ਸ਼੍ਰੀਨਗਰ (ਭਾਸ਼ਾ)- ਸ਼੍ਰੀਨਗਰ 'ਚ ਐਤਵਾਰ ਨੂੰ ਇਕ ਪ੍ਰੋਗਰਾਮ 'ਚ 1850 ਮੀਟਰ ਤੋਂ ਵੱਧ ਲੰਬਾ ਇਕ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ, ਜੋ ਦੇਸ਼ ਦਾ ਸਭ ਤੋਂ ਲੰਬਾ ਰਾਸ਼ਟਰੀ ਝੰਡਾ ਹੈ। ਇਕ ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ 'ਚ ਕਰੀਬ 5 ਹਜ਼ਾਰ ਲੋਕ ਸ਼ਾਮਲ ਹੋਏ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਇੰਨੇ ਵਿਸ਼ਾਲ ਤਿਰੰਗੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਇਤਿਹਾਸ 'ਚ ਇਕ ਸ਼ਾਨਦਾਰ ਅਧਿਆਏ ਜੋੜ ਦਿੱਤਾ ਹੈ। ਅਧਿਕਾਰਤ ਬੁਲਾਰੇ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਹਰ ਘਰ ਤਿਰੰਗਾ ਮੁਹਿੰਮ ਦੇ ਅਧੀਨ ਇੱਥੇ ਬਖਸ਼ੀ ਸਟੇਡੀਅਮ 'ਚ ਇਹ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ।
ਬੁਲਾਰੇ ਨੇ ਕਿਹਾ ਕਿ ਸ਼੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਸਭ ਤੋਂ ਲੰਬਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰ ਕੇ ਇਕ ਰਾਸ਼ਟਰੀ ਰਿਕਾਰਡ ਬਣਾਇਆ ਹੈ। ਸਮਾਰੋਹ ਦੀ ਪ੍ਰਧਾਨਗੀ ਮੁੱਖ ਸਕੱਤਰ ਅਰੁਣ ਕੁਮਾਰ ਮੇਹਤਾ ਨੇ ਕੀਤੀ। ਇਸ ਮੌਕੇ ਮੁੱਖ ਸਕੱਤਰ ਨੇ 1850 ਮੀਟਰ ਲੰਬਾ ਤਿਰੰਗਾ ਪ੍ਰਦਰਸ਼ਿਤ ਕਰਨ ਲਈ ਇਸ ਤਰ੍ਹਾਂ ਦੇ ਇਕ ਵੱਡੇ ਪ੍ਰੋਗਰਾਮ ਦਾ ਆਯੋਜਨ ਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨਾਗਰਿਕਾਂ 'ਚ ਰਾਸ਼ਟਰਵਾਦ, ਬਲੀਦਾਨ ਅਤੇ ਭਾਈਚਾਰੇ ਦੀ ਭਾਵਨਾ ਲਿਆਏਗਾ। ਬੁਲਾਰੇ ਨੇ ਦੱਸਿਆ ਕਿ ਇਸ ਝੰਡੇ ਨੂੰ ਤਿਆਰ ਕਰਨ 'ਚ 10 ਦਿਨ ਦਾ ਸਮਾਂ ਲੱਗਾ।
ਆਜ਼ਾਦੀ ਦਿਹਾੜੇ ਮੌਕੇ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਕੀਤੀ ਗਈ ਵਿਸ਼ੇਸ਼ ਆਰਤੀ (ਵੀਡੀਓ)
NEXT STORY