ਇਹ ਗੱਲ ਵੀਹ-ਬਾਈ ਸਾਲ ਪੁਰਾਣੀ ਹੈ। ਮੈਂ ਆਪਣੇ ਦੋਸਤ ਦੀ ਮਾਂ ਦਾ ਹਾਲਚਾਲ ਪੁੱਛਣ ਮਗਰੋਂ ਹਸਪਤਾਲ ਦੀ ਐਮਰਜੈਂਸੀ ਦੇ ਗੇਟ ਦੇ ਬਾਹਰ ਵਰਾਂਡੇ 'ਚ ਖੜ੍ਹਾ ਮੀਂਹ ਰੁਕ ਜਾਣ ਦਾ ਇੰਤਜਾਰ ਕਰ ਰਿਹਾ ਸੀ। ਉੱਥੇ ਇੱਕ ਆਟੋ ਰਿਕਸ਼ੇ 'ਚ ਅਧਖੜ੍ਹ ਉਮਰ ਦੇ ਆਦਮੀ ਤੀਂਵੀ ਆਏ । ਆਦਮੀ ਦੀ ਲੱਤ ਤੇ ਪਲੱਸਤਰ ਲੱਗਾ ਹੋਇਆ ਸੀ ਉਸਦੀ ਤੀਂਵੀ ਨੇ ਆਟੋ ਵਾਲੇ ਤੇ ਉੱਥੇ ਖੜ੍ਹੇ ਇੱਕ ਹੋਰ ਬੰਦੇ ਦੀ ਮੱਦਦ ਨਾਲ ਆਪਣੇ ਆਦਮੀ ਨੂੰ ਆਟੋ ਵਿਚੋਂ ਉਤਾਰ ਕੇ ਉੱਥੇ ਪਏ ਸਟਰੈਚਰ ਤੇ ਬਿੱਠਾ ਦਿੱਤਾ ਇਸ ਤੋਂ ਬਾਅਦ ਉਹ ਵਰਦ੍ਹੇ ਮੀਂਹ ਵੱਲ ਦੇਖਣ ਲੱਗੀ ਫਿਰ ਉਸਨੇ ਆਪਣਾ ਪਜਾਮਾ ਪਿੰਨੀਆਂ ਤੋਂ ਉੱਪਰ ਤੱਕ ਚੁੱਕ ਕੇ ਟੰਗਦਿਆਂ ਪੌਲੀਥੀਨ ਦੇ ਥੈਲੇ ਦੀ ਝੂੰਮੀ ਜਿਹੀ ਬਣਾਕੇ ਸਿਰ ਤੇ ਲੈ ਲਈ ਫਿਰ ਆਪਣੇ ਆਦਮੀ ਨੂੰ ਕੁੱਝ ਕਹਿ ਕੇ ਵਰਦ੍ਹੇ ਮੀਂਹ 'ਚ ਹੀ ਹਸਪਤਾਲ ਦੀ ਪੁਰਾਣੀ ਬਿਲਡਿੰਗ ਦੇ ਗੇਟ ਵੱਲ ਨੂੰ ਚਲੀ ਗਈ। ਰੰਗ ਤਾਂ ਇਹਨਾਂ ਦੋਹਾਂ ਦਾ ਹੀ ਪੱਕਾ ਸੀ ਪਰ ਜਨਾਨੀ ਦਾ ਰੰਗ ਕੁੱਝ ਜ਼ਿਆਦਾ ਹੀ ਪੱਕਾ ਸੀ। ਮੱਧਰਾ ਕੱਦ ਮੋਟੇ ਮੋਟੇ ਨੈਣ ਨਕਸ਼ ਤੇ ਦੇਖਣ ਨੂੰ ਉਹ ਹੱਟੀ ਕੱਟੀ ਲੱਗਦੀ ਸੀ ਉਹਨਾਂ ਦੇ ਪਹਿਰਾਵੇ ਤੋਂ ਪੇਂਡੂ ਪਿਛੋਕੜ ਤੇ ਘੋਰ ਗਰੀਬੀ ਦਾ ਪ੍ਰਛਾਵਾਂ ਸਾਫ਼ ਦਿਖਾਈ ਦੇ ਰਿਹਾ ਸੀ।
ਮੀਂਹ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ ਮੈਂ ਉਸ ਬੰਦੇ ਕੋਲ ਗਿਆ ਤੇ ਸਰਸਰੀ ਹੀ ਪੁੱਛ ਬੈਠਾ, ਬਾਬਾ ਜੀ ਲੱਤ ਠੀਕ ਹੋ ਗਈ ਤਾਂ ਅੱਗੋਂ ਉਹ ਬੋਲਿਆ, ਪੁੱਤਰ ਲੱਤ ਤਾਂ ਠੀਕ ਹੋ ਹੀ ਜਾਣੀ ਸੀ ਇੱਕ ਨਹੀਂ ਤਾਂ ਹੋਰ ਦੋ ਮਹੀਨਿਆਂ 'ਚ ਹੋ ਜਾਂਦੀ ਪਰ ਹੁਣ ਤਾਂ ਡਾਕਟਰਾਂ ਨੇ ਹੋਰ ਹੀ ਸਿਆਪਾ ਖੜ੍ਹਾ ਕਰ ਦਿੱਤਾ ਹੈ ਕਹਿੰਦੇ ਨੇ ਕਿ ਫ਼ੇਫ਼ੜੇ ਖ਼ਰਾਬ ਹੋ ਗਏ ਨੇ। ਇਸ ਲਈ ਡਾਕਟਰ ਸਾਹਿਬ ਨੇ ਅੱਜ ਬੁਲਾਇਆ ਹੈ। ਥੋੜ੍ਹੀ ਦੇਰ ਇਸੇ ਤਰ੍ਹਾਂ ਗੱਲਾਂਬਾਤਾਂ ਚੱਲਦੀਆਂ ਰਹੀਆਂ ਫਿਰ ਉਸ ਨੇ ਆਪ ਮੁਹਾਰੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਉਹ ਦੱਸ ਰਿਹਾ ਸੀ,
ਪੁੱਤਰ, ਮੈਂ ਝਿਊਰਾਂ ਦੇ ਘਰ ਜਨਮ ਲੈ ਬੈਠਾ, ਮਸਾਂ ਨੌ ਦਸ ਸਾਲਾਂ ਦਾ ਹੋਇਆ ਹੋਵਾਂਗਾ ਜਦ ਆਪਣੀ ਮਾਂ ਨਾਲ ਦਾਣਿਆਂ ਦੀ ਭੱਠੀ ਅੱਗੇ ਝੋਕਾ ਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਮਾਂ ਸੰਤਾਲੀ ਅਠਤਾਲੀ ਕੁ ਵਰ੍ਹਿਆਂ ਦੇ ਨੇੜੇ ਢੁੱਕੀ ਤਾਂ ਉਸਦੇ ਫ਼ੇਫੜੇ ਖ਼ਰਾਬ ਹੋ ਗਏ। ਕਿਸੇ ਚੰਗੇ ਹਸਪਤਾਲ 'ਚ ਇਲਾਜ ਕਰਵਾਉਣ ਜੋਗੇ ਪੈਸੇ ਸਾਡੇ ਕੋਲ ਹੈ ਨਹੀਂ ਸਨ ਫਿਰ ਉਸਨੇ ਮੰਜੀ ਮੱਲ ਲਈ ਤੇ ਘਰ ਦਾ ਕੰਮ ਕਾਰ ਬੰਦ ਹੋ ਗਿਆ ਉਸ ਵੇਲੇ ਬਹੁਤ ਹੀ ਸਧਾਰਣ ਤਰੀਕੇ ਨਾਲ ਮੇਰਾ ਵਿਆਹ ਕਰ ਦਿੱਤਾ ਗਿਆ। ਨਾ ਕਿਸੇ ਕੋਈ ਗੀਤ ਗਾਇਆ ਤੇ ਨਾ ਹੀ ਬੈਂਡ ਬਾਜੇ ਵਾਲਿਆਂ ਨੂੰ ਬੁਲਾਇਆ ਵਿਆਹ ਕਾਹਦਾ ਸੀ ਬੱਸ ਰੋਟੀ ਦਾ ਜੁਗਾੜ ਹੀ ਸੀ। ਖ਼ੈਰ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਅਸੀਂ ਦੋਵੇਂ ਜਣੇ ਮਾਂ ਦੀ ਦੇਖਭਾਲ 'ਚ ਰੁੱਝ ਗਏ।
