ਮੋਗਾ : ਪੱਤਰ ਸੂਚਨਾ ਦਫ਼ਤਰ (ਪੀਆਈਬੀ) ਚੰਡੀਗੜ੍ਹ ਦੀ ਜਲੰਧਰ ਸ਼ਾਖ਼ਾ ਵੱਲੋਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਵਾਰਤਾਲਾਪ’ ਮੀਡੀਆ ਵਰਕਸ਼ਾਪ ਦਾ ਆਯੋਜਨ ਮੋਗਾ ਵਿਖੇ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਮੋਗਾ ਦੇ ਪੱਤਰਕਾਰ ਸ਼ਾਮਲ ਹੋਏ। ਇਸ ਮੀਡੀਆ ਵਰਕਸ਼ਾਪ ਵਿਚ ‘ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ, ਨੀਤੀਆਂ ਅਤੇ ਪਹਿਲਕਦਮੀਆਂ ਦੀ ਮਹਿਲਾ ਸਸ਼ਕਤੀਕਰਨ ਵਿਚ ਭੂਮਿਕਾ’ ਵਿਸ਼ੇ ’ਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ, ਸਾਗਰ ਸੇਤੀਆ, ਆਈਏਐੱਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਰਕਸ਼ਾਪ ਦੀ ਸ਼ੁਰੂਆਤ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਨਾਲ ਕੀਤੀ ਗਈ। ਮੀਡੀਆ ਅਤੇ ਸੰਚਾਰ ਅਧਿਕਾਰੀ, ਡਾ. ਵਿਕਰਮ ਸਿੰਘ ਨੇ ਵਰਕਸ਼ਾਪ ਵਿਚ ਪਹੁੰਚੇ ਸਭ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਵਿਕਰਮ ਨੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੱਖ-ਵੱਖ ਮੀਡੀਆ ਯੂਨਿਟਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀਆਈਬੀ ਮੰਤਰਾਲੇ ਦਾ ਪ੍ਰਮੁੱਖ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ/ਯੋਜਨਾਵਾਂ ਅਤੇ ਪਹਿਲਕਦਮੀਆਂ ਆਦਿ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਪੀਆਈਬੀ ਅਤੇ ਮੀਡੀਆ ਦਰਮਿਆਨ ਤਾਲਮੇਲ ਵਧਾਉਣਾ ਜ਼ਰੂਰੀ ਹੈ ਅਤੇ ਇਸੇ ਮੰਤਵ ਤਹਿਤ ਵਾਰਤਾਲਾਪ ਦਾ ਆਯੋਜਨ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਮੋਗਾ, ਸਾਗਰ ਸੇਤੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਔਰਤਾਂ ਦੀ ਦੇਸ਼ ਦੀ ਤਰੱਕੀ ਵਿਚ ਵਿਸ਼ੇਸ਼ ਭੂਮਿਕਾ ਹੈ ਅਤੇ ਜੇਕਰ ਔਰਤਾਂ ਤਾਕਤਵਰ ਹੋਣਗੀਆਂ ਤਾਂ ਸਾਡਾ ਦੇਸ਼ ਹੋਰ ਵੀ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕਈ ਅਜਿਹੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਦੇਸ਼ ਦੀਆਂ ਔਰਤਾਂ ਨੂੰ ਸਸ਼ਕਤ ਕਰਨ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਪਹੁੰਚੇ ਅਤੇ ਇਸ ਲਈ ਮੀਡੀਆ ਨਾਲ ਸਰਕਾਰ ਦਾ ਤਾਲਮੇਲ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪੱਤਰ ਸੂਚਨਾ ਦਫ਼ਤਰ ਵੱਲੋਂ ਵਾਰਤਾਲਾਪ ਵਰਗੇ ਪ੍ਰੋਗਰਾਮ ਸਰਕਾਰ ਦਾ ਮੀਡੀਆ ਨਾਲ ਰਾਬਤਾ ਬਣਾਉਣ ਵਿਚ ਖ਼ਾਸ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਦਾ ਲਾਭ ਆਮ ਲੋਕਾਂ ਨੂੰ ਹੁੰਦਾ ਹੈ। ਮੀਡੀਆ ਰਾਹੀਂ ਆਮ ਲੋਕ ਇਹ ਜਾਣਕਾਰੀ ਮਿਲਦੀ ਹੈ ਕਿ ਸਰਕਾਰ ਉਨ੍ਹਾਂ ਲਈ ਕਿਹੜੀਆਂ ਯੋਜਨਾਵਾਂ ਚਲਾ ਰਹੀ ਹੈ ਅਤੇ ਇਨ੍ਹਾਂ ਯੋਜਨਾਵਾਂ ਦਾ ਕਿਸ ਤਰ੍ਹਾਂ ਲਾਭ ਲਿਆ ਜਾ ਸਕਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੋਗਾ ਤੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਰੀਤੂ ਜੈਨ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਦੇਸ਼ ਦੇ ਲੋਕ ਤੰਦਰੁਸਤ ਹੋਣਗੇ ਤਾਂ ਦੇਸ਼ ਦੀ ਤਰੱਕੀ ਵਿਚ ਉਹ ਆਪਣਾ ਪੂਰਾ ਯੋਗਦਾਨ ਦੇ ਸਕਣਗੇ। ਡਾ. ਜੈਨ ਨੇ ਕਿਹਾ ਕਿ ਇਸ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਭਾਰਤ ਸਰਕਾਰ ਦੀਆਂ ਕਈ ਯੋਜਨਾਵਾਂ ਹਨ, ਜੋ ਖ਼ਾਸ ਕਰ ਔਰਤਾਂ ਲਈ ਹਨ। ਉਨ੍ਹਾਂ ਕਿਹਾ ਕਿ ਜਨਨੀ ਸ਼ਿਸ਼ੂ ਸੁਰਕਸ਼ਾ ਕਾਰਿਆਕ੍ਰਮ ਤਹਿਤ ਗਰਭਵਤੀ ਔਰਤਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਿੱਖਿਆ ਵਿਭਾਗ, ਮੋਗਾ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੰਜੂ ਭਾਰਦਵਾਜ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀਆਂ ਧੀਆਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਵ ਸਿੱਖਿਆ ਅਭਿਆਨ ਤਹਿਤ 6 ਤੋਂ 14 ਸਾਲ ਤੱਕ ਦੀ ਉਮਰ ਦੀਆਂ ਦੇਸ਼ ਦੀਆਂ ਧੀਆਂ ਸਮੇਤ ਹਰ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ।
ਇਸ ਮੌਕੇ ਖੇਤੀਬਾੜੀ ਅਫ਼ਸਰ ਮੋਗਾ ਡਾ. ਸੁਖਰਾਜ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵਿਚ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨਾਲ ਕਿਸਾਨੀ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਵਿਸ਼ੇਸ਼ ਹੁਲਾਰਾ ਮਿਲਿਆ ਹੈ। ਡਾ. ਸੁਖਰਾਜ ਨੇ ਦੱਸਿਆ ਕਿ ਨੈਨੋ ਡਰੋਨ ਦੀਦੀ ਤਹਿਤ ਜ਼ਿਲ੍ਹਾ ਮੋਗਾ ਵਿੱਚ ਚਾਰ ਔਰਤਾਂ ਡਰੋਨ ਰਾਹੀਂ ਸਪਰੇਅ ਕਰਨ ਦੇ ਕਾਰਜ ਵਿੱਚ ਵਿਲੱਖਣ ਮਿਸਾਲ ਹਨ। ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਮੋਗਾ, ਡਿੰਪਲ ਥਾਪਰ ਨੇ ਇਸ ਮੌਕੇ ਕਿਹਾ ਕਿ ਵਿਭਾਗ ਵੱਲੋਂ ਕਈ ਅਜਿਹੇ ਸਿਖਲਾਈ ਅਤੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਸਦਕਾ ਖ਼ਾਸ ਕਰ ਔਰਤਾਂ ਆਪਣੀ ਕਲਾ ਰਾਹੀਂ ਸਸ਼ਕਤ ਹੋ ਰਹੀਆਂ ਹਨ ਅਤੇ ਦੂਜਿਆਂ ਲਈ ਮਿਸਾਲ ਬਣੀਆਂ ਹਨ। ਹੁਨਰ ਵਿਕਾਸ ਮਿਸ਼ਨ ਦੇ ਬਲਾਕ ਮਿਸ਼ਨ ਮੈਨੇਜਰ ਮਨਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਸੰਕਲਪ ਯੋਜਨਾ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾਵਾਂ ਵਿੱਚ ਔਰਤਾਂ ਦੀ ਖ਼ਾਸ ਭੂਮਿਕਾ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੁਖਦੀਪ ਸਿੰਘ, ਸੂਚਨਾ ਸਹਾਇਕ ਨੇ ਵਰਕਸ਼ਾਪ ਵਿਚ ਪਹੁੰਚੇ ਪੱਤਰਕਾਰਾਂ, ਮੁੱਖ ਮਹਿਮਾਨ, ਬੁਲਾਰਿਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਦੇ ਅੰਤ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬੁਲਾਰਿਆਂ ਵੱਲੋਂ ਜਵਾਬ ਵੀ ਦਿੱਤੇ ਗਏ।
ਇੰਗਲੈਂਡ ਰਹਿੰਦੀ ਕੁੜੀ ਦੇ ਪਤੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ, ਫੌਜ ਦੇ ਜਵਾਨ ਨੇ ਕੀਤੀ ਸ਼ਰਮਨਾਕ ਕਰਤੂਤ
NEXT STORY