ਜੇ ਅਸੀਂ ਉਨੀ ਸੌ ਪੰਜਾਹ-ਸੱਠ ਦੇ ਦਹਾਕਿਆਂ ਦੀ ਗੱਲ ਕਰੀਏ ਤਾਂ ਵਾਢੀਆਂ ਦੇ ਦਿਨਾਂ ਵਿੱਚ ਪਿੰਡਾਂ ਦਾ ਮਾਹੌਲ ਬੜਾ ਬਚਿੱਤਰ ਹੁੰਦਾ ਸੀ, ਵਿਸਾਖੀ ਆਉਣ ਤੇ ਖੁਸ਼ੀਆਂ ਮਨਾਉਦੇ ਕਿਸਾਨ ਜਦੋਂ ਆਪਣੀਆਂ ਪੱਕੀਆਂ ਫਸਲਾਂ ਨੂੰ ਦੇਖ ਕੇ ਝੂਮਦੇ ਤਾ ਉਨਾਂ ਨੂੰ ਛੇਤੀ ਤੋ ਛੇਤੀ ਕਣਕਾਂ ਨੂੰ ਕੱਟ ਕੇ, ਕੱਢ ਕੇ ਸੰਭਾਲਣ ਦੀ ਚਿੰਤਾ ਰਹਿੰਦੀ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਖਰਾਬ ਮੌਸਮ ਉਸ ਦੀ ਮਿਹਨਤ ਨੂੰ ਖਰਾਬ ਕਰ ਸਕਦੇ ਸੀ। ਕਿਉਂਕਿ ਵਾਢੀਆਂ ਵੀ ਦਾਤੀਆਂ ਰਾਹੀ ਹੱਥਾਂ ਨਾਲ ਹੀ ਹੁੰਦੀਆਂ ਸਨ, ਇਸ ਤਰ੍ਹਾਂ ਵਾਢੀਆਂ ਨੂੰ ਕਾਫੀ ਦਿਨ ਲੱਗ ਜਾਂਦੇ ਸਨ।
ਪਰ ਜਿਉਂ ਹੀ ਪਿੰਡਾਂ ਵਿੱਚ ਵਾਢੀਆਂ ਸ਼ੁਰੂ ਹੁੰਦੀਆਂ ਸਭ ਦੀਆਂ ਅੱਖਾਂ ਖੇਤਾਂ ਵੱਲ ਜਾਂ ਅਸਮਾਨ ਵੱਲ ਹੀ ਹੁੰਦੀਆਂ । ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰ ਅਤੇ ਉਨ੍ਹਾਂ ਦੇ ਬੱਚੇ ਖੇਤਾਂ ਵਿੱਚ ਹੀ ਨਜ਼ਰ ਆਉਂਦੇ। ਦਿਨ ਵੇਲੇ ਪਿੰਡ ਤਾ ਖਾਲੀ-ਖਾਲੀ ਜਿਹਾ ਹੀ ਨਜ਼ਰ ਆਉਦਾ, ਸਾਰੇ ਲੋਕ ਖੇਤਾਂ ਵਿੱਚ ਹੀ ਕਣਕਾਂ ਦੀ ਸੰਭਾਲ ਵਿੱਚ ਲੱਗੇ ਨਜ਼ਰ ਆਉਂਦੇ, ਕੋਈ ਕਣਕਾਂ ਵੱਡ ਰਿਹਾ ਹੁੰਦਾ, ਕੋਈ ਕਣਕਾਂ ਬੰਨ ਰਿਹਾ ਹੁੰਦਾ, ਕੋਈ ਬੱਲਾਂ ਇੱਕਠੀਆਂ ਕਰ ਰਿਹਾ ਹੁੰਦਾ ਅਤੇ ਔਰਤਾਂ ਰੋਟੀ ਅਤੇ ਚਾਹ ਦੇ ਆਹਾਰ ਵਿੱਚ ਲੱਗੀਆ ਹੁੰਦੀਆਂ। ਜਿਉਂ-ਜਿ“ ਕਣਕਾਂ ਵੱਢੀਆਂ ਜਾਂਦੀਆ ਤਾਂ ਉਨ੍ਹਾ ਵਿੱਚੋਂ ਦਾਣੇ ਕੱਢਣ ਲਈ ਕੱਟੀਆਂ ਫਸਲਾਂ ਨੂੰ ਖਿਲ੍ਹਾਰ ਕੇ ਗਾਹ ਲਈ ਤਿਆਰ ਕੀਤਾ ਜਾਂਦਾ। ਜਦੋਂ ਕਣਕਾਂ ਚੰਗੀ ਤਰ੍ਹਾਂ ਸੁੱਕ ਜਾਂਦੀਆਂ ਤਾਂ ਦੂਜਾ ਵੱਡਾ ਕੰਮ ਹੁੰਦਾ ਸੀ ਉਨ੍ਹਾ ਵਿੱਚੋਂ ਕਣਕ ਦੇ ਦਾਣੇ ਕੱਢਣਾ। ਉਨ੍ਹਾਂ ਦਿਨਾਂ ਵਿੱਚ ਅਜੇ ਮਸ਼ੀਨਾਂ ਨਹੀਂ ਸਨ ਆਈਆਂ ਤਾਂ ਦਾਣੇ ਕੱਢਣ ਲਈ ਬਲਦਾਂ ਦੀ ਮਦਦ ਨਾਲ ਗਾਹ ਪਾਏ ਜਾਂਦੇ ਸਨ। ਇਹ ਗਾਹ ਵੀ ਅਜੀਬ ਹੀ ਹੁੰਦੇ ਸਨ। ਬਲਦਾਂ ਦੀ ਜੋੜੀ ਨੂੰ ਵਾਰ-ਵਾਰ ਚੱਕਰ ਦੇ ਵਿੱਚ ਕਣਕਾਂ ਤੇ ਘੁੰਮਾਇਆ ਜਾਂਦਾ ਅਤੇ ਕਣਕਾਂ ਤੀਲਾ-ਤੀਲਾ ਹੋ ਕੇ ਤੂੜੀ ਦਾ ਰੂਪ ਬਣ ਜਾਂਦੀਆਂ। ਦਾਣੇ ਅਲੱਗ ਨਿਕਲ ਆਉਂਦੇ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਕਾਫੀ-ਕਾਫੀ ਸਮਾਂ ਲੱਗ ਜਾਂਦਾ ਅਤੇ ਇਸ ਕੰਮ ਲਈ ਕਿਸਾਨਾਂ-ਮਜ਼ਦੂਰਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਇੱਕ-ਇੱਕ ਦਾਣੇ ਦੀ ਸੰਭਾਲ ਪਰਿਵਾਰਾਂ ਲਈ ਕਾਫੀ ਮੁਸ਼ਕਿਲ ਮਿਹਨਤ ਦਾ ਕੰਮ ਹੁੰਦਾ।
ਪਿੰਡ ਦੇ ਬੱਚਿਆਂ ਲਈ ਗਾਹ ਚਲਾਉਣਾ ਬਹੁਤ ਹੀ ਖੁਸ਼ੀਆਂ ਭਰੇ ਪਲ ਹੁੰਦੇ ਸਨ। ਜਦੋਂ ਗਾਹ ਲਈ ਕਣਕ ਖਿਲ੍ਹਾਰੀ ਜਾਂਦੀ ਤਾਂ ਬੱਚੇ ਜਾਣਬੁੱਝ ਕੇ ਉਸ ਉੱਪਰ ਟੱਪਦੇ, ਲਿਟਦੇ ਅਤੇ ਇੱਕ ਦੂਜੇ ਨੂੰ ਧੱਕੇ ਮਾਰ ਕੇ ਉਸ ਉੱਪਰ ਸੁੱਟਦੇ ਕਿਉਂਕਿ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਕੋਈ ਰੋਕਦਾ ਨਹੀਂ ਸੀ। ਬੱਚਿਆਂ ਦੇ ਅਜਿਹਾ ਕਰਨ ਨਾਲ ਵੀ ਗਾਹ ਪੈਣ ਤੇ ਕਣਕ ਦੇ ਦਾਣੇ ਬਾਹਰ ਨਿਕਲ ਆਉਂਦੇ । ਇਸ ਤਰ੍ਹਾਂ ਬੱਚਿਆਂ ਲਈ ਤਾਂ ਇਹ ਮੁਫਤ ਦੀ ਖੇਡ ਹੀ ਮਿਲ ਜਾਂਦੀ ਸੀ। ਉਹ ਆਪਣੇ ਤੂੜੀ ਲੜਨ ਦੀ ਵੀ ਪ੍ਰਵਾਹ ਨਾ ਕਰਦੇ ਹੋਏ, ਗਾਹ ਦਾ ਪੂਰਾ ਅਨੰਦ ਲੈਦੇ ਇਸ ਤਰ੍ਹਾਂ ਗਾਹ ਪੈਣ ਤੇ ਬਲਦਾਂ ਵੱਲੋਂ ਚੰਗੀ ਤਰ੍ਹਾਂ ਕਣਕ ਦੀ ਤੂੜੀ ਬਣਾਏ ਜਾਣ ਤੋਂ ਬਾਅਦ ਕਿਸਾਨ ਦਾ ਕੰਮ ਹੁੰਦਾ ਕਿ ਗਾਹੀ ਗਈ ਕਣਕਾਂ ਦੇ ਲੰਮੇ ਢੇਰ ਲਗਾ ਕੇ ਜਿਨ੍ਹਾਂ ਨੂੰ ਬੋਹਲ ਕਿਹਾ ਜਾਂਦਾ। ਉਨ੍ਹਾਂ ਨੂੰ ਤੰਗਲੀ ਵਰਗੇ ਸੰਦਾਂ ਨਾਲ , ਉਡਾ-ਉਡਾ ਕੇ ਤੂੜੀ ਅਲੱਗ ਕਰਨਾ ਅਤੇ ਦਾਣੇ ਅਲੱਗ ਕਰਨਾ। ਪਰ ਇਸ ਲਈ ਕਿਸਾਨਾਂ-ਮਜ਼ਦੂਰਾਂ ਨੂੰ ਥੋੜੀ-ਥੋੜੀ ਹਵਾ ਚੱਲਣ ਦੀ ਲੋੜ ਹੁੰਦੀ ਕਈ ਵਾਰ ਹਵਾ ਨਾ ਚੱਲਣ ਦੇ ਕਾਰਨ ਉਨ੍ਹਾਂ ਨੂੰ ਹਵਾ ਦੇ ਆਉਣ ਦੀ ਉਡੀਕ ਕਰਨੀ ਪੈਂਦੀ। ਚੰਗੀ ਹਵਾ ਦੇ ਚੱਲਦਿਆਂ ਤੂੜੀ ਅਤੇ ਕਣਕ ਜਲਦੀ ਹੀ ਅਲੱਗ ਹੋ ਜਾਂਦੀ ਅਤੇ ਇਹ ਤੂੜੀ ਉਸ ਦੇ ਡੰਗਰਾਂ ਲਈ ਚਾਰਾ ਬਣਦਾ ਅਤੇ ਕਣਕ ਨੂੰ ਬੋਰੀਆਂ ਵਿੱਚ ਪਾ ਕੇ ਮੰਡੀ ਭੇਜਣ ਦੀ ਤਿਆਰੀ ਵਿੱਚ ਘਰ ਦੇ ਕੋਨੇ ਵਿੱਚ ਸੰਭਾਲਿਆ ਜਾਂਦਾ। ਇਹ ਕੰਮ ਪੂਰਾਂ ਹੋਣ ਤੇ ਕਿਸਾਨ ਨੂੰ ਸੁੱਖ ਦਾ ਸਾਹ ਆਉਂਦਾ।
ਪਰ ਅੱਜ ਕੱਲ ਇਹ ਗਾਹ ਤਾ ਬਹੁਤ ਸਮੇਂ ਤੋਂ ਖਤਮ ਹੀ ਹੋ ਗਏ ਹਨ ਕਿਉਂਕਿ ਫਿਰ ਭਾਵੇਂ ਕਣਕਾਂ ਹੱਥਾਂ ਨਾਲ ਹੀ ਕੱਟੀਆਂ ਜਾਂਦੀਆਂ ਪਰ ਕਣਕ ਕੱਢਣ ਲਈ ਡਰੰਮੀਆਂ (ਮਸ਼ੀਨਾਂ) ਆਉਣ ਦੇ ਨਾਲ ਸਾਰਾ ਕੰਮ ਆਸਾਨ ਹੋ ਗਿਆ ਸੀ। ਡਰੱਮੀਆਂ ਨਾਲ ਕਣਕ ਕੱਢਣ ਦਾ ਇੱਕ ਫਾਇਦਾ ਇਹ ਸੀ ਕਿ ਕੰਮ ਛੇਤੀ ਹੋ ਜਾਂਦਾ ਸੀ ਅਤੇ ਡੱਗਰਾਂ ਲਈ ਚਾਰੇ ਦੇ ਰੂਪ ਵਿੱਚ ਤੂੜੀ ਵੀ ਮਿਲ ਜਾਂਦੀ ਸੀ । ਪਰ ਸਮੇਂ ਦੇ ਨਾਲ-ਨਾਲ ਵਿਗਿਆਨ ਦੀ ਹੋਰ ਉੱਨਤੀ ਨਾਲ ਇਨ੍ਹਾਂ ਮਸ਼ੀਨਾਂ ਨੇ ਵੱਡੀਆਂ ਕੰਬਾਈਨਾਂ ਦਾ ਰੂਪ ਲੈ ਲਿਆ ਅਤੇ ਪਿੰਡਾਂ ਵਿੱਚ ਖੜੀਆਂ ਕਣਕਾਂ ਹੀ ਇਨ੍ਹਾਂ ਕੰਬਾਈਨਾਂ ਦੁਆਰਾ ਕੱਟੀਆਂ ਜਾਣ ਲੱਗੀਆਂ। ਇੱਕ-ਇੱਕ ਕੰਬਾਈਨ ਇੱਕ-ਇੱਕ ਦਿਨ ਵਿੱਚ ਕਈ-ਕਈ ਏਕੜ ਰਕਬੇ ਵਿੱਚ ਕਣਕ ਨੂੰ ਕੱਟ ਕੇ ਖੇਤਾਂ ਨੂੰ ਵੇਹਲਾ ਕਰਨ ਲੱਗੀ। ਕਣਕ ਦੀ ਕਟਾਈ ਅਤੇ ਕੱਢਾਈ ਨਾਲੋ-ਨਾਲ ਇਨ੍ਹਾਂ ਵੱਡੀਆਂ ਮਸ਼ੀਨਾਂ ਨਾਲ ਹੋਣ ਲੱਗੀ। ਕਿਸਾਨਾਂ ਨੂੰ ਸੁੱਖ ਵੀ ਹੋ ਗਿਆ ਅਤੇ ਜਲਦੀ ਚਿੰਤਾ ਵੀ ਖਤਮ ਹੋ ਗਈ। ਪਰ ਇਸ ਨਾਲ ਖੇਤੀ ਮਜ਼ਦੂਰ ਵੇਹਲੇ ਹੋ ਗਏ। ਵਾਢੀ ਦੇ ਦਿਨਾਂ ਵਿੱਚ ਜਿਹੜੇ ਖੇਤ ਮਜ਼ਦੂਰ ਥੋੜੇ ਦਿਨਾਂ ਦੀ ਮਿਹਨਤ ਨਾਲ ਆਪਣੇ ਪਰੀਵਾਰ ਲਈ ਸਾਲ ਭਰ ਦੇ ਦਾਣੇ ਕਰ ਲੈਦੇ ਸਨ ਉਹ ਬੇਕਾਰ ਹੋ ਗਏ। ਪਿੰਡਾਂ ਦੇ ਲੋਕ ਖੇਤਾਂ ਦਾ ਰੁਖ ਕਰਨ ਤੋਂ ਵੀ ਹਟ ਗਏ ਅਤੇ ਖੇਤਾਂ ਵਿੱਚ ਸਿਰਫ ਕੰਬਾਈਨਾਂ ਹੀ ਚਲਦੀਆਂ ਨਜ਼ਰ ਆਉਦੀਆਂ ਹਨ। ਪਰ ਕਿਸਾਨਾਂ ਨੂੰ ਕੰਬਾਈਨਾਂ ਨਾਲ ਕਣਕਾਂ ਵਡਾਉਣ ਦਾ ਜਿੱਥੇ ਫਾਇਦਾ ਹੋਇਆ ਉੱਥੇ ਹੀ ਤੂੜੀ ਦੀ ਕਮੀ ਕਾਰਨ ਵੱਡਾ ਘਾਟਾ ਵੀ ਪੈਂਦਾ ਹੈ। ਪਰ ਕਿਉਂਕਿ ਇਹ ਮਸ਼ੀਨੀ ਯੁੱਗ ਹੈ ਤਾ ਆਪਣੇ ਸੁੱਖਾਂ ਦੇ ਨਾਲ-ਨਾਲ ਕੰਮ ਛੇਤੀ ਕਰਨ ਦੀ ਤਾਂਘ ਵਿੱਚ ਹਰ ਕਿਸਾਨ ਇਨ੍ਹਾਂ ਮਸ਼ੀਨਾਂ ਰਾਹੀ ਕਣਕ ਦੀ ਕਟਾਈ ਕਰਾਉਣ ਨੂੰ ਤਰਜੀਹ ਦੇਣ ਲੱਗਿਆ ਹੈ।
ਇਸ ਸਾਲ ਮੈਨੂੰ ਵਾਢੀ ਦੇ ਦਿਨਾਂ ਵਿੱਚ ਕਈ ਦਿਨਾਂ ਲਈ ਪੰਜਾਬ ਅਤੇ ਹਰਿਆਣੇ ਦੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਮੈ ਦੇਖ ਕੇ ਹੈਰਾਨ ਸੀ ਕਿ ਕੇਵਲ ਕਿਤੇ-ਕਿਤੇ ਹੀ ਹੱਥਾਂ ਨਾਲ ਕਣਕ ਕੱਟੀ ਜਾ ਰਹੀ ਸੀ। ਹਰ ਪਾਸੇ ਕਣਕਾਂ ਕੱਟਣ ਦਾ ਕੰਮ ਕੰਬਾਈਨਾਂ ਨਾਲ ਹੀ ਹੋ ਰਿਹਾ ਸੀ। ਭਾਵੇਂ ਹਰਿਆਣੇ ਦੇ ਕੁਝ ਖੇਤਰਾਂ ਵਿੱਚ ਕੰਬਾਈਨ ਨਾਲ ਕੱਟੀ ਕਣਕ ਤੋਂ ਤੂੜੀ ਬਣਾ ਕੇ ਉਸ ਦੀ ਸੰਭਾਲ ਦਾ ਕੰਮ ਵੀ ਜ਼ੋਰਾਂ ਪਰ ਚੱਲ ਰਿਹਾ ਸੀ। ਪਰ ਕਿਤੇ ਵੀ ਉਹ ਪੁਰਾਣੇ ਜ਼ਮਾਨੇ ਵਾਲੇ ਗਾਹ ਚਲਦੇ ਨਜ਼ਰ ਨਹੀਂ ਆਏ। ਹਾਂ, ਸੜਕਾਂ ਪਰ ਇਧਰ-ਉਧਰ ਜਾਂਦੀਆਂ ਵੱਡੀ ਗਿਣਤੀ ਵਿੱਚ ਕੰਬਾਈਨਾਂ ਆਮ ਦੇਖੀਆਂ ਜਾਂਦੀਆ ਸਨ।
ਬਹਾਦਰ ਸਿੰਘ ਗੋਸਲ
ਮਕਾਨ ਨੰ:3098, ਸੈਕਟਰ-37 ਡੀ,
ਚੰਡੀਗੜ੍ਹ।
ਮੋ:9876452223
ਜ਼ਿੰਦਗੀ ਐਵੇਂ ਲੰਘ ਚੱਲੀ...
NEXT STORY