ਵਿਆਹ ਤੋਂ ਦੋ ਕੁ ਮਹੀਨੇ ਬਾਅਦ ਇੱਕ ਵਾਰ ਫਿਰ ਮਾਂ ਨੂੰ ਹਸਪਤਾਲ ਦਾਖਲ ਕਰਾਉਣ ਬਾਰੇ ਸੋਚਿਆ ਮੈਂ ਪਿੰਡ 'ਚ ਕਈ ਘਰੀਂ ਜਾਕੇ ਤਰਲੇ ਕੀਤੇ ਪਰ ਪਿੰਡ ਵਿਚੋਂ ਕੋਈ ਵੀ ਬੰਦਾ ਪੈਸੇ ਉਧਾਰ ਦੇਣ ਨੂੰ ਤਿਆਰ ਨਹੀਂ ਸੀ ਹੋਇਆ ਜਦਕਿ ਉਹ ਦੋਵੇਂ ਜਣੇ ਪਿੰਡ 'ਚ ਜਿਮੀਂਦਾਰਾਂ ਦੇ ਮੁੰਡਿਆਂ ਕੁੜੀਆਂ ਦੇ ਵਿਆਹਾਂ 'ਚ ਕਿੰਨੇ-ਕਿੰਨੇ ਦਿਨ ਉਹਨਾਂ ਦੇ ਘਰੀਂ ਰੋਟੀ ਪਾਣੀ ਦਾ ਸਾਰਾ ਕੰਮ ਕਰਦੇ ਰਹਿੰਦੇ ਸਨ। ਹੋਰ ਕੋਈ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ ਬਸ ਫਿਰ ਅਸੀਂ ਮਾਂ ਦੇ ਤੁਰ ਜਾਣ ਦਾ ਇੰਤਜਾਰ ਕਰਨ ਲੱਗੇ। ਮਾੜੀ ਮੋਟੀ ਦਵਾ ਦਾਰੂ ਪਿੰਡ ਦੇ ਹੀ ਇੱਕ ਹਕੀਮ ਤੋਂ ਲੈ ਲੈਂਦੇ ਜਿਸਦੇ ਬਦਲੇ ਮੈਂ ਉਹਨਾਂ ਦੇ ਘਰ ਥੋੜ੍ਹਾ ਬਹੁਤਾ ਕੰਮ ਕਰ ਆਉਂਦਾ। ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ ਆਖ਼ਰਕਾਰ ਵਿਆਹ ਤੋਂ ਦੋ ਕੁ ਸਾਲ ਬਾਅਦ ਮਾਂ ਪੂਰੀ ਹੋ ਗਈ ਮੈਂ ਬਹੁਤ ਤੰਗੀਆਂ ਤਰੁੱਸ਼ੀਆਂ ਨਾਲ ਝੂਜਦੇ ਹੋਏ ਨੇ ਉਹਦੀ ਅੰਤਿਮ ਅਰਦਾਸ ਤੇ ਹੋਰ ਛੋਟੀਆਂ ਮੋਟੀਆਂ ਧਾਰਮਿਕ ਰਸਮਾਂ ਪੂਰੀਆਂ ਕਰਵਾ ਦਿੱਤੀਆਂ।
ਮਾਂ ਦੇ ਪੂਰੀ ਹੋਣ ਤੋਂ ਵੀਹ ਕੁ ਦਿਨਾਂ ਬਾਅਦ ਮੇਰੀ ਜਨਾਨੀ ਨੇ ਭੱਠੀ ਲਾਉਣੀ ਸ਼ੁਰੂ ਕਰ ਦਿੱਤੀ ਤੇ ਮੈਂ ਫਿਰ ਝੋਕਾ ਲਾਉਣ ਦਾ ਕੰਮ ਸੰਭਾਲ ਲਿਆ। ਬਸ, ਵਕਤ ਇਸੇ ਤਰ੍ਹਾਂ ਲੰਘਦਾ ਗਿਆ ਪਤਾ ਹੀ ਨਾ ਲੱਗਿਆ ਤੀਹ ਪੈਂਤੀ ਵਰ੍ਹਿਆਂ ਦਾ ਸਮਾਂ ਕਿਸ ਤਰ੍ਹਾਂ ਗੁਜ਼ਰ ਗਿਆ। ਪੈਸੇ ਜਮ੍ਹਾਂ ਕਰਵਾਉਣ ਬਾਰੇ ਕਈ ਵਾਰ ਸੋਚਿਆ ਪਰ ਪੈਸੇ ਜਮ੍ਹਾਂ ਕਿਥੋਂ ਕਰਵਾਉਣੇ ਸਨ, ਰੋਟੀ ਪਾਣੀ ਹੀ ਤਾਂ ਚੱਲਦਾ ਸੀ ਮਸਾਂ। ਫਿਰ ਲੰਮਾ ਹਉਂਕਾ ਲੈ ਕੇ ਕਹਿਣ ਲੱਗਾ,
