ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਐਤਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ 10 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁਲੰਦਸ਼ਹਿਰ ਦੇ ਸਲੇਮਪੁਰ ਥਾਣਾ ਖੇਤਰ 'ਚ ਵਾਪਰਿਆ, ਜਿੱਥੇ ਯਾਤਰੀਆਂ ਨਾਲ ਭਰੀ ਬੱਸ ਅਤੇ ਇਕ ਪਿਕਅੱਪ ਗੱਡੀ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਾਜ਼ੀਆਬਾਦ ਦੀ ਇਕ ਕੰਪਨੀ 'ਚ ਕੰਮ ਕਰਦੇ ਲੋਕ ਰੱਖੜੀ ਦਾ ਤਿਉਹਾਰ ਮਨਾਉਣ ਘਰ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ SSP ਸਮੇਤ ਪ੍ਰਸ਼ਾਸਨਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬੁਲੰਦਸ਼ਹਿਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੀ. ਪੀ. ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਕੁੱਲ 10 ਲੋਕਾਂ ਦੀ ਮੌਤ ਹੋਈ ਹੈ, ਜਦਕਿ 27 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦਰਦਨਾਕ ਹਾਦਸੇ ਮਗਰੋਂ ਗੁੱਸੇ ਵਿਚ ਆਏ ਲੋਕਾਂ ਨੇ ਰਸਤੇ ਵਿਚ ਹੀ ਚੱਕਾ ਜਾਮ ਕਰ ਦਿੱਤਾ ਹੈ। ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ।
ਜਾਣਕਾਰੀ ਮੁਤਾਬਕ ਪਿਕਅੱਪ ਵਾਹਨ ਵਿਚ ਕਰੀਬ 35 ਤੋਂ ਵੱਧ ਲੋਕ ਸਵਾਰ ਸਨ। ਇਕ ਪ੍ਰਾਈਵੇਟ ਬੱਸ ਤੇਜ਼ ਰਫ਼ਤਾਰ ਨਾਲ ਬੁਲੰਦਸ਼ਹਿਰ ਵੱਲ ਆ ਰਹੀ ਸੀ। ਮੇਰਠ-ਬਦਾਯੂੰ ਹਾਈਵੇਅ 'ਤੇ ਸਲੇਮਪੁਰ ਥਾਣਾ ਖੇਤਰ ਵਿਚ ਪਿੰਡ ਸਲੇਮਪੁਰ ਦੇ ਸਾਹਮਣੇ ਇਕ ਵਾਹਨ ਨੂੰ ਓਵਰਟੇਕ ਕਰਨ ਦੌਰਾਨ ਪ੍ਰਾਈਵੇਟ ਬੱਸ ਦੀ ਟੱਕਰ ਪਿਕਅੱਪ ਵਾਹਨ ਨਾਲ ਹੋ ਗਈ। ਓਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਪੀੜਤਾਂ ਦਾ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਾਕਪਿਟ 'ਚ ਬੰਦ ਹੋਇਆ ਪਾਇਲਟ, ਘੰਟਿਆਂ ਤੱਕ ਪਰੇਸ਼ਾਨ ਰਹੇ ਯਾਤਰੀ
NEXT STORY