ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3,824 ਨਵੇਂ ਮਾਮਲੇ ਸਾਹਮਣੇ ਆਏ, ਜੋ ਬੀਤੇ 6 ਮਹੀਨਿਆਂ 'ਚ ਇਕ ਦਿਨ 'ਚ ਦਰਜ ਸਭ ਤੋਂ ਵੱਧ ਨਵੇਂ ਮਾਮਲੇ ਹਨ। ਉੱਥੇ ਹੀ ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 18,389 'ਤੇ ਪਹੁੰਚ ਗਈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਕੋਰੋਨਾ ਦੇ 3,824 ਨਵੇਂ ਮਰੀਜ਼ ਮਿਲਣ ਤੋਂ ਬਾਅਦ ਦੇਸ਼ 'ਚ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4,47,22,605 ਹੋ ਗਈ। ਉੱਥੇ ਹੀ ਸੰਕਰਮਣ ਨਾਲ 5 ਹੋਰ ਮਰੀਜ਼ਾਂ ਦੇ ਦਮ ਤੋੜਨ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 5,30,881 'ਤੇ ਪਹੁੰਚ ਗਈ।
ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਦਿੱਲੀ, ਹਰਿਆਣਾ, ਕੇਰਲ ਅਤੇ ਰਾਜਸਥਾਨ 'ਚ ਇਕ-ਇਕ ਪੀੜਤ ਦੀ ਮੌਤ ਹੋਈ। ਇਸ ਤੋਂ ਇਲਾਵਾ ਕੇਰਲ ਨੇ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਮਰੀਜ਼ਾਂ ਦੇ ਅੰਕੜਿਆਂ ਦਾ ਮੁੜ ਮਿਲਾਨ ਕਰਨ ਤੋਂ ਬਾਅਦ ਮ੍ਰਿਤਕਾਂ ਦੀ ਸੂਚੀ 'ਚ ਇਕ ਹੋਰ ਮਾਮਲਾ ਜੋੜਿਆ ਹੈ। ਅੰਕੜਿਆਂ ਅਨੁਸਾਰ ਸੰਕਰਮਣ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 18,389 ਹੈ, ਜੋ ਕੁੱਲ ਮਾਮਲਿਆਂ ਦਾ 0.04 ਫੀਸਦੀ ਹੈ। ਉੱਥੇ ਹੀ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਰਾਸ਼ਟਰੀ ਦਰ 98.77 ਫੀਸਦੀ ਦਰਜ ਕੀਤੀ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਸੰਕਰਮਣ ਦੀ ਰੋਜ਼ਾਨਾ ਦਰ 2.87 ਫੀਸਦੀ ਅਤੇ ਹਫ਼ਤਾਵਾਰ ਦਰ 2.24 ਫੀਸਦੀ ਦਰਜ ਕੀਤੀ ਗਈ ਹੈ। ਉੱਥੇ ਹੀ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 4,41,73,335 ਹੋ ਗਈ ਹੈ, ਜਦੋਂ ਕਿ ਮੌਤ ਦਰ 1.19 ਫੀਸਦੀ ਹੈ। ਅੰਕੜਿਆਂ ਅਨੁਸਾਰ, ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਦੇਸ਼ 'ਚ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 220.66 ਕਰੋੜ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।
ਚੀਨੀ ਡਿਪਲੋਮੈਟ ਨੇ ਕਿਹਾ- ਭਾਰਤ-ਚੀਨ ਸਰਹੱਦ ਹੁਣ ਸਥਿਰ, ‘ਐਮਰਜੈਂਸੀ ਕੰਟਰੋਲ’ ਵਾਲੀ ਸਥਿਤੀ ਖ਼ਤਮ
NEXT STORY