ਮੋਗਾ (ਅਜ਼ਾਦ) : ਮੋਗਾ ਪੁਲਸ ਵੱਲੋਂ ਜ਼ਿਲ੍ਹੇ ਨੂੰ ਆਉਣ-ਜਾਣ ਵਾਲੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਦੀ ਹੱਦ ਅੰਦਰ ਦਾਖਲ ਨਾ ਹੋ ਸਕੇ ਅਤੇ ਅਮਨ ਸ਼ਾਂਤੀ ਬਣਾਈ ਰੱਖੀ ਜਾ ਸਕੇ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਉਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਵ੍ਹੀਕਲ ਚਾਲਕ ਮੂੰਹ ਬੰਨ੍ਹ ਕੇ ਅਪਣੇ ਵ੍ਹੀਕਲ ਚਲਾ ਰਹੇ ਹਨ, ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਟਰੈਫਿਕ ਪੁਲਸ ਦੇ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਜੋਗਿੰਦਰ ਸਿੰਘ ਚੌਕ, ਥਾਪਰ ਚੌਕ, ਪ੍ਰਤਾਪ ਰੋਡ ਚੌਕ, ਚੌਕ ਸ਼ੇਖਾਂ ਸਮੇਤ ਮੁੱਖ ਚੌਕਾਂ ’ਤੇ ਨਾਕਾਬੰਦੀ ਕਰ ਕੇ ਕਾਰਾਂ, ਸਕੂਟਰਾਂ ਸਮੇਤ ਹੋਰ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਮੋਗਾ ਪੁਲਸ ਜ਼ਿਲ੍ਹੇ ਵਿਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਕਿਉਂਕਿ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸਾਡਾ ਪਹਿਲਾ ਫਰਜ਼ ਹੈ। ਟਰੈਫਿਕ ਪੁਲਸ ਦੇ ਨਾਲ-ਨਾਲ ਮੋਗਾ ਪੁਲਸ ਦੇ ਮੁਲਾਜ਼ਮ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਵਾਹਨ ਚਾਲਕ ਨੂੰ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਨਾ ਕਰਨ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਅਤੇ ਸ਼ਨਾਖਤੀ ਕਾਰਡਾਂ ਦੀ ਚੈਕਿੰਗ ਆਰਾਮ ਨਾਲ ਕਰਨ। ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਤੁਰੰਤ ਵਾਹਨ ਅਤੇ ਉਕਤ ਵਿਅਕਤੀਆਂ ਬਾਰੇ ਪੁੱਛਗਿੱਛ ਕਰਨ। ਉਨ੍ਹਾਂ ਕਿਹਾ ਕਿ ਲੋਕ ਪੁਲਸ ਨੂੰ ਆਪਣਾ ਪੂਰਨ ਸਹਿਯੋਗ ਦੇਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਨਸ਼ਾ ਤਸਕਰ ਜਾਂ ਸ਼ਰਾਰਤੀ ਅਨਸਰ ਬਾਰੇ ਸੂਚਨਾ ਮਿਲਦੀ ਹੈ, ਜਿਸ ਨਾਲ ਅਮਨ ਸ਼ਾਂਤੀ ਭੰਗ ਹੋਣ ਦਾ ਖਤਰਾ ਹੋਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ।
ਪੰਜਾਬ ਵਾਸੀਆਂ ਲਈ ਵੱਡੀ ਖ਼ਬਰ! ਇਨ੍ਹਾਂ ਤਾਰੀਖ਼ਾਂ ਨੂੰ ਸਾਰੇ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ
NEXT STORY