'' ਪੁੱਤਰ ਘਰ 'ਚ ਅਸੀਂ ਦੋਵੇਂ ਜੀਅ ਹਾਂ ਔਲਾਦ ਦਾ ਸੁੱਖ ਵੀ ਸਾਨੂੰ ਨਸੀਬ ਨਾ ਹੋਇਆ, ਵਿਆਹ ਤੋਂ ਬਾਅਦ ਇੱਕ ਮੁੰਡਾ ਪੈਦਾ ਹੋਇਆ ਸੀ ਜੋ ਛੇ ਕੁ ਮਹੀਨਿਆਂ ਬਾਅਦ ਹੀ ਰੱਬ ਨੇ ਵਾਪਿਸ ਲੈ ਲਿਆ ਜੇ ਉਹ ਜੀਊਂਦਾ ਹੁੰਦਾ ਤਾਂ ਅੱਜ ਤੇਰੇ ਵਰਗਾ ਹੋਣਾ ਸੀ ਉਸਨੇ, ਫਿਰ ਥੋੜ੍ਹਾ ਹੌਸਲਾ ਕਰਕੇ ਕਹਿਣ ਲੱਗਾ, ਚਲੋ ਦੇਖਦੇ ਹਾਂ ਰੱਬ ਕੀ-ਕੀ ਰੰਗ ਦਿਖਾਉਂਦਾ ਹੈ ਜੀਹਨੇ ਇਸ ਧਰਤੀ ਤੇ ਜਨਮ ਲਿਆ ਹੈ ਉਸਨੇ ਇੱਕ ਦਿਨ ਜਾਣਾ ਵੀ ਤਾਂ ਹੈ ਹੀ। ਇਸ ਤੋਂ ਵੱਧ ਤਾਂ ਹੋਰ ਕੁੱਝ ਨਹੀਂ ਹੋ ਸਕਦਾ''
😚
ਮੈਂ ਸਮਝ ਗਿਆ ਸਾਂ ਕਿ ਇਸ ਵਿਚਾਰੇ ਦੀ ਦਰਦ ਭਰੀ ਕਹਾਣੀ ਸੁਣਨ ਦੀ ਕਿਸੇ ਕੋਲ ਵਿਹਲ ਹੀ ਨਹੀਂ ਸੀ ਇਸ ਲਈ ਉਸਨੇ ਮੇਰੇ ਸਾਹਮਣੇ ਆਪਣੇ ਦਿਲ ਦਾ ਗੁਬਾਰ ਕੱਢਕੇ ਮਨ ਹਲਕਾ ਕਰ ਲਿਆ ਸੀ।ਇਹ ਸਾਰਾ ਕੁੱਝ ਸੁਣਨ ਤੋਂ ਬਾਅਦ ਮੇਰੇ 'ਚ ਉੱਥੇ ਹੋਰ ਖੜ੍ਹਾ ਰਹਿਣ ਦੀ ਹਿੰਮਤ ਨਾ ਰਹੀ ਫਿਰ ਮੈਂ ਉਸ ਬੰਦੇ ਨੂੰ ਝੂਠਾ ਜਿਹਾ ਦਿਲਾਸਾ ਦਿੰਦੇ ਹੋਏ ਨੇ ਕਿਹਾ, ਬਾਬਾ ਜੀ ਤੁਸੀਂ ਫ਼ਿਕਰ ਨਾ ਕਰੋ, ਪ੍ਰਮਾਤਮਾ ਸੱਭ ਠੀਕ ਹੀ ਕਰੇਗਾ, ਤੁਸੀਂ ਜਲਦੀ ਠੀਕ ਹੋ ਜਾਣਾ ਹੈ ਬੱਸ ਤੁਸੀਂ ਹੌਸਲਾ ਰੱਖਿਓ। ਇਸ ਤੋਂ ਬਾਅਦ ਮੈਂ ਉਸਨੂੰ ਸਤ ਸ੍ਰੀ ਅਕਾਲ ਕਹਿੰਦਾ ਹੋਇਆ ਨੇੜੇ ਹੀ ਉਸਦੇ ਪਿੱਛਲੇ ਪਾਸੇ ਜਾ ਖੜ੍ਹਾ ਹੋਇਆ।
