ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਵਿਚ ਮੰਗਲਵਾਰ ਯਾਨੀ ਕਿ ਅੱਜ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਜ਼ੀਬਿਲਟੀ ਕਾਫੀ ਘੱਟ ਹੋ ਗਈ ਹੈ ਅਤੇ 25 ਟਰੇਨਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਕਿਹਾ ਕਿ ਸਵੇਰੇ 5 ਤੋਂ ਸਾਢੇ 5 ਵਜੇ ਦਰਮਿਆਨ ਪਾਲਮ ਵਿਚ ਸੰਘਣੀ ਧੁੰਦ ਦਰਮਿਆਨ ਘੱਟੋ-ਘੱਟ ਵਿਜ਼ੀਬਿਲਟੀ 150 ਮੀਟਰ ਰਹੀ ਅਤੇ ਉੱਤਰੀ-ਪੱਛਮੀ ਹਵਾਵਾਂ 11-13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਅਤੇ ਵਿਜ਼ੀਬਿਲਟੀ ਹੌਲੀ-ਹੌਲੀ ਵੱਧ ਕੇ ਸਵੇਰੇ ਸਾਢੇ 8 ਵਜੇ ਤੱਕ 700 ਮੀਟਰ ਹੋ ਗਈ।
ਮੌਸਮ ਵਿਭਾਗ ਮੁਤਾਬਕ ਸਫਦਰਜੰਗ ਵਿਚ ਘੱਟ ਵਿਜ਼ੀਬਿਲਟੀ 500 ਮੀਟਰ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਧੁੰਦ ਕਾਰਨ ਕੁੱਲ 25 ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਸਨ। IMD ਮੁਤਾਬਕ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਹੋ ਗਿਆ, ਜੋ ਆਮ ਨਾਲੋਂ 3.6 ਡਿਗਰੀ ਵੱਧ ਹੈ। ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ। ਸਵੇਰੇ 8.30 ਵਜੇ ਨਮੀ ਦਾ ਪੱਧਰ 92 ਫੀਸਦੀ ਸੀ। ਮੌਸਮ ਵਿਭਾਗ ਨੇ ਦਿਨ ਵੇਲੇ ਸੰਘਣੀ ਧੁੰਦ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI) ਸਵੇਰੇ 9 ਵਜੇ 303 ਰਿਹਾ, ਜੋ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ। AQI ਨੂੰ ਜ਼ੀਰੋ ਤੋਂ 50 ਨੂੰ 'ਚੰਗਾ', 51 ਅਤੇ 100 ਵਿਚਾਲੇ 'ਤਸੱਲੀਬਖਸ਼', 101 ਅਤੇ 200 ਵਿਚਾਲੇ 'ਦਰਮਿਆਨਾ', 201 ਅਤੇ 300 ਵਿਚਾਲੇ 'ਮਾੜਾ', 301 ਅਤੇ 400 ਨੂੰ 'ਬਹੁਤ ਮਾੜਾ' ਅਤੇ 401 ਤੋਂ 500 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਮਾਰੇ ਗਏ ਦੋ ਬਦਮਾਸ਼, 1 ਇੰਸਪੈਕਟਰ ਜ਼ਖ਼ਮੀ
NEXT STORY