ਦੋ ਹਫ਼ਤਿਆਂ ਲਈ ਇੰਗਲੈਂਡ ਸਮੇਤ ਯੂਰਪ ਦੇ ਸੱਤ ਦੇਸ਼ਾਂ ਬੈਲਜ਼ੀਅਮ, ਆਸਟਰੀਆ, ਜਰਮਨੀ, ਇਟਲੀ, ਸਵਿਟਜ਼ਰਲੈਂਡ ਤੇ ਫਰਾਂਸ ਦੀ ਸੈਰ ਕਰਨ ਦਾ ਸਬੱਬ ਬਣਿਆ। ਦੁਨੀਆਂ ਦੇ ਵੱਖ-ਵੱਖ ਦੇਸ਼ ਤੇ ਭਾਈਚਾਰਿਆਂ ਦੇ ਅਸੀਂ 44 ਦੇ ਕਰੀਬ ਵੱਖ-ਵੱਖ ਉਮਰਾਂ ਦੇ ਮੁਸਾਫ਼ਰਾਂ ਨੇ ਇੰਗਲੈਂਡ ਲੰਡਨ ਵਿਚ ਇਕੱਠੇ ਹੋ ਕੇ ਇਕ ਪਰਿਵਾਰ ਵਾਂਗ ਟੂਰ ਗਾਈਡ ਦੀ ਮਦਦ ਨਾਲ ਯੂਰਪ ਦੀਆਂ ਇਤਿਹਾਸਕ ਤੇ ਦੇਖਣਯੋਗ ਥਾਵਾਂ ਦੀ ਸੈਰ ਕੀਤੀ। 15 ਦਿਨਾਂ ਵਿਚ ਅਸੀਂ ਚਾਰ ਹਜ਼ਾਰ ਮੀਲ ਦੇ ਕਰੀਬ ਸਫਰ ਰੇਲ, ਛੋਟੇ ਸਮੁੰਦਰੀ ਜਹਾਜ਼ਾਂ ਤੇ ਕੋਚ ਬੱਸ ਰਾਹੀਂ ਸੜਕੀ ਰਸਤੇ ਕੀਤਾ। ਬਹੁਤ ਸਾਰੇ ਵੱਡੇ ਇਤਿਹਾਸਕ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਨੂੰ ਵੀ ਦੇਖਿਆ ਕਿਉਂਕਿ ਸਾਡੇ ਸਾਰੇ ਹੋਟਲ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਦੇ ਨੇੜਲੇ ਛੋਟੇ ਸ਼ਹਿਰਾਂ ਵਿਚ ਸਨ। ਵੱਡੇ ਸਟੋਰਾਂ ਤੋਂ ਲੈ ਕੇ ਛੋਟੀਆਂ ਦੁਕਾਨਾਂ ਤੇ ਵੱਡੇ ਰੈਸਟੋਰੈਂਟਾਂ ਅਤੇ ਛੋਟੇ ਢਾਬਿਆਂ ਵਿਚ ਜਾਣ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਦਾ ਸਬੱਬ ਬਣਿਆ।
ਇਸ ਸੈਰ ਦੌਰਾਨ ਵੱਖ-ਵੱਖ ਹੋਰ ਚੀਜ਼ਾਂ ਦੇ ਨਾਲ-ਨਾਲ ਜਿਸ ਗੱਲ ਨੇ ਸਾਨੂੰ ਸਾਰਿਆਂ ਨੂੰ ਸੱਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਸੀ ਇਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਆਪਣੀ ਮਾਂ-ਬੋਲੀ ਸਥਾਨਕ ਭਾਸ਼ਾ ਤੇ ਰਾਜ ਭਾਸ਼ਾ ਨਾਲ ਪਿਆਰ ਤੇ ਉਸ ਦਾ ਸਤਿਕਾਰ। ਸਾਡੇ ਗਰੁੱਪ ਦੇ ਬਹੁਗਿਣਤੀ ਲੋਕਾਂ ਦੀ ਬੋਲਣ ਤੇ ਲਿਖਣ ਭਾਸ਼ਾ ਅੰਗਰੇਜ਼ੀ ਸੀ ਜਿਸ ਕਾਰਨ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਇਸ ਯੂਰਪ ਫੇਰੀ ਦੌਰਾਨ ਅਨਪੜ•ਹੀ ਸਮਝਿਆ। ਕਿਉਂਕਿ ਯੂਰਪ ਵਿਚ ਦਾਖਲ ਹੋਣ ਲਈ ਤੇਜ਼ ਯੂਰੋ ਸਟਾਰ ਟਰੇਨ ਦੇ ਲੰਡਨ ਦੇ ਰੇਲ ਸਟੇਸ਼ਨ 'ਤੇ ਹੀ ਅੰਗਰੇਜ਼ੀ ਦਾ ਖ਼ਾਤਮਾ ਕਰ ਦਿੱਤਾ ਗਿਆ ਸੀ ਤੇ ਸਾਰੇ ਦਿਸ਼ਾਂ-ਨਿਰਦੇਸ਼ ਤੇ ਸਾਇਨ ਯੂਰਪੀ ਭਾਸ਼ਾ ਵਿਚ ਲਿਖੇ ਹੋਏ ਸਨ। ਮੈਂ ਇੰਗਲੈਂਡ ਤੋਂ ਹਜ਼ਾਰਾਂ ਮੀਲ ਦੂਰ ਆਪਣੇ ਪੰਜਾਬ ਵਿਚ ਥਾਂ-ਥਾਂ ਪੰਜਾਬੀ ਦੀ ਥਾਂ ਅੰਗਰੇਜ਼ੀ, ਹਿੰਦੀ ਦੇ ਲੱਗੇ ਬੋਰਡਾਂ ਬਾਰੇ ਸੋਚ ਰਿਹਾ ਸਾਂ। ਮੈਨੂੰ ਅਜੇ ਇਸ ਭਾਸ਼ਾ ਨਾਲ ਪਿਆਰ ਦੇ ਹੈਰਾਨ ਕਰਨ ਵਾਲੇ ਤੱਥਾਂ ਦੇ ਦਰਸ਼ਨ ਹੋਣਗੇ। ਭਾਵੇਂ ਮੈਂ ਜਰਮਨ, ਡੱਚ ਤੇ ਫਰੈਂਚ ਲੋਕਾਂ ਦੇ ਆਪਣੀ ਮਾਂ ਬੋਲੀ ਨਾਲ ਪਿਆਰ ਬਾਰੇ ਪੜ੍ਹਿਆ ਹੋਇਆ ਸੀ ਪਰ ਇਸ ਸਫ਼ਰ ਦੌਰਾਨ ਲੋਕਾਂ ਦੇ ਆਪਣੀ ਮਾਂ-ਬੋਲੀ ਤੇ ਸਥਾਨਕ ਭਾਸ਼ਾ ਨਾਲ ਪਿਆਰ ਦੇ ਪ੍ਰਤੱਖ ਦਰਸ਼ਨ ਕਰਕੇ ਇਨ੍ਹਾਂ ਨੂੰ ਸਲਾਮ ਕਰਨ ਤੇ ਪਿੱਛੇ ਪੰਜਾਬੀਆਂ ਨੂੰ ਫਿਟਕਾਰ ਪਾਉਣ ਲਈ ਮਨ ਝੰਜੋੜਿਆ ਗਿਆ। ਸਾਰੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਵਿਚਰਦਿਆਂ ਕਿਸੇ ਵੀ ਮੋਟਰਵੇਅ ਜਾਂ ਸੜਕਾਂ 'ਤੇ ਅੰਗਰੇਜ਼ੀ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰ ਲਿਖੀ ਨਹੀਂ ਮਿਲੀ। ਇਥੋਂ ਤਕ ਕਿ ਟਰੱਕਾਂ, ਵੈਨਾਂ ਉੱਪਰ ਲਿਖੇ ਕੰਪਨੀਆਂ ਦੇ ਨਾਂ ਹੋਟਲਾਂ, ਰੈਸਟੋਰੈਂਟਾਂ ਦੇ ਖਾਣੇ ਬਾਰੇ ਜਾਣਕਾਰੀ ਵਾਲੇ ਮੈਨੂ ਇਤਿਹਾਸਕ ਤੇ ਦੇਖਣ ਵਾਲੀਆਂ ਥਾਵਾਂ ਬਾਰੇ ਜਾਣਕਾਰੀ, ਦਵਾਈਆਂ ਦੀਆਂ ਦੁਕਾਨਾਂ ਵਿਚ ਦਵਾਈਆਂ, ਸਟੋਰਾਂ ਮਾਰਕੀਟਾਂ ਵਿਚ ਵਿਕਦੇ ਖਾਣ ਪੀਣ ਤੇ ਹੋਰ ਤਰ੍ਹਾਂ ਦੇ ਸਾਮਾਨ ਅਤੇ ਚੀਜ਼ਾਂ ਉੱਪਰ ਸਾਰੀ ਜਾਣਕਾਰੀ ਡੱਚ, ਜਰਮਨ, ਇਟਾਲੀਅਨ ਤੇ ਫ਼ਰੈਂਚ ਆਦਿ ਸਥਾਨਕ ਭਾਸ਼ਾਵਾਂ ਵਿਚ ਲਿਖੀ ਹੋਈ ਮਿਲੀ। ਅੰਗਰੇਜ਼ੀ ਦੀ ਤਲਾਸ਼ ਵਿਚ ਸਾਡੀਆਂ ਨਜ਼ਰਾਂ ਭਟਕਦੀਆਂ ਰਹੀਆਂ। ਖਰੀਦਦਾਰੀ ਕਰਦਿਆਂ ਐਪਲ ਦੇ ਸਮਾਰਟ ਫ਼ੋਨ ਨੇ ਦੋਭਾਸ਼ੀਏ ਦਾ ਰੋਲ ਨਿਭਾਅ ਕੇ ਸਾਡੀ ਸਾਰਿਆਂ ਦੀ ਵੱਡੀ ਮਦਦ ਕੀਤੀ। ਇਨ੍ਹਾਂ ਦੇਸ਼ਾਂ ਦੇ ਬਹੁਗਿਣਤੀ ਲੋਕਾਂ ਨੂੰ ਅੰਗਰੇਜ਼ੀ ਪੜ੍ਹਨੀ, ਲਿਖਣੀ ਤੇ ਖਾਸ ਕਰਕੇ ਬੋਲਣੀ ਨਹੀਂ ਆਉਂਦੀ। ਜੇ ਆਉਂਦੀ ਵੀ ਹੈ ਤਾਂ ਉਹ ਅੰਗਰੇਜ਼ੀ ਦੀ ਥਾਂ ਆਪਣੀ ਮਾਂ-ਬੋਲੀ ਤੇ ਸਥਾਨਕ ਭਾਸ਼ਾ ਨੂੰ ਪਹਿਲ ਦਿੰਦੇ ਹਨ। ਮੇਰੇ ਪੁੱਛਣ 'ਤੇ ਇਕ ਸਟੋਰ ਮੈਨੇਜਰ ਨੇ ਇਸ ਬਾਰੇ ਦੱਸਿਆ ਕਿ ਜੇਕਰ ਕੋਈ ਸਥਾਨਕ ਵਿਅਕਤੀ ਆਪਣੇ ਇਲਾਕੇ ਜਾਂ ਭਾਈਚਾਰੇ ਦੇ ਕਿਸੇ ਹੋਰ ਵਿਅਕਤੀ ਨਾਲ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਦੂਜੀ ਭਾਸ਼ਾ ਵਿਚ ਗੱਲਬਾਤ ਕਰਕੇ ਤਾਂ ਇਸ ਨੂੰ ਗਾਲ ਕੱਢਣ ਦੇ ਬਰਾਬਰ ਸਮਝਿਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਦਾ ਸਾਰਾ ਸਰਕਾਰੀ ਤੇ ਗ਼ੈਰ ਸਰਕਾਰੀ ਕੰਮਕਾਰ, ਸਿੱਖਿਆ ਤੇ ਨਿਆਂ ਪ੍ਰਣਾਲੀਆਂ ਦੀ ਸਭ ਸਥਾਨਕ ਡੱਚ, ਫਰੈਂਚ, ਇਟਾਲੀਅਨ ਤੇ ਜਰਮਨ ਭਾਸ਼ਾਵਾਂÎ ਵਿਚ ਹੀ ਹੁੰਦਾ ਹੈ। ਇਨ੍ਹਾਂ ਦੇਸ਼ਾਂ ਵਿਚ ਮੁੱਖ ਇਤਿਹਾਸਕ ਸਮਾਰਕਾਂ ਅਤੇ ਵੇਖਣਯੋਗ ਥਾਵਾਂ ਜਿੱਥੇ ਬਾਹਰਲੇ ਦੇਸ਼ਾਂ ਤੋਂ ਅੰਗਰੇਜ਼ੀ ਬੋਲਣ ਵਾਲੇ ਸੈਲਾਨੀ ਵੱਡੀ ਗਿਣਤੀ ਵਿਚ ਆਉਂਦੇ ਹਨ ਉੱਪਰ ਵੀ ਬਹੁਤ ਹੀ ਘੱਟ ਜਾਣਕਾਰੀ ਅੰਗਰੇਜ਼ੀ ਵਿਚ ਲਿਖੀ ਮਿਲਦੀ ਹੈ। ਇਕ ਹੋਰ ਗੱਲ ਕਿ ਮਾਂ-ਬੋਲੀ ਤੇ ਸਥਾਨਕ ਭਾਸ਼ਾ ਨਾਲ ਮੋਹ ਤੇ ਸਤਿਕਾਰ ਦੀ ਭਾਵਨਾ ਸਮਾਜ ਦੇ ਹਰ ਦਰਜੇ ਦੇ ਪੇਂਡੂ ਅਤੇ ਸ਼ਹਿਰੀ ਲੋਕਾਂ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਇਕ ਬਰਾਬਰ ਹੀ ਸੀ। ਹਰ ਥਾਂ ਮੇਰੇ ਦਸਤਾਰਧਾਰੀ ਹੋਣ ਦੇ ਬਾਵਜੂਦ ਵੀ ਹਰ ਇਕ ਵਿਅਕਤੀ ਕਿਸੇ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਆਦਿ ਵਿਚ ਗੱਲ ਕਰਨ ਦੀ ਬਜਾਇ ਆਪਣੀ ਸਥਾਨਕ ਭਾਸ਼ਾ ਵਿਚ ਹੀ ਗੱਲਬਾਤ ਕਰਦਾ ਸੀ ਤੇ ਅਸੀਂ ਸਮਾਰਟ ਫ਼ੋਨ ਰਾਹੀਂ ਇਸ਼ਾਰਿਆਂ ਨਾਲ ਆਪਣਾ ਬੁੱਤਾ ਸਾਰ ਲੈਂਦੇ ਸੀ। ਜੇਕਰ ਕਿਸੇ ਮੋਹਰਲੇ ਵਿਅਕਤੀ ਨੂੰ ਟੁੱਟੀ-ਫੁੱਟੀ ਅੰਗਰੇਜ਼ੀ ਆਉਂਦੀ ਸੀ ਤਾਂ ਵੀ ਸਾਡਾ ਕੰਮ ਚਲ ਜਾਂਦਾ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੇਸ਼ਾਂ ਦੀ ਹਰ ਖੇਤਰ ਵਿਚ ਬੇਮਿਸਾਲ ਤਰੱਕੀ ਅਤੇ ਲੋਕਾਂ ਦੇ ਸੁਖਾਲੇ ਜੀਵਨ ਦੇ ਆਧਾਰ ਵਿਚ ਅੰਗਰੇਜ਼ੀ ਭਾਸ਼ਾ ਜਿਸ ਨੂੰ ਸਾਡੇ ਦੇਸ਼ ਦੇ ਲੋਕ ਆਪਣੀਆਂ ਸਥਾਨਕ ਭਾਸ਼ਾਵਾਂ ਤੋਂ ਵਧ ਐਨੀ ਜ਼ਿਆਦਾ ਤਰਜ਼ੀਹ ਦੇ ਰਹੇ ਹਨ ਦਾ ਕੀ ਹਿੱਸਾ ਜਾਂ ਰੋਲ ਹੈ, ਸਾਡੇ ਸਾਰਿਆਂ (ਪੰਜਾਬੀਆਂ) ਲਈ ਸੋਚਣ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਆਪਣੇ ਇਤਿਹਾਸ, ਧਰਮ ਤੇ ਸੱਭਿਆਚਾਰ ਨਾਲ ਸੰਬੰਧਿਤ ਪੁਰਾਣੀਆਂ ਇਮਾਰਤਾਂ ਤੇ ਪਿੰਡਾਂ ਨੂੰ ਉਵੇਂ ਹੀ ਸਾਂਭ ਕੇ ਰੱਖਿਆ ਹੋਇਆ ਹੈ ਤੇ ਯੂਨੈਸਕੋ ਵਲੋਂ ਵੀ ਇਨ੍ਹਾਂ ਥਾਵਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਯੂਰਪ ਦੇ ਸਾਰੇ ਦੇਸ਼ਾਂ ਵਿਚ ਘੁੰਮਦਿਆਂ ਸਮੇਂ ਇਥੋਂ ਦੇ ਲੋਕਾਂ ਅਤੇ ਸਰਕਾਰਾਂ ਦਾ ਬੋਲੀ ਪ੍ਰਤੀ ਮੋਹ ਤੇ ਸਤਿਕਾਰ ਦਾ ਰਿਸ਼ਤਾ ਸਾਡੇ ਸਾਰਿਆਂ ਲਈ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ ਖਾਸ ਕਰਕੇ ਅਮਰੀਕਨਾਂ ਲਈ ਜਿਹੜੇ ਅੰਗਰੇਜ਼ੀ ਦੀ ਅਣਹੋਂਦ ਕਾਰਨ ਸੰਸਾਰ ਦੇ ਠਾਣੇਦਾਰ ਹੋਣ ਦਾ ਰੋਹਬ ਰੱਖਦੇ ਹੋਏ ਜ਼ਿਆਦਾ ਗੁੱਸਾ ਮਹਿਸੂਸ ਕਰਦੇ ਸਨ। ਮੈਨੂੰ ਵੀ ਪਿੱਛੇ ਦੇਸ਼ ਪੰਜਾਬ ਵਿਚ ਸਰਕਾਰਾਂ ਤੇ ਪੰਜਾਬੀਆਂ ਵੱਲੋਂ ਵਿਸਾਰੀ ਜਾ ਰਹੀ ਮਾਂ-ਬੋਲੀ ਪੰਜਾਬੀ ਦੀ ਚਿੰਤਾ ਸਤਾਉਂਦੀ ਰਹੀ ਪਰ ਨਾਲ ਦੀ ਨਾਲ ਪੰਡਿਤ ਰਾਓ, ਲੱਖਾ ਸਿਧਾਣਾ ਤੇ ਹੋਰ ਵੱਖ-ਵੱਖ ਪੰਜਾਬੀ ਹਿਤੈਸ਼ੀ ਸੰਸਥਾਵਾਂ ਤੇ ਸ਼ੋਸ਼ਲ ਮੀਡੀਏ ਰਾਹੀਂ ਨੌਜਵਾਨਾਂ ਤੇ ਪੰਜਾਬੀਆਂ ਵਿਚ ਆ ਰਹੀ ਮਾਂ-ਬੋਲੀ ਪ੍ਰਤੀ ਜਾਗਰਤੀ ਕੁਝ ਹੌਂਸਲਾ ਦਿੰਦੀ ਰਹੀ।
ਸੋ ਆਓ ਪੰਜਾਬੀਓ 110 ਦੇਸ਼ਾਂ ਵਿਚ ਬੋਲੀ ਜਾਂਦੀ, ਕੈਨੇਡਾ ਤੇ ਇੰਗਲੈਂਡ ਵਿਚ ਦੂਜਾ ਸਥਾਨ, ਆਸਟਰੇਲੀਆ ਵਿਚ ਤੀਜਾ ਸਥਾਨ ਅਤੇ ਦੁਨੀਆਂ ਦੀਆਂ ਸੱਤ ਹਜ਼ਾਰ ਭਾਸ਼ਾਵਾਂ ਵਿਚੋਂ ਦੱਸਵੀਂ ਸਥਾਨ ਰੱਖਦੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਦਿਲੋਂ ਪਿਆਰ ਕਰੀਏ। ਜਿੰਨੀਆਂ ਮਰਜ਼ੀ ਹੋਰ ਭਾਸ਼ਾਵਾਂ ਸਿੱਖੀਏ ਪਰ ਮਾਂ-ਬੋਲੀ ਪੰਜਾਬੀ ਨੂੰ ਆਪਣੇ ਜੀਵਨ ਤੇ ਪੰਜਾਬ ਰਾਜ ਵਿਚ ਪਹਿਲ ਦੇਈਏ ਤੇ ਸਰਕਾਰਾਂ ਨੂੰ ਵੀ ਸਰਕਾਰੇ ਦਰਬਾਰੇ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਮਜ਼ਬੂਰ ਕਰੀਏ। ਇਸ ਤਰ੍ਹਾਂ ਕਰਕੇ ਹੀ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਆਪਣੇ ਧਰਮ, ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਵਿਚ ਸਫਲ ਹੋ ਸਕਾਂਗੇ।
ਇੰਦਰਜੀਤ ਸਿੰਘ ਉਮਰਪੁਰੀ
ਪਾਰਲਿਨ, ਨਿਊਜਰਸੀ, ਅਮਰੀਕਾ।
9084723271
ਸਜਦਾ ਸ਼ਹੀਦਾਂ ਨੂੰ
NEXT STORY