ਨਵੀਂ ਦਿੱਲੀ- 2001 'ਚ ਭਾਰਤੀ ਸੰਸਦ 'ਤੇ ਹੋਏ ਹਮਲੇ ਦੀ ਬਰਸੀ ਮੌਕੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਹੋਰ ਪ੍ਰਮੁੱਖ ਨੇਤਾ ਹਮਲੇ 'ਚ ਜਾਨ ਗੁਆਉਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਮਲੇ ਨੂੰ "ਰਾਸ਼ਟਰ ਦੀ ਪ੍ਰਭੂਸੱਤਾ, ਮਾਣ ਅਤੇ ਲੋਕ ਸ਼ਕਤੀ ਉੱਤੇ ਇੱਕ ਬੇਰਹਿਮ ਹਮਲਾ" ਦੱਸਿਆ। ਉਨ੍ਹਾਂ ਕਿਹਾ ਕਿ ਰਾਸ਼ਟਰ ਉਨ੍ਹਾਂ ਅਮਰ ਨਾਇਕਾਂ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਨੇ ਸੰਸਦ ਦੀ ਸ਼ਾਨ ਦੀ ਰਾਖੀ ਕੀਤੀ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸ਼ਹੀਦਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਰਾਸ਼ਟਰ ਉਨ੍ਹਾਂ ਦੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਕੇਂਦਰੀ ਰਿਜ਼ਰਵ ਪੁਲਸ ਫੋਰਸ ਨੇ ਆਪਣੀ 88 ਬਟਾਲੀਅਨ ਦੀ ਕਾਂਸਟੇਬਲ ਕਮਲੇਸ਼ ਕੁਮਾਰੀ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ। 13 ਦਸੰਬਰ 2001 ਨੂੰ ਕਮਲੇਸ਼ ਕੁਮਾਰੀ ਨੇ ਭਾਰੀ ਗੋਲੀਬਾਰੀ ਦੌਰਾਨ ਅੱਤਵਾਦੀਆਂ ਦਾ ਪਿੱਛਾ ਕਰਦੇ ਹੋਏ ਬੇਮਿਸਾਲ ਹਿੰਮਤ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਾਥੀ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਲਗਾਤਾਰ ਜਾਣਕਾਰੀ ਦਿੱਤੀ। ਉਨ੍ਹਾਂ ਦੀਆਂ ਬਹਾਦਰੀ ਭਰੀਆਂ ਕਾਰਵਾਈਆਂ ਕਾਰਨ ਫੋਰਸ ਨੇ ਸਾਰੇ 5 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਅਤੇ ਡਿਊਟੀ ਦੌਰਾਨ ਸ਼ਹੀਦ ਹੋ ਗਈ। ਉਨ੍ਹਾਂ ਦੀ ਅਦੁੱਤੀ ਹਿੰਮਤ ਲਈ ਉਨ੍ਹਾਂ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ, ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਨਾਲ ਸਬੰਧਤ 5 ਹਥਿਆਰਬੰਦ ਅੱਤਵਾਦੀ ਨਵੀਂ ਦਿੱਲੀ ਸਥਿਤ ਸੰਸਦ ਕੰਪਲੈਕਸ ਵਿੱਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਅਤੇ ਇੱਕ ਨਾਗਰਿਕ ਸਮੇਤ 14 ਲੋਕ ਮਾਰੇ ਗਏ ਸਨ। ਹਮਲੇ ਦੇ ਸਮੇਂ ਲਗਭਗ 100 ਸੰਸਦ ਮੈਂਬਰ ਇਮਾਰਤ ਵਿੱਚ ਮੌਜੂਦ ਸਨ।
ਇਸ ਦਿਨ ਨੂੰ ਯਾਦ ਕਰਦਿਆਂ ਸ਼ੁੱਕਰਵਾਰ ਨੂੰ ਲੋਕ ਸਭਾ ਨੇ ਸੰਸਦ ਸੁਰੱਖਿਆ ਸੇਵਾ, ਦਿੱਲੀ ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਅਟੁੱਟ ਸੰਕਲਪ ਦੁਹਰਾਇਆ।
ਖ਼ਤਮ ਹੋਵੇਗਾ ਟਰੰਪ ਵੱਲੋੋਂ ਭਾਰਤ 'ਤੇ ਥੋਪਿਆ ਗਿਆ 'ਟੈਰਿਫ' ! ਅਮਰੀਕੀ ਸੰਸਦ 'ਚ ਮਤਾ ਹੋਇਆ ਪੇਸ਼
NEXT STORY