ਅੰਬਾਲਾ (ਹਰੀਸ਼ ਕੋਚਰ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅੰਬਾਲਾ ਛਾਉਣੀ ਨਾਲ ਜੁੜੇ ਟੈਂਡਰਾਂ ਦੇ ਠੇਕੇ ਦੇਣ ਨਾਲ ਸਬੰਧਤ 22.48 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ’ਚ ਇਕ ਲੈਫਟੀਨੈਂਟ ਕਰਨਲ, ਇਕ ਸੂਬੇਦਾਰ ਮੇਜਰ ਅਤੇ ਦੋ ਪ੍ਰਾਈਵੇਟ ਠੇਕੇਦਾਰਾਂ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਐੱਮ.ਈ.ਐੱਸ. ਵਿੰਗ ਵੱਲੋਂ ਲਗਭਗ 40 ਲੱਖ ਰੁਪਏ ਦੇ ਸਾਮਾਨ ਦਾ ਡਿਮਾਂਡ ਆਰਡਰ 2 ਕਰੋੜ 36 ਲੱਖ ਰੁਪਏ ’ਚ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਿਲਟਰੀ ਇੰਜੀਨੀਅਰ ਸਰਵਿਸਿਜ਼ (ਐੱਮ. ਈ. ਐੱਸ.) ’ਚ ਸੀਨੀਅਰ ਬੈਰਕ ਸਟੋਰ ਅਧਿਕਾਰੀ ਲੈਫਟੀਨੈਂਟ ਕਰਨਲ ਰਾਹੁਲ ਪੰਵਾਰ ਅਤੇ ਅੰਬਾਲਾ ਛਾਉਣੀ ’ਚ ਸੂਬੇਦਾਰ ਮੇਜਰ ਪ੍ਰਦੀਪ ਕੁਮਾਰ (ਐੱਮ. ਈ. ਐੱਸ.) ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਠੇਕੇਦਾਰ ਦਿਨੇਸ਼ ਕੁਮਾਰ ਅਤੇ ਪ੍ਰੀਤਪਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀ. ਬੀ. ਆਈ. ਨੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਖਿਲਾਫ ਰਿਸ਼ਵਤ ਮੰਗਣ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਗਿਆ ਸੀ।
ਰਿਸ਼ਵਤ ਦੀ ਕਥਿਤ ਅਦਾਇਗੀ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਸੀ ਕਿ ਅੰਬਾਲਾ ਛਾਉਣੀ ਦੇ ਜ਼ਿਆਦਾਤਰ ਟੈਂਡਰ/ਆਰਡਰ ਉਕਤ ਨਿੱਜੀ ਠੇਕੇਦਾਰਾਂ ਨੂੰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਸੀ. ਬੀ. ਆਈ. ਨੇ ਜਾਲ ਵਿਛਾਇਆ ਅਤੇ 22.48 ਲੱਖ ਰੁਪਏ ਦੀ ਰਿਸ਼ਵਤ ਦੇ ਲੈਣ-ਦੇਣ ਦੌਰਾਨ ਚਾਰਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਬਿਆਨ ’ਚ ਕਿਹਾ ਗਿਆ ਹੈ ਕਿ ਏਜੰਸੀ ਨੇ ਤਲਾਸ਼ੀ ਦੌਰਾਨ ਲੈਫਟੀਨੈਂਟ ਕਰਨਲ ਦੇ ਟਿਕਾਣੇ ਤੋਂ 32.50 ਲੱਖ ਰੁਪਏ ਅਤੇ ਇਤਰਾਜਯੋਗ ਦਸਤਾਵੇਜ਼ ਬਰਾਮਦ ਕੀਤੇ ਅਤੇ ਠੇਕੇਦਾਰਾਂ ਕੋਲੋਂ 16 ਲੱਖ ਰੁਪਏ ਬਰਾਮਦ ਕੀਤੇ ਹਨ। 24 ਘੰਟੇ ਬਾਅਦ ਵੀ ਅੰਬਾਲਾ ਦੇ ਐੱਮ. ਈ. ਐੱਸ. ਦਫਤਰ ’ਚ ਛਾਪੇਮਾਰੀ ਜਾਰੀ ਸੀ। ਉੱਥੇ ਹੀ ਇਸ ਮਾਮਲੇ ’ਚ ਐੱਮ. ਈ. ਐੱਸ. ਦੇ ਕਮਾਂਡਰ ਵਰਕਰਜ਼ ਇੰਜੀਨੀਅਰ ਅਹੁਦੇ ’ਤੇ ਤਾਇਨਾਤ ਕਰਨਲ ਆਪਣੀ ਰਿਹਾਇਸ਼ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਇਸ ਤੋਂ ਇਲਾਵਾ ਲੈ. ਕਰਨਲ ਰਾਹੁਲ ਪੰਵਾਰ ਦੇ ਲਖਨਊ ਅਤੇ ਪੁਣੇ ਅਤੇ ਸੂਬੇਦਾਰ ਮੇਜਰ ਪ੍ਰਦੀਪ ਦੇ ਲਖਨਊ ਸਥਿਤ ਫਲੈਟਾਂ ’ਚ ਵੀ ਖਬਰ ਲਿਖੇ ਜਾਣ ਤਕ ਸੀ. ਬੀ. ਆਈ. ਦੀ ਛਾਪੇਮਾਰੀ ਜਾਰੀ ਸੀ।
ਪਾਕਿਸਤਾਨ ’ਚ ਸਿੱਖ ਕੁੜੀ ਦੇ ਅਗਵਾ ਦਾ ਮਾਮਲਾ; ਸਿੱਖ ਵਫ਼ਦ ਵੱਲੋਂ ਵਿਦੇਸ਼ ਮੰਤਰਾਲਾ ਨਾਲ ਮੁਲਾਕਾਤ
NEXT STORY