ਨੈਸ਼ਨਲ ਡੈਸਕ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨਿੰਨ ਸੇਵਕਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਕੌਮੀ ਰਾਜਧਾਨੀ ਵਿਚ ਲਾਲ ਕਿਲ੍ਹੇ ’ਤੇ ਤਿੰਨ ਰੋਜ਼ਾ ਸਮਾਗਮ ਸ਼ੁਰੂ ਹੋ ਗਏ ਹਨ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੇ ਜਥੇ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਲ ਕਿਲ੍ਹੇ ’ਤੇ ਲਿਜਾਏ ਗਏ। ਹੁਣ ਤਿੰਨ ਰੋਜ਼ਾ ਸਮਾਗਮ ਲਾਲ ਕਿਲ੍ਹੇ ’ਤੇ ਚੱਲਣਗੇ ਜਿਸ ਦੌਰਾਨ ਕੀਰਤਨ ਸਮਾਗਮ ਤੇ ਹੋਰ ਧਾਰਮਿਕ ਸਮਾਗਮ ਹੋਣਗੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲਾਲ ਕਿਲ੍ਹੇ ਤੱਕ ਲਿਜਾਏ ਗਏ, ਜਿਥੇ ਪ੍ਰਕਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਰੋਜ਼ਾ ਸਮਾਗਮ ਦੌਰਾਨ ਹਰ ਰੋਜ਼ ਸ਼ਾਮ ਨੂੰ ਕੀਰਤਨ ਦਰਬਾਰ ਹੋਣਗੇ ਜਿਸ ਵਿਚ ਪੰਥ ਦੇ ਨਾਮ ਰਾਗੀ ਸਿੰਘਾਂ ਦੇ ਜੱਥੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਉਨ੍ਹਾਂ ਕਿਹਾ ਕਿ ਤਿੰਨ ਰੋਜ਼ਾ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੀਆਂ। ਇਸ ਵਾਸਤੇ ਜਿਥੇ ਮੁੱਖ ਪੰਡਾਲ ਵਿਚ ਇਕੋ ਸਮੇਂ 50 ਹਜ਼ਾਰ ਲੋਕਾਂ ਦੇ ਬੈਠ ਕੇ ਗੁਰਬਾਣੀ ਸਰਵਣ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ, ਉਥੇ ਹੀ ਸੰਗਤਾਂ ਦੇ ਰਾਤ ਨੂੰ ਠਹਿਰਣ ਵਾਸਤੇ ਵਿਸ਼ੇਸ਼ ਟੈਂਟ ਸਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ 23 ਨਵੰਬਰ ਨੂੰ ਪਹਿਲਾ ਦਿਨ ਹੈ ਜਦੋਂ ਰਾਤ ਨੂੰ ਗੁਰਬਾਣੀ ਕੀਰਤਨ ਦਰਬਾਰ ਵਿਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ 24 ਅਤੇ 25 ਤਾਰੀਕ ਨੂੰ ਵੀ ਲਾਲ ਕਿਲ੍ਹੇ ’ਤੇ ਸਮਾਗਮਾਂ ਵਿਚ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਤਿੰਨ ਦਿਨਾਂ ਸਮਾਗਮਾਂ ਦੌਰਾਨ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ ਹੇਠ ਟੀਮ ਵੱਲੋਂ ਲੰਗਰ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਮਾਗਮਾਂ ਵਾਸਤੇ ਸੰਗਤਾਂ ਵਿਚ ਬਹੁਤ ਸ਼ਰਧਾ ਤੇ ਸਤਿਕਾਰ ਹੈ। ਉਹਨਾਂ ਦੱਸਿਆ ਕਿ ਇਹ ਕਿਸੇ ਵੀ ਗੁਰਮੁੱਖ ਦੇ ਜੀਵਨ ਵਿਚ ਪਹਿਲੀ ਵਾਰ ਆਉਣ ਵਾਲਾ ਮੌਕਾ ਹੈ ਜਿਸ ਵਾਸਤੇ ਹਰ ਗੁਰਸਿੱਖ ਗੁਰੂ ਘਰ ਦੀ ਸੇਵਾ ਕਰ ਕੇ ਆਪਣਾ ਜੀਵਨ ਸਫਲਾ ਕਰਨ ਦੇ ਮੌਕੇ ਦਾ ਲਾਭ ਲੈ ਸਕਦਾ ਹੈ। ਪ੍ਰਧਾਨ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਇਸ ਦੌਰਾਨ ਲਾਲ ਕਿਲ੍ਹੇ ’ਤੇ ਚਲ ਰਹੇ ਲਾਈਟ ਅਤੇ ਸਾਊਂਡ ਸ਼ੋਅ ਅਤੇ ਚਿੱਤਰ ਪ੍ਰਦਰਸ਼ਨੀ ਨੂੰ ਵੇਖਣ ਵਾਸਤੇ ਹਜ਼ਾਰਾਂ ਸੰਗਤਾਂ ਦਾ ਇਕੱਠ ਰੋਜ਼ਾਨਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਚਿੱਤਰ ਪ੍ਰਦਰਸ਼ਨੀ ਵਿਚ ਵੀ ਤਸਵੀਰਾਂ ਰਾਹੀਂ ਗੁਰ ਇਤਿਹਾਸ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਇਹ ਇਤਿਹਾਸਕ ਸਮਾਗਮ ਇਹਨਾਂ ਪ੍ਰੋਗਰਾਮਾਂ ਵਾਸਤੇ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ ਕੰਮ ਕਰ ਰਹੀਆਂ ਹਨ।
ਲਾਲ ਕਿਲ੍ਹਾ ਮੈਦਾਨ ’ਚ ਬਣੀ Tent City, 108 ਟੈਂਟਾਂ 'ਚ ਸੰਗਤ ਦੀ ਸਹੂਲਤ ਲਈ ਖ਼ਾਸ ਪ੍ਰਬੰਧ, ਦੇਖੋ ਵੀਡੀਓ
NEXT STORY