ਨੈਸ਼ਨਲ ਡੈਸਕ - ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਪੇਪਰ ਲੀਕ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਸਰਕਾਰ ਨੇ 4 ਡੀ.ਐਸ.ਪੀ., 3 ਐਸ.ਐਚ.ਓ., 1 ਚੌਕੀ ਇੰਚਾਰਜ ਸਮੇਤ ਕੁੱਲ 25 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। 4 ਸਰਕਾਰੀ ਇੰਸਪੈਕਟਰਾਂ ਅਤੇ ਇੱਕ ਪ੍ਰਾਈਵੇਟ ਇੰਸਪੈਕਟਰ ਵਿਰੁੱਧ ਐਫ.ਆਈ.ਆਰ. ਦੇ ਹੁਕਮ ਜਾਰੀ ਕੀਤੇ ਗਏ ਹਨ। 4 ਬਾਹਰੀ ਵਿਅਕਤੀਆਂ ਅਤੇ 8 ਵਿਦਿਆਰਥੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੇਪਰ ਲੀਕ ਨਹੀਂ, ਆਉਟ ਹੋਇਆ ਸੀ। ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ 4 ਡੀ.ਐਸ.ਪੀ. ਅਤੇ 3 ਐਸ.ਐਚ.ਓ. ਸ਼ਾਮਲ ਹਨ।
ਇਸ ਮਾਮਲੇ ਨੂੰ ਲੈ ਕੇ ਸਰਕਾਰ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਏ.ਐਨ.ਆਈ. ਦੀ ਰਿਪੋਰਟ ਅਨੁਸਾਰ ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਸੁਪਰਡੈਂਟਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਸਰਕਾਰ ਵਿਰੁੱਧ ਕੋਈ ਸਵਾਲੀਆ ਨਿਸ਼ਾਨ ਨਾ ਖੜ੍ਹਾ ਕੀਤਾ ਜਾਵੇ। ਸਰਕਾਰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰ ਰਹੀ ਹੈ। ਸਰਕਾਰੀ ਸਕੂਲ ਦੇ ਇੰਸਪੈਕਟਰ ਗੋਪਾਲਦੱਤ, ਸ਼ੌਕਤ ਅਲੀ, ਪ੍ਰੀਤੀ ਰਾਣੀ, ਰਕਮੁਦੀਨ ਅਤੇ ਪ੍ਰਾਈਵੇਟ ਇੰਸਪੈਕਟਰ ਮਮਤਾ ਰਾਣੀ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਚਾਰੇ ਸਰਕਾਰੀ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਸੀਐਮ ਨਾਇਬ ਸੈਣੀ ਨੇ ਦੱਸਿਆ ਕਿ ਕੇਂਦਰ ਦੇ ਦੋ ਸੁਪਰਵਾਈਜ਼ਰਾਂ ਸੰਜੀਵ ਕੁਮਾਰ ਅਤੇ ਸੱਤਿਆ ਨਰਾਇਣ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ। ਸੀਐਮ ਸੈਣੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਪੁਲਸ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਪ੍ਰੀਖਿਆ ਕੇਂਦਰ ਦੇ ਨੇੜੇ ਨਾ ਜਾਵੇ। ਲੋਕਾਂ ਨੂੰ 500 ਮੀਟਰ ਦੀ ਦੂਰੀ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਕੋਈ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੁੱਢਲੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਛੱਤੀਸਗੜ੍ਹ ’ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ 2 ਨਕਸਲੀ ਢੇਰ
NEXT STORY