ਭਾਵੇਂ ਮੈਂ ਉਸਦੇ ਪਿਛਲੇ ਪਾਸੇ ਜਾ ਖੜ੍ਹਾ ਹੋਇਆ ਸਾਂ ਪਰ ਨਜ਼ਰ ਮੇਰੀ ਉਸ 'ਚ ਹੀ ਸੀ। ਥੋੜੇ ਸਮੇਂ ਬਾਅਦ ਮੈਂ ਦੇਖਿਆ ਕਿ ਉਸ ਬੰਦੇ ਨੇ ਆਪਣੀ ਜੇਬ ਵਿਚੋਂ ਪੁਰਾਣਾ ਜਿਹਾ ਬਟੂਆ ਕੱਢਿਆ ਫਿਰ ਉਸ ਵਿਚੋਂ ਇੱਕ ਤਸਵੀਰ ਕੱਢੀ ਉਸਨੂੰ ਆਪਣੇ ਕੁੜਤੇ ਦੇ ਮੈਲੇ ਜਿਹੇ ਪੱਲੇ ਨਾਲ ਸਾਫ਼ ਕੀਤਾ ਤੇ ਹਸਰਤ ਭਰੀ ਨਜ਼ਰ ਨਾਲ ਵੇਖਣ ਲੱਗ ਪਿਆ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਤਸਵੀਰ ਨਾਲ ਗੱਲਾਂ ਕਰ ਰਿਹਾ ਹੋਵੇ। ਮੈਂ ਵੀ ਤਸਵੀਰ ਦੇਖ ਲਈ ਸੀ ਤਸਵੀਰ ਇੱਕ ਬਹੁਤ ਸੋਹਣੀ ਮੁਟਿਆਰ ਦੀ ਸੀ। ਇੰਨੇ 'ਚ ਦੂਰੋਂ ਹੀ ਉੱਚੀ-ਉੱਚੀ ਗੱਲਾਂ ਕਰਦੀ ਆ ਰਹੀ ਉਸਦੀ ਤੀਵੀਂ ਦੀ ਮੋਟੀ ਜਿਹੀ ਅਵਾਜ਼ ਸੁਣਾਈ ਦਿੱਤੀ ਜਿਸਨੂੰ ਸੁਣਦੇ ਸਾਰ ਹੀ ਉਸ ਬੰਦੇ ਨੇ ਤਸਵੀਰ ਨੂੰ ਬੜੀ ਫੁਰਤੀ ਨਾਲ ਆਪਣੇ ਬਟੂਏ 'ਚ ਪਾਕੇ ਬਟੂਆ ਮੁੜ ਆਪਣੀ ਜੇਬ੍ਹ 'ਚ ਪਾ ਲਿਆ। ਆਉਂਦੇ ਸਾਰ ਹੀ ਉਹਦੀ ਜਨਾਨੀ ਕਹਿਣ ਲੱਗੀ, ਚਲੋ ਜੀ ਡਾਕਟਰ ਸਾਹਿਬ ਬੈਠੇ ਹੀ ਨੇ ਉਹਨਾਂ ਨੇ ਜਲਦੀ ਬੁਲਾਇਆ ਹੈ।
ਉਸ ਬੰਦੇ ਦੀ ਕਹਾਣੀ ਸੁਣਕੇ ਮੈਂ ਥੋੜ੍ਹਾ ਉਦਾਸ ਜਿਹਾ ਹੋ ਗਿਆ ਸਾਂ ਪਰ ਜਦੋਂ ਥੋੜ੍ਹੀ ਦੇਰ ਬਾਅਦ ਮੈਂ ਉਸ ਬੰਦੇ ਵੱਲ ਨਜ਼ਰ ਘੁਮਾਈ ਤਾਂ ਦੇਖਿਆ ਕਿ ਉਹ ਬੰਦਾ ਪਹਿਲਾਂ ਨਾਲੋਂ ਖੁਸ਼ ਨਜ਼ਰ ਆ ਰਿਹਾ ਸੀ ਤੇ ਉਸਦੇ ਚਿਹਰੇ ਤੇ ਪਹਿਲਾਂ ਨਾਲੋਂ ਵੱਧ ਰੌਣਕ ਆ ਗਈ ਸੀ। ਮੇਰੇ ਦੇਖਦੇ ਹੀ ਦੇਖਦੇ ਉਸਦੀ ਘਰ ਵਾਲੀ ਸਟਰੈਚਰ ਨੂੰ ਧੱਕਦੀ ਹੋਈ ਹਸਪਤਾਲ ਦੇ ਅੰਦਰ ਵੱਲ ਨੂੰ ਚਲੇ ਗਈ।
ਮਨਜੀਤ ਸਿੰਘ ਭੱਟੀ
ਮੋਬਾ: ਨੰ: 9463049825
ਹਮੇਸ਼ਾ ਨਾ ਵਰਾਨ ਹੋਣੀ ਅੱਜ ਵਾਂਗ ਰਾਤ 'ਕਵਿਤਾਂਜ਼ਲੀ-ਡਾ ਅਮਰਜੀਤ ਟਾਂਡਾ'
NEXT STORY