜਾ ਅਤੇ ਰਾਣੀ ਨੂੰ ਅਸਮਾਨ ਦੀ ਸੈਰ ਕਰਵਾਈ ਜਾਵੇਗੀ। ਉਹ ਮੰਨ ਗਏ।
ਹੁਣ ਜਿਉਂ ਹੀ ਘੂਰਰ-ਘੂਰਰ ਕਰਕੇ ਉੱਠਣ ਖਟੋਲਾ ਅਸਮਾਨ ਵੱਲ ਗਿਆ, ਸਭ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਰਾਜਾ ਅਤੇ ਰਾਣੀ ਤਾਂ ਨੱਚਣ ਹੀ ਲੱਗ ਪਏ। ਜਦੋਂ ਉੱਡਣ ਖਟੋਲੇ ਨੇ ਮੈਦਾਨ ਦੇ ਦੋ-ਤਿੰਨ ਚੱਕਰ ਕੱਢੇ ਤਾਂ ਲੋਕ ਕਹਿਣ, ''ਫੇਰੇ ਸ਼ੁਰੂ ਹੋ ਗਏ ਹਨ।' ਫਿਰ ਅਗਲੇ ਚੱਕਰ ਤਿੰਨਾਂ ਮਿੱਤਰਾਂ ਨੇ ਕਾਣੇ ਰਾਜ ਕੁਮਾਰ ਨੂੰ ਟੰਗ ਤੋਂ ਫੜ ਕੇ ਹੇਠਾਂ ਲਟਕਾ ਦਿੱਤਾ। ਲੋਕ ਤਾੜੀਆਂ ਮਾਰਨ ਕਿ ਲਾਵਾਂ ਹੋ ਰਹੀਆਂ ਹਨ। ਫਿਰ ਉਹਨਾਂ ਨੇ ਕਾਣੇ ਰਾਜਕੁਮਾਰ ਨੂੰ ਥੱਲੇ ਸੁੱਟ ਦਿੱਤਾ। ਉਸ ਤੋਂ ਬਾਅਦ ਮੋਮੋਠੱਗਣੀ ਬੁੱਢੀ ਨੂੰ ਵਾਲਾਂ ਤੋਂ ਫੜ ਕੇ ਹੇਠਾਂ ਲਟਕਾ ਦਿੱਤਾ ਅਤੇ ਦੋ ਗੇੜੇ ਕੱਢ ਰਾਜਾ ਰਾਣੀ ਦੇ ਸਿਰ ਉੱਤੇ ਸੁੱਟ ਦਿੱਤੀ। ਹੁਣ ਉਹ ਚਾਰੇ ਜਾਣੇ ਉੱਡਣ ਖਟੋਲਾ ਉਡਾਅ ਕੇ ਦੂਰ ਚਲੇ ਗਏ ਅਤੇ ਜਿੱਥੇ ਰਾਜੇ ਦਾ ਲੜਕਾ ਮ੍ਰਿਤਕ ਪਿਆ ਸੀ, ਉਸ ਮਹਿਲ ਵਿੱਚ ਜਾ ਪਹੁੰਚੇ। ਸੋਨੇ ਦੇ ਵਾਲਾਂ ਵਾਲੀ ਕੁੜੀ ਨੇ ਆਪਣੀ ਚਾਬੀ ਨਾਲ ਤਾਲਾ ਖੋਲ੍ਹਿਆ ਤਾਂ ਦੇਖਿਆ ਕਿ ਉਸ ਲੜਕੇ ਦੀ ਲਾਸ਼ ਪਈ ਸੀ ਅਤੇ ਉਸ ਦੀ ਸਭ ਤੋਂ ਪਿਆਰੀ ਚੀਜ਼ ਤਲਵਾਰ ਉਸ ਦੇ ਪਾਸ ਪਈ ਸੀ। ਹੁਣ ਆਪਣਾ ਕਰੱਤਵ ਦਿਖਾਉਣ ਦੀ ਵਜੀਰ ਦੇ ਮੁੰਡੇ ਵਾਰੀ ਸੀ। ਉਹ ਲਾਸ਼ ਦੇ ਨੇੜੇ ਗਿਆ ਅਤੇ ਪਾਣੀ ਛਿੱਟੇ ਮਾਰ ਆਪਣੇ ਮੰਤਰ ਪੜ੍ਹ, ਰਾਜੇ ਦੇ ਲੜਕੇ ਨੂੰ ਜਿਊਂਦਾ ਕਰ ਦਿੱਤਾ। ਸਾਰੇ ਇਕ ਦੂਜੇ ਨੂੰ ਦੇਖ ਬਹੁਤ ਖੁਸ਼ ਹੋਏ। ਫਿਰ ਉਹ ਪੰਜੇ ਜਣੇ ਉਸੇ ਉਡਣ ਖਟੋਲੇ ਵਿੱਚ ਬੈਠ ਆਪਣੇ ਦੇਸ਼ ਵਾਪਸ ਆ ਗਏ ਅਤੇ ਹੁਣ ਖੁਸ਼ੀ ਖੁਸ਼ੀ ਰਹਿਣ ਲੱਗੇ ਅਤੇ ਉਹਨਾਂ ਦੀ ਮਿੱਤਰਤਾ ਹੋਰ ਵੀ ਗੂੜੀ ਹੋ ਗਈ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098/37 ਡੀ,
ਮੋਬਾ. 9876452223
ਚੰਡੀਗੜ੍ਹ।