ਅਮਨ ਬਹੁਤੀ ਸੁਨੱਖੀ ਜਾਂ ਫੈਸ਼ਨਪ੍ਰਸਤ ਤਾਂ ਨਹੀਂ ਸੀ ਪਰ ਉੱਚੇ ਕਿਰਦਾਰ ਵਾਲੀ ਅਤੇ ਖਾਨਦਾਨੀ ਪਰਿਵਾਰ ਦੀ ਸਲੀਕੇ ਵਾਲੀ ਇਕ ਸੱਭਿਅਕ ਧੀ ਜ਼ਰੂਰ ਸੀ। ਮਾਪਿਆਂ ਉਸ ਨੂੰ ਚੰਗੇ ਸੰਸਕਾਰ ਦਿੱਤੇ। ਉਹ ਜਦ ਵੀ ਘਰੋਂ ਬਾਹਰ ਨਿਕਲਦੀ ਤਾਂ ਹਮੇਸ਼ਾ ਹੀ ਸਿਰ 'ਤੇ ਚੁੰਨੀ ਲੈ ਕੇ ਰੱਖਦੀ। ਪੰਜਾਬੀ ਸੂਟ ਪਾਉਂਦੀ। ਛੋਟਿਆਂ ਨਾਲ ਤੇਹ ਅਤੇ ਵੱਡਿਆਂ ਨੂੰ ਸਤਿਕਾਰ ਦਿੰਦੀ। ਉਸ ਦੇ ਚੰਗੇ ਵਿਵਹਾਰ ਅਤੇ ਸਲੀਕੇ ਦੀ ਸਾਰਾ ਪਿੰਡ ਹੀ ਦਾਦ ਦਿੰਦਾ। ਪਿੰਡ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਵਾਤਾਵਰਣ ਹਿੱਤ ਕੀਤੇ ਜਾਂਦੇ ਕਾਰਜਾਂ ਵਿੱਚ ਅਕਸਰ ਹਿੱਸਾ ਲੈਂਦੀ। ਉਹ ਦੂਜੀਆਂ ਕੁੜੀਆਂ ਵਾਂਗ ਕਦੇ ਵੀ ਔਡ ਫੈਸ਼ਨ ਨਾ ਕਰਦੀ। ਬਿਲਕੁਲ ਸਾਦਾ ਪਹਿਰਾਵਾ ਅਤੇ ਜੀਵਨ ਜਿਉਂਦੀ।
ਉਸ ਦੇ ਰਿਸ਼ਤੇ ਦੀ ਕੈਨੇਡਾ ਤੋਂ ਆਏ ਇਕ ਮੁੰਡੇ ਬਾਬਤ ਗੱਲ ਤੁਰੀ। ਨਾਨਕੇ ਘਰ ਦੇਖਣ-ਦਿਖਾਣ ਹੋਇਆ। ਅਮਨ ਦੇ ਮਾਮੇ ਦੀ ਕੁੜੀ ਗੁਰਮਨ,ਉਸ ਤੋਂ ਵਧੇਰੇ ਸੁਨੱਖੀ ਅਤੇ ਫੈਸ਼ਨਪ੍ਰਸਤ ਸੀ। ਅਮਨ ਨੂੰ ਇਹ ਡਰ ਹੋਇਆ ਕਿ ਮੁੰਡਾ ਕਿੱਧਰੇ ਉਸ ਦੀ ਬਜਾਏ ਮਾਮੇ ਦੀ ਧੀ ਨੂੰ ਹੀ ਪਸੰਦ ਨਾ ਕਰ ਜਾਏ। ਮੁੰਡੇ ਵਾਲੇ ਆਏ ਤਾਂ ਅਮਨ ਉਹਨਾਂ ਪਾਸ ਅੰਦਰ ਜਾਣ ਤੋਂ ਝਿਜਕੇ। ਗੁਰਮਨ ਉਸ ਨੂੰ ਫੜ੍ਹ ਕੇ ਅੰਦਰ ਖਿੱਚ ਲੈ ਗਈ। ਮੁੰਡਾ ਅਮਨ ਵੱਲ ਥੋੜ੍ਹਾ ਪਰ ਚੋਰ ਅੱਖ ਨਾਲ ਗੁਰਮਨ ਵੱਲ ਬਹੁਤਾ ਦੇਖੇ। ਜਿਵੇਂ ਉਸ ਨੂੰ ਗੁਰਮਨ ਦੀ ਤਲਿਸਮੀ ਦਿੱਖ ਨੇ ਕੀਲ ਲਿਆ ਹੋਵੇ। ਉਹੀ ਗੱਲ ਹੋਈ ਜਿਸ ਦਾ ਅਮਨ ਨੂੰ ਡਰ ਸੀ। ਮੁੰਡਾ ਅਮਨ ਦੀ ਬਜਾਏ ਗੁਰਮਨ ਨੂੰ ਪਸੰਦ ਕਰ ਗਿਆ। ਅਮਨ ਦੀਆਂ ਅੱਖਾਂ ਵਿੱਚ ਹੰਜੂ ਛਲਕੇ। ਇਕ ਉਰਦੂ ਦਾ ਸ਼ਿਅਰ ਉਸ ਦੇ ਸੀਨੇ 'ਚੋਂ ਹਾਉਕਾ ਬਣ ਕੇ ਜ਼ੁਬਾਨ 'ਤੇ ਆ ਗਿਆ-
ਬਰਸੋਂ ਸਜਾਤੇ ਰਹੇ ਕਿਰਦਾਰ ਕੋ ਹਮ ਮਗ਼ਰ,
ਕੋਈ ਬਾਜ਼ੀ ਲੇ ਗਯਾ,ਸੂਰਤ ਸੰਵਾਰ ਕਰ।
ਈਸ਼ਰ ਕੌਰ ਚਾਨੀਆਂ
1947 ਹਿਜਰਤਨਾਮਾ - 76 : ਬਲਕਾਰ ਸਿੰਘ ਧੰਜੂ
NEXT STORY