ਦੁਨੀਆ ’ਚ ਜਿਸ ਸਰਕਾਰ ਦਾ ਸੂਰਜ ਅਸਤ ਨਹੀਂ ਹੁੰਦਾ ਸੀ, ਉਹ ਸ਼ਕਤੀਸ਼ਾਲੀ ਸਰਕਾਰ ਵੀ ਚੰਦਰਸ਼ੇਖਰ ਆਜ਼ਾਦ ਨੂੰ ਕਦੇ ਬੇੜੀਆ ’ਚ ਜਕੜ ਨਹੀਂ ਸਕੀ। ‘ਚੰਦਰਸ਼ੇਖਰ’ ਆਪਣੇ ਆਖਰੀ ਸਾਹ ਤੱਕ ਹਮੇਸ਼ਾ ‘ਆਜ਼ਾਦ’ ਹੀ ਰਹੇ। ਇਸ ਵੀਰ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੀ ਅਲੀਰਾਜਪੁਰਾ ਰਿਆਸਤ ਦੇ ਮਾਮਰਾ (ਹੁਣ ਚੰਦਰਸ਼ੇਖਰ ਆਜ਼ਾਦ ਨਗਰ) ਗ੍ਰਾਮ ’ਚ ਮਾਂ ਜਗਰਾਣੀ ਦੀ ਕੁੱਖੋਂ ਪਿਤਾ ਸੀਤਾਰਾਮ ਤਿਵਾੜੀ ਦੀ ਪੰਜਵੀਂ ਸੰਤਾਨ ਦੇ ਰੂਪ ’ਚ ਹੋਇਆ।
1919 ’ਚ ਹੋਏ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਨੇ ਦੇਸ਼ ਦੇ ਨੌਜਵਾਨਾਂ ’ਚ ਗੁੱਸਾ ਭਰ ਦਿੱਤਾ। ਚੰਦਰਸ਼ੇਖਰ ਉਸ ਸਮੇਂ ਪੜ੍ਹਾਈ ਕਰ ਰਹੇ ਸਨ। 14 ਸਾਲ ਦੀ ਉਮਰ ’ਚ ਇਨ੍ਹਾਂ ਨੂੰ ਸੰਸਕ੍ਰਿਤ ਪੜ੍ਹਣ ਲਈ ਕਾਸ਼ੀ ਭੇਜਿਆ ਗਿਆ, ਜਿਥੇ ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ਸ਼ੀਲ ਕ੍ਰਾਂਤੀਕਾਰੀ ਵੀਰਾਂ ਦੇ ਸੰਪਰਕ ’ਚ ਆਏ ਅਤੇ ਛੋਟੀ ਉਮਰ ’ਚ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਕੰਡਿਆਂ ਭਰੇ ਰਸਤੇ ’ਤੇ ਚਲ ਪਏ। ਉਨ੍ਹਾਂ ਨੇ ਅਸਹਿਯੋਗ ਅੰਦੋਲਨ ’ਚ ਪਹਿਲਾ ਧਰਨਾ ਦਿੱਤਾ, ਜਿਸ ਕਾਰਨ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੱਜ ਦੇ ਸਾਹਮਣੇ ਪੇਸ਼ ਕੀਤਾ।
ਜੱਜ ਨੇ ਜਦੋਂ ਬਾਲਕ ਚੰਦਰਸ਼ੇਖਰ ਤੋਂ ਇਨ੍ਹਾਂ ਦਾ ਨਾਂ, ਪਿਤਾ ਦਾ ਨਾਂ ਅਤੇ ਪਤਾ ਪੁੱਛਿਆ ਤਾਂ ਨਿਡਰ ਚੰਦਰਸ਼ੇਖਰ ਨੇ ਆਪਣਾ ਨਾਂ ਆਜ਼ਾਦ, ਪਿਤਾ ਦਾ ਨਾ ਸੁਤੰਤਰ ਅਤੇ ਨਿਵਾਸ ਬੰਦੀਗ੍ਰਹਿ ਦੱਸਿਆ। ਇਸ ਨਾਲ ਇਨ੍ਹਾਂ ਦਾ ਨਾਂ ਹਮੇਸ਼ਾ ਲਈ ਚੰਦਰ ਸ਼ੇਖਰ ਆਜ਼ਾਦ ਮਸ਼ਹੂਰ ਹੋ ਗਿਆ। ਮੈਜਿਸਟ੍ਰੇਟ ਗੁੱਸੇ ਨਾਲ ਲਾਲ ਹੋ ਗਿਆ ਅਤੇ ਇਨ੍ਹਾਂ ਨੂੰ 15 ਬੈਤਾਂ ਦੀ ਸਖ਼ਤ ਸਜ਼ਾ ਸੁਣਾਈ, ਜਿਸ ਨੂੰ ਇਸ ਨਿਡਰ ਬਾਲਕ ਨੇ ਹਰੇਕ ਬੈਂਤ ਦੇ ਸਰੀਰ ’ਤੇ ਪੈਣ ’ਤੇ ਭਾਰਤ ਮਾਤਾ ਕੀ ਜੈ ਦਾ ਨਾਅਰਾ ਲਗਾਇਆ।
ਇਸ ਘਟਨਾ ਨਾਲ ਹੋਰ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਮ ਪ੍ਰਸਾਦ ਬਿਸਮਿਲ, ਰਾਜਗੁਰੂ, ਸੁਖਦੇਵ ਨਾਲ ਇਨ੍ਹਾਂ ਦਾ ਸੰਪਰਕ ਹੋਇਆ ਅਤੇ ਆਜ਼ਾਦ ਪੂਰੀ ਤਰ੍ਹਾਂ ਨਾਲ ਕ੍ਰਾਂਤੀਕਾਰੀ ਸਰਗਰਮੀਆਂ ’ਚ ਸ਼ਾਮਲ ਹੋ ਗਏ। ਲਾਲਾ ਲਾਜਪਤਰਾਏ ਦੀ ਹੱਤਿਆ ਦਾ ਬਦਲਾ ਲੈਣ ਲਈ 17 ਦਸੰਬਰ, 1928 ਨੂੰ ਆਜ਼ਾਦ, ਭਗਤ ਸਿੰਘ ਅਤੇ ਰਾਜਗੁਰੂ ਨੇ ਪੁਲਸ ਮੁਖੀ ਲਾਹੌਰ, ਸਾਂਡਰਸ ਦੀ ਹੱਤਿਆ ਕਰ ਦਿੱਤੀ।
ਕ੍ਰਾਂਤੀਕਾਰੀਆਂ ਨੂੰ ਦੇਸ਼ ਆਜ਼ਾਦ ਕਰਾਉਣ ਲਈ ਹਥਿਆਰ ਖਰੀਦਣ ਲਈ ਧਨ ਦੀ ਕਮੀ ਮਹਿਸੂਸ ਹੋਣ ਲੱਗੀ ਤਾਂ ਸਾਰਿਆਂ ਨੇ ਇਕ ਮਤ ਹੋ ਕੇ ਸਰਕਾਰੀ ਖਜ਼ਾਨਾ ਲੁੱਟਣ ਦੀ ਯੋਜਨਾ ਬਣਾਈ। 9 ਅਗਸਤ, 1925 ਨੂੰ ਕੋਲਕਾਤਾ ਮੇਲ ਨੂੰ ਰਾਮ ਪ੍ਰਸਾਦ ਬਿਸਮਿਲ ਅਤੇ ਚੰਦਰਸ਼ੇਖਰ ਦੀ ਅਗਵਾਈ ’ਚ ਲੁੱਟਣ ਦੀ ਯੋਜਨਾ ਬਣੀ, ਜਿਸ ਨੂੰ ਇਨ੍ਹਾਂ ਨੇ ਆਪਣੇ 8 ਸਾਥੀਆਂ ਦੀ ਸਹਾਇਤਾ ਨਾਲ ਕਾਕੋਰੀ ਸਟੇਸ਼ਨ ਕੋਲ ਬਹੁਤ ਹੀ ਚੰਗੇ ਢੰਗ ਨਾਲ ਪੂਰਾ ਕੀਤਾ। ਇਸ ਘਟਨਾ ਨਾਲ ਬ੍ਰਿਟਿਸ਼ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਅਤੇ ਉਸ ਨੇ ਛਾਪੇਮਾਰੀ ਕਰ ਕੇ ਕੁਝ ਕ੍ਰਾਂਤੀਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੇ ਪੁਲਸ ਦੇ ਟਾਰਚਰ ਕਾਰਨ ਆਪਣੇ ਸਾਥੀਆਂ ਦੇ ਟਿਕਾਣੇ ਦੱਸ ਦਿੱਤੇ। ਬ੍ਰਿਟਿਸ਼ ਪੁਲਸ ਨੇ ਕਈ ਕ੍ਰਾਂਤੀਕਾਰੀਆਂ ਨੂੰ ਫੜ ਲਿਆ ਪਰ ਆਜ਼ਾਦ ਪਕੜ ’ਚ ਨਹੀਂ ਆ ਸਕੇ।
27 ਫਰਵਰੀ 1931 ਦੇ ਦਿਨ ਆਜ਼ਾਦ ਆਪਣੇ ਇਕ ਸਾਥੀ ਨਾਲ ਇਲਾਹਾਬਾਦ ਦੇ ਅਲਫ੍ਰੇਡ ਪਾਰਕ ’ਚ ਬੈਠੇ ਅਗਲੀ ਰਣਨੀਤੀ ’ਤੇ ਵਿਚਾਰ ਕਰ ਰਹੇ ਸੀ ਕਿ ਪੈਸਿਆਂ ਦੇ ਲਾਲਚ ’ਚ ਕਿਸੇ ਦੇਸ਼ਦ੍ਰੋਹੀ ਮੁਖ਼ਬਰ ਨੇ ਪੁਲਸ ਨੂੰ ਖ਼ਬਰ ਕਰ ਦਿੱਤੀ। 20 ਮਿੰਟ ਤੱਕ ਭਾਰਤ ਮਾਤਾ ਦੇ ਇਸ ਸ਼ੇਰ ਨੇ ਪੁਲਸ ਦਾ ਮੁਕਾਬਲਾ ਕੀਤਾ ਅਤੇ ਕਈਆਂ ਨੂੰ ਢੇਰ ਕਰ ਦਿੱਤਾ। ਮੁਕਾਬਲੇ ’ਚ ਚੰਦਰ ਸ਼ੇਖਰ ਦੇ ਸਰੀਰ ’ਚ ਵੀ ਕਈ ਗੋਲੀਆਂ ਲਗ ਗਈਆਂ। ਜ਼ਖ਼ਮੀ ਚੰਦਰ ਸ਼ੇਖਰ ਕੋਲ ਜਦੋਂ ਆਖਿਰੀ ਗੋਲੀ ਰਹਿ ਗਈ ਤਾਂ ਉਨ੍ਹਾਂ ਨੇ ਉਸ ਨੂੰ ਕਨਪਟੀ ’ਤੇ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਤੇ ਦੇਸ਼ ਲਈ ਕੁਰਬਾਨ ਹੋ ਗਏ। ਇਨ੍ਹਾਂ ਦਾ ਪੁਲਸ ’ਚ ਇੰਨਾ ਖੌਫ ਸੀ ਕਿ ਸ਼ਹੀਦ ਹੋਣ ਤੋਂ ਕਾਫੀ ਸਮੇਂ ਬਾਅਦ ਤੱਕ ਪੁਲਸ ਇਨ੍ਹਾਂ ਦੇ ਕੋਲ ਫਟਕ ਵੀ ਨਹੀਂ ਸਕੀ।
—ਸੁਰੇਸ਼ ਕੁਮਾਰ ਗੋਇਲ, ਬਟਾਲਾ।
ਜਾਣੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਬਾਣੀ ਦੇ ਪ੍ਰਮੁੱਖ ਸੰਕਲਪ, ਜਾਤ-ਪਾਤ ਤੇ ਪਖੰਡਵਾਦ ਦਾ ਕੀਤਾ ਖੰਡਨ
NEXT